ਬਠਿੰਡਾ, 14 ਮਈ 2019 - ਬਠਿੰਡਾ 'ਚ ਮੰਗਲਵਾਰ ਨੂੰ ਕਾਂਗਰਸ ਨੇ ਵਿਸ਼ਾਲ ਰੈਲੀ ਕੀਤੀ, ਜਿਸ 'ਚ ਪ੍ਰਿਯੰਕਾ ਗਾਂਧੀ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਤੇ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਥੇ ਹੀ ਕਈ ਚਿਰਾਂ ਤੋਂ ਗਾਇਬ ਰਹੇ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਲਈ ਵੋਟ ਮੰਗਦੇ ਤੇ ਵਿਰੋਧੀਆਂ ਨੂੰ ਗੱਲੀਂ ਬਾਤੀਂ ਭਾਜੜਾਂ ਪਾਉਂਦੇ ਨਜ਼ਰ ਆਏ।
ਸਿੱਧੂ ਬਾਦਲਾਂ 'ਤੇ ਰੱਜ ਕੇ ਵਰ੍ਹੇ। ਸਿੱਧੂ ਨੇ ਕਿਹਾ ਕਿ ਉਹ ਪ੍ਰਿਯੰਕਾ ਗਾਂਧੀ ਦੇ ਕਹਿਣ 'ਤੇ ਮੁੜ 17 ਮਈ ਨੂੰ ਬਠਿੰਡਾ 'ਚ ਆਉਣਗੇ ਤੇ ਬਾਦਲਾਂ ਨੂੰ ਨਾਕ ਆਊਟ ਪੰਚ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਰਾਜਾ ਵੜਿੰਗ ਕਹੇ ਤਾਂ ਉਹ 17 ਤਰੀਕ ਨੂੰ 10 ਰੈਲੀਆਂ ਕਰਨ ਨੂੰ ਵੀ ਤਿਆਰ ਹਨ। ਸਿੱਧੂ ਨੇ ਆਪਣੇ ਸਟਾਈਲ 'ਚ ਬੋਲਦਿਆਂ ਕਿਹਾ ਕਿ "ਸਿੱਧੂ 17 ਮਈ ਨੂੰ ਆ ਰਿਹੈ, ਭੱਜ ਬਾਦਲਾ ਭੱਜ।"
ਸਿੱਧੂ ਨੇ ਪ੍ਰਿਅੰਕਾ ਗਾਂਧੀ ਦੀ ਰੈਲੀ ਦੌਰਾਨ ਕਾਫੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਸਿੱਧੂ ਪੰਜਾਬ ਦੇ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਅੱਤਵਾਦ, ਨਸ਼ਿਆਂ ਅਤੇ ਹੁਣ ਬ੍ਰੇਨ ਡ੍ਰੇਨ ਰਾਹੀਂ ਕਥਿਤ ਤੌਰ' ਤੇ ਤਬਾਹ ਕਰਨ ਲਈ ਬਾਦਲਾਂ 'ਤੇ ਵਰ੍ਹਦੇ ਨਜ਼ਰ ਆਏ। ਸਿੱਧੂ ਨੇ ਕਿਹਾ ਕਿ ਜੇਕਰ ਉਹ ਆਪਣੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਵਾ ਸਕੇ ਤਾਂ ਉਹ ਰਾਜਨੀਤੀ ਛੱਡ ਦੇਣਗੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਸਿੱਧੂ ਬੀਤੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਖੰਨਾ ਦੌਰੇ ਮੌਕੇ ਚੋਣ ਰੈਲੀ 'ਚ ਗੈਰਹਾਜ਼ਰ ਰਹੇ ਸਨ।