ਚੰਡੀਗੜ੍ਹ, 12 ਮਈ 2019: ਚੋਣ ਰੈਲੀਆਂ 'ਚ ਵਿਘਣ ਪਾਉਣ ਲਈ ਹਰਸਿਮਰਤ ਕੌਰ ਬਾਦਲ ਵੱਲੋਂ ਕਾਂਗਰਸ ਸਰਕਾਰ 'ਤੇ ਲਾਏ ਗਏ ਦੋਸ਼ਾਂ ਦੀ ਖਿੱਲੀ ਉਡਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕਾਂ ਦਾ ਗੁੱਸਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਸਾਸ਼ਨ ਦੌਰਾਨ ਉਨ੍ਹਾਂ ਨੂੰ ਪੇਸ਼ ਆਈ ਮੁਸੀਬਤਾਂ ਦੇ ਕਾਰਨ ਬਾਹਰ ਨਿਕਲ ਰਿਹਾ ਹੈ |
ਸਮੁੱਚੇ ਸੂਬੇ ਦੀ ਬਜਾਏ ਕੁਝ ਪਿੰਡਾਂ ਵਿਚ ਅਕਾਲੀਆਂ ਨੂੰ ਵਿਰੋਧ ਦਾ ਸਾਹਮਣਾ ਕਰਨ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲ ਲੋਕਾਂ ਨੂੰ ਬਾਦਲਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਹੁਣ ਉਹ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਨ੍ਹਾਂ ਦਾ ਗੁੱਸਾ ਬਾਹਰ ਆ ਰਿਹਾ ਹੈ | ਅਸਲ ਵਿਚ ਹਰਸਿਮਰਤ ਨੂੰ ਉਸ ਦੇ ਹਲਕੇ ਦੇ ਇੱਕ ਪਿੰਡ ਵਿਚ ਦਾਖਲ ਹੋਣ ਤੋਂ ਰੋਕਿਆ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਬਾਦਲਾਂ ਦੇ ਕਰਮ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਇੱਕ ਦਹਾਕੇ ਦੇ ਕੁਸ਼ਾਸਨ ਦੌਰਾਨ ਪੰਜਾਬ ਦੇ ਲੋਕਾਂ ਨੇ ਲਹੂ ਦੇ ਅੱਥਰੂ ਗੇਰੇ ਹਨ |
ਹਰਸਿਮਰਤ ਦੀ ਚੋਣ ਮੁਹਿੰਮ ਨੂੰ ਸਾਬੋਤਾਜ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਉਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਬੇਅਦਬੀ ਦੇ ਮਾਮਲਿਆਂ 'ਤੇ ਲੋਕਾਂ ਦਾ ਧਰੂਵੀਕਰਨ ਕਰਨ ਦੀ ਕੋਸ਼ਿਸ਼ ਸਣੇ ਆਪਣੇ ਕੁਸ਼ਾਸਨ ਦੇ ਕਾਰਨ ਆਪਣੀਆਂ ਸੰਭਾਵਨਾਵਾਂ ਨੂੰ ਖੁਦ ਹੀ ਸਾਬੋਤਾਜ ਕਰ ਲਿਆ ਹੈ | ਖੁਦ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਸੀ ਪਰ ਉਨ੍ਹਾਂ ਚੋਣਾਂ ਵਿਚ ਲੋਕਾਂ ਦੇ ਗੁੱਸੇ ਕਾਰਨ ਅਕਾਲੀਆਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ | ਇਹ ਲੋਕ ਇੱਕ ਦਹਾਕੇ ਦੌਰਾਨ ਉਠਾਈਆਂ ਗਈਆਂ ਮੁਸੀਬਤਾਂ ਨੂੰ ਅਜੇ ਤੱਕ ਨਹੀਂ ਭੁੱਲੇ ਜਿਸ ਕਰਕੇ ਉਹ ਬਾਦਲਾਂ ਨੂੰ ਮੁਆਫ ਨਹੀਂ ਕਰਨਾ ਚਾਹੁੰਦੇ |
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਕੈਬਨਿਟ ਵਿਚ ਇੱਕ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਪੰਜਾਬ ਦੇ ਲੋਕਾਂ ਦੇ ਕਿਸੇ ਵੀ ਵਰਗ ਲਈ ਕੁਝ ਵੀ ਕਰਨ ਤੋਂ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਨੂੰ ਬਠਿੰਡਾ ਦੇ ਲੋਕ ਦੇਖ ਰਹੇ ਹਨ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਸਗੋਂ ਉਨ੍ਹਾਂ ਲੋਕਾਂ ਤੋਂ ਹੀ ਵੋਟਾਂ ਮੰਗ ਰਹੀ ਹੈ ਜਿਨ੍ਹਾਂ ਨੂੰ ਇਸ ਦੇ ਪਰਿਵਾਰ ਨੇ ਹੀ ਤਬਾਹ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਰੋਧ ਕੁਦਰਤੀ ਹੈ ਅਤੇ ਉਹ ਝੂਠੇ ਭੰਡੀ ਪ੍ਰਚਾਰ ਅਤੇ ਝੂਠੀਆਂ ਗੱਲਾਂ ਨੂੰ ਨਹੀਂ ਸੁਨਣਾ ਚਾਹੁੰਦੇ | ਕਿਸਾਨ ਯੂਨੀਅਨ, ਬਰਗਾੜੀ ਮੋਰਚਾ ਅਤੇ ਹੋਰਾਂ ਨੇ ਵਿਰੋਧ ਕਰਕੇ ਹਰਸਿਮਰਤ ਨੂੰ ਇੱਕ ਪਿੰਡ ਵਿਚ ਦਾਖਲ ਹੋਣ ਤੋਂ ਰੋਕਿਆ ਤਾਂ ਜੋ ਉਹ ਚੋਣ ਰੈਲੀ ਨੂੰ ਸੰਬੋਧਨ ਨਾ ਕਰ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦਾ ਸਪਸ਼ਟ ਗੁੱਸਾ ਹੈ ਜਿਸ ਨੂੰ ਹਰਸਿਮਰਤ ਪ੍ਰਵਾਨ ਕਰਨ ਲਈ ਰਾਜੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਉਹ ਸੱਚਮੁੱਚ ਚਾਹੁੰਦੀ ਹੈ ਕਿ ਲੋਕ ਬਾਹਾਂ ਅੱਡ ਕੇ ਉਸ ਦਾ ਸਵਾਗਤ ਕਰਨ ਤਾਂ ਇਹ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ ਕਿਉਂਕਿ ਬਾਦਲਾਂ ਨੇ ਲੋਕਾਂ ਦਾ ਕੁਝ ਵੀ ਨਹੀਂ ਕੀਤਾ | ਬਰਗਾੜੀ ਅਤੇ ਕਿਸਾਨ ਖੁਦਕੁਸ਼ੀਆਂ ਗੰਭੀਰ ਮੁੱਦੇ ਹਨ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲ ਸਕਦੇ |
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਗੁੱਸਾ ਜਾਇਜ਼ ਹੈ | ਉਹ ਇਹ ਮੰਨਦੇ ਹਨ ਕਿ ਮੋਦੀ ਸਰਕਾਰ ਵਿਚ ਇੱਕ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਅਤੇ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਹੋਣ ਦੇ ਬਾਵਜੂਦ ਹਰਸਿਮਰਤ ਇਨ੍ਹਾਂ ਸਾਲਾਂ ਦੌਰਾਨ ਕਿਸਾਨ ਭਾਈਚਾਰੇ ਲਈ ਕੁਝ ਵੀ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੀ ਕਾਰਗਰ ਹੈ ਜਿਸ ਨੂੰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਤਾਲੇ ਵਿਚ ਬੰਦ ਕਰਕੇ ਰੱਖ ਦਿੱਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦੇ ਬਾਵਜੂਦ ਬਾਦਲ ਕਿਸਾਨੀ ਮੁੱਦਿਆਂ ਉੱਤੇ ਸ਼ਰਮਨਾਕ ਢੰਗ ਨਾਲ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ ਪਰ ਉਨ੍ਹਾਂ ਨੇ ਇਸ ਦੇ ਵਾਸਤੇ ਸਰਕਾਰ 'ਤੇ ਦਬਾਅ ਪਾਉਣ ਲਈ ਕੁਝ ਵੀ ਨਹੀਂ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਖੁਦ ਉਨ੍ਹਾਂ ਦੀ ਸਰਕਾਰ ਨੇ ਭਾਰੀ ਵਿੱਤੀ ਔਕੜਾਂ ਦੇ ਬਾਵਜੂਦ ਖੇਤੀ ਕਰਜ਼ਾ ਮੁਆਫੀ ਸਕੀਮ ਸ਼ੁਰੂ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਗਏ ਕੁਕਰਮ ਹੀ ਹੁਣ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ |
ਹਰਸਿਮਰਤ ਕੌਰ ਦੇ ਧਰਨੇ ਨੂੰ ਇੱਕ ਨੌਟੰਕੀ ਦਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2017 ਵਿਚ ਵੀ ਉਨ੍ਹਾਂ ਦੇ ਇਸ ਤਰ੍ਹਾਂ ਦੇ ਦਾਅ-ਪੇਚ ਅਸਫਲ ਹੋ ਗਏ ਸਨ ਅਤੇ ਹੁਣ ਵੀ ਬਾਦਲਾਂ ਨੂੰ ਚੋਣਾਂ ਜਿੱਤਣ ਲਈ ਇਸ ਤਰ੍ਹਾਂ ਦੇ ਨਾਟਕ ਸਹਾਈ ਨਹੀਂ ਹੋਣਗੇ |
ਮੁੱਖ ਮੰਤਰੀ ਨੇ ਕਿਹਾ ਕਿ ਰੈਲੀਆਂ ਵਿਚ ਅੜੀਕਾ ਡਾਹੁਣ ਨਾਲ ਜਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਸੌੜੇ ਦਾਅ-ਪੇਚ ਵਰਤਣ ਦੀ ਕਾਂਗਰਸ ਪਾਰਟੀ ਜਾਂ ਉਨ੍ਹਾਂ ਦੀ ਸਰਕਾਰ ਨੂੰ ਕੋਈ ਜ਼ਰੂਰਤ ਨਹੀਂ ਹੈ | ਅਜਿਹਾ ਕੇਵਲ ਬਾਦਲ ਹੀ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਜਮਹੂਰੀ ਸੰਸਥਾਵਾਂ ਜਾਂ ਪੰਜਾਬ ਦੇ ਲੋਕਾਂ ਦਾ ਰੱਤੀ ਭਰ ਵੀ ਸਤਿਕਾਰ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਨੀਚ ਗੱਲਾਂ ਵਿਚ ਲਿਪਤ ਹੋ ਰਹੇ ਹਨ |
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਕਾਰਗੁਜ਼ਾਰੀ ਦੇ ਸਿਰ ਉੱਤੇ ਜਿੱਤੀਆਂ ਜਾਂਦੀਆਂ ਹਨ ਜੋ ਉਨ੍ਹਾਂ ਦੀ ਸਰਕਾਰ ਅਤੇ ਕਾਂਗਰਸ ਨੇ ਪਹਿਲਾਂ ਹੀ ਦਿਖਾ ਦਿੱਤੀ ਹੈ | ਉਨ੍ਹਾਂ ਨੇ ਹਰਸਿਮਰਤ ਅਤੇ ਬਾਦਲਾਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਬੋਰੀ ਬਿਸਤਰਾ ਲਪੇਟਣਾ ਸ਼ੁਰੂ ਕਰ ਦੇਣ ਕਿਉਂਕਿ ਉਨ੍ਹਾਂ ਦੇ ਕੁਕਰਮਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਛੇਤੀ ਹੀ ਉਨ੍ਹਾਂ ਦੇ ਛੁਪਣ ਦੀ ਕੋਈ ਵੀ ਥਾਂ ਨਹੀਂ ਰਹੇਗੀ |