ਲੰਬੀ 10 ਮਈ 2019: ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਆਖਰੀ ਹਫਤੇ ਦੌਰਾਨ ਅੱਜ ਹਮਲਾਵਰ ਰੁਖ ਅਪਣਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱæਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕਾਂਗਰਸੀ ਗੁੰਡਿਆਂ ਵੱਲੋਂ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕੀਤੇ ਕਤਲੇਆਮ ਦੇ ਗੰਭੀਰ ਮੁੱਦੇ ਉੱਤੇ ਆਪਣੀ ਪਾਰਟੀ ਅਤੇ ਆਪਣੇ ਭਾਈਚਾਰੇ ਦੋਹਾਂ ਵਿਚੋਂ ਇੱਕ ਨੂੰ ਚੁਣਨ ਦੀ ਹਿੰਮਤ ਵਿਖਾਏ। ਉਹਨਾਂ ਕਿਹਾ ਕਿ ਸਿੱਖਾਂ ਲਈ ਜ਼ਿੰਦਗੀ ਅਤੇ ਮੌਤ ਦੇ ਇਸ ਸੁਆਲ ਉੱਤੇ ਤੁਹਾਡੇ ਵੱਲੋਂ ਆਪਣੇ ਭਾਈਚਾਰੇ ਦੇ ਖ਼ਿਲਾਫ ਖੜ੍ਹਣਾ ਬਹੁਤ ਹੀ ਸ਼ਰਮਨਾਕ ਹੈ। ਤੁਸੀਂ ਇਸ ਮਸਲੇ ਉੱਤੇ ਦੋਵੇਂ ਧਿਰਾਂ ਨਾਲ ਹੋਣ ਦਾ ਢਕਵੰਜ ਕਰਦੇ ਹੋ। ਇਸ ਤਰ੍ਹਾਂ ਕੰਮ ਨਹੀਂ ਚੱਲੇਗਾ। ਉਹਨਾਂ ਨੇ ਅਮਰਿੰਦਰ ਦੀ ਰਾਜੀਵ ਗਾਂਧੀ ਦਾ ਬਚਾਅ ਕਰਨ ਵਾਸਤੇ ਨਮੋਸ਼ੀਜਨਕ ਕੋਸ਼ਿਸ਼ਾਂ ਕਰਨ ਲਈ ਸਖ਼ਤ ਨਿਖੇਧੀ ਕੀਤੀ।
ਕਾਂਗਰਸ ਪਾਰਟੀ ਅਤੇ ਰਾਜੀਵ ਗਾਂਧੀ ਦਾ ਬਚਾਅ ਕਰਨ ਲਈ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿਰਫ ਹਰ ਸਿੱਖ ਹੀ ਨਹੀਂ, ਸਗੋਂ ਪੂਰੀ ਦੁਨੀਆਂ ਇਹ ਜਾਣਦੀ ਹੈ ਅਤੇ ਵਿਸ਼ਵਾਸ਼ ਕਰਦੀ ਹੈ ਕਿ ਰਾਜੀਵ ਗਾਂਧੀ ਨੇ ਨਾ ਸਿਰਫ 1984 ਵਿਚ ਸਿੱਖਾਂ ਦੇ ਕਤਲੇਆਮ ਦਾ ਹੁਕਮ ਦਿੱਤਾ ਸੀ, ਸਗੋਂ ਇਹ ਸ਼ਰਮਨਾਕ ਟਿੱਪਣੀ ਕਰਕੇ ਇਸ ਘਿਨੌਣੇ ਕਾਰੇ ਨੂੰ ਸਹੀ ਵੀ ਠਹਿਰਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ। ਉਹਨਾਂ ਕਿਹਾ ਕਿ ਤੁਸੀਂ ਦਾਅਵਾ ਕਰਦੇ ਹੋ ਕਿ ਰਾਜੀਵ ਅਤੇ ਕਾਂਗਰਸ ਨਿਰਦੋਸ਼ ਹਨ। ਕੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉਹ ਲੱਖਾਂ ਸਿੱਖ ਜਿਹੜੇ ਰਾਜੀਵ ਗਾਂਧੀ ਨੂੰ ਦੋਸ਼ੀ ਮੰਨਦੇ ਹਨ, ਉਹ ਜਾਂ ਬੇਵਕੂਫ ਹਨ ਜਾਂ ਝੂਠੇ ਹਨ? ਇਸ ਵੱਡੇ ਦੁਖਾਂਤ ਦੇ ਮੁੱਦੇ ਉੱਤੇ ਕੀ ਤੁਸੀਂ ਸਿੱਖਾਂ ਦੇ ਨਾਲ ਹੋ ਜਾਂ ਉਹਨਾਂ ਦੇ ਖ਼ਿਲਾਫ ਹੋ? ਸਪੱਸ਼ਟ ਕਰੋ ਕਿ ਤੁਸੀਂ ਕਿਸ ਵੱਲ ਹੋ, ਕਾਤਿਲਾਂ ਵੱਲ ਜਾਂ ਪੀੜਤਾਂ ਵੱਲ?
ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਇੱਕ ਪਾਸੇ ਅਮਰਿੰਦਰ ਕਬੂਲ ਕਰ ਰਿਹਾ ਹੈ ਕਿ ਰਾਜੀਵ ਗਾਂਧੀ ਦੇ ਸਾਰੇ ਨੇੜਲੇ ਵਿਅਕਤੀ ਸਿੱਧੇ ਤੌਰ ਤੇ ਸਿੱਖ-ਵਿਰੋਧੀ ਕਤਲੇਆਮ ਵਿਚ ਸ਼ਾਮਿਲ ਸਨ ਅਤੇ ਦੂਜੇ ਪਾਸੇ ਉਹ ਨਾ ਸਿਰਫ ਰਾਜੀਵ ਨੂੰ ਕਲੀਨ ਚਿਟ ਦਿੰਦਾ ਹੈ, ਸਗੋਂ ਕਾਂਗਰਸ ਪਾਰਟੀ ਨੂੰ ਵੀ ਦੋਸ਼-ਮੁਕਤ ਕਰਦਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਸੱਜਣ ਕੁਮਾਰ, ਐਚਕੇਐਲ ਭਗਤ, ਧਰਮ ਦਾਸ ਸਾਸ਼ਤਰੀ, ਲਲਿਤ ਮਾਕੇਨ ਅਤੇ ਅਰਜੁਨ ਦਾਸ ਦਾ ਨਾਂ ਲਿਆ ਹੈ, ਜੋ ਕਿ ਸਾਰੇ ਨਾ ਸਿਰਫ ਰਾਜੀਵ ਦੇ ਵਫਾਦਾਰ ਸਨ, ਸਗੋਂ ਜਿਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਮਗਰੋਂ ਰਾਜੀਵ ਗਾਂਧੀ ਨੇ ਵੱਡੇ ਅਹੁਦੇ ਵੀ ਦਿੱਤੇ ਸਨ। ਉਹਨਾਂ ਕਿਹਾ ਕਿ ਹੁਣ ਸੈਮ ਪਿਤਰੋਦਾ, ਜਿਸ ਦੇ ਬਿਆਨ ਨੂੰ ਕੈਪਟਨ ਨੇ ਅਫਸੋਸਨਾਕ ਕਰਾਰ ਦਿੱਤਾ ਹੈ,ਵੀ ਰਾਹੁਲ ਗਾਂਧੀ ਦਾ ਮੁੱਖ ਸਿਆਸੀ ਸਲਾਹਕਾਰ ਹੈ। ਇਹਨਾਂ ਚੋਟੀ ਦੇ ਆਗੂਆਂ ਤੋਂ ਇਲਾਵਾ ਹੋਰ ਕਾਂਗਰਸ ਪਾਰਟੀ ਵਿਚ ਹੋਰ ਕਿਸ ਦਾ ਵਜੂਦ ਹੈ।
ਅਕਾਲੀ ਦਲ ਪ੍ਰਧਾਨ ਨੇ ਅਮਰਿੰਦਰ ਉੱਤੇ ਸਿੱਧੇ ਕਈ ਸੁਆਲ ਦਾਗੇ। ਉਹਨਾਂ ਕਿਹਾ ਕਿ ਕੀ ਤੁਹਾਡੇ ਵੱਲੋਂ ਦੋਸ਼ੀ ਦੱਸੇ ਗਏ ਕਿਸੇ ਵੀ ਆਗੂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ? ਕੀ ਉਹਨਾਂ ਨੂੰ ਪਾਰਟੀ ਟਿਕਟਾਂ ਅਤੇ ਕੇਂਦਰ ਸਰਕਾਰ ਵਿਚ ਵਜ਼ੀਰੀਆਂ ਨਾਲ ਨਹੀਂ ਨਿਵਾਜਿਆ ਗਿਆ? ਕੀ ਤੁਸੀਂ ਨਿੱਜੀ ਤੌਰ ਤੇ ਉਹਨਾਂ ਨਾਲ ਬੈਠਣ ਜਾਂ ਵਿਚਰਨ ਤੋਂ ਕਦੇ ਇਨਕਾਰ ਕੀਤਾ ਹੈ? ਜਾਂ ਹੁਣ ਵੀ ਕੀ ਤੁਸੀਂ ਗੱਲ ਉੱਤੇ ਦਬਾਅ ਪਾਓਗੇ ਕਿ ਜਾਂ ਤਾਂ ਪਿਤਰੋਦਾ ਕਾਂਗਰਸ ਵਿਚ ਰਹੇਗਾ ਜਾਂ ਅਮਰਿੰਦਰ? ਤੁਸੀਂ ਅਜਿਹਾ ਕੁੱਝ ਵੀ ਨਹੀਂ ਕਰੋਗੇ।
ਸਰਦਾਰ ਬਾਦਲ ਨੇ ਅਮਰਿੰਦਰ ਨੂੰ ਕਿਹਾ ਕਿ ਉਹ ਕਤਲੇਆਮ ਤੋਂ ਪੀੜਤ ਆਪਣੇ ਭਾਈਚਾਰੇ ਅਤੇ ਕਤਲੇਆਮ ਕਰਵਾਉਣ ਵਾਲੀ ਆਪਣੀ ਪਾਰਟੀ ਦੋਹਾਂ ਵਿਚੋਂ ਕਿਸੇ ਇੱਕ ਨੂੰ ਚੁਣ ਲਵੇ। ਉਹਨਾਂ ਕਿਹਾ ਕਿ ਮੈਂ ਜਾਣਦਾ ਕਿ ਤੁਸੀਂ ਅਜਿਹਾ ਕਦੇ ਵੀ ਨਹੀਂ ਕਰੋਗੇ। ਤੁਸੀਂ ਆਪਣੇ ਭਾਈਚਾਰੇ ਨਾਲ ਹਮਦਰਦੀ ਜਤਾਉਣ ਲਈ ਕੁੱਝ ਝੂਠੇ ਰਸਮੀ ਸ਼ਬਦ ਬੋਲੋਗੇ। ਪਰ ਜੇਕਰ ਤੁਸੀਂ ਆਪਣੇ ਭਾਈਚਾਰੇ ਦਾ ਕਤਲੇਆਮ ਕਰਨ ਵਾਲੀ ਪਾਰਟੀ ਵਿਰੁੱਧ ਸਟੈਂਡ ਲੈਣ ਦੀ ਦਲੇਰੀ ਅਤੇ ਇਮਾਨਦਾਰੀ ਨਹੀਂ ਵਿਖਾ ਸਕਦੇ ਤਾਂ ਸਿੱਖਾਂ ਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ ਹੈ।
ਲੋਕ ਸਭਾਂ ਚੋਣਾਂ ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਮੁੱਖ ਚੋਣ ਮੁੱਦੇ ਵਜੋਂ ਪੇਸ਼ ਕਰੇ।ਚੋਣਾਂ ਵਿਚ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਦੇ ਦੋ ਸਾਲਾਂ ਨੂੰ ਕੇਂਦਰੀ ਚੋਣ ਮੁੱਦਾ ਬਣਾਉਣ ਦੀ ਚੁਣੌਤੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਪੰਜਾਬ ਅੰਦਰ ਪ੍ਰਸਾਸ਼ਨ, ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਤੋਂ ਭੱਜ ਰਹੇ ਹੋ। ਇਹੀ ਉਹ ਚੀਜ਼ਾਂ ਹਨ, ਜਿਹੜੀਆਂ ਤੁਹਾਡੇ ਕੰਟਰਲ ਥੱਲੇ ਹਨ ਅਤੇ ਤੁਹਾਡੀ ਜ਼ਿੰਮੇਵਾਰੀ ਹਨ। ਤੁਸੀਂ ਆਪਣੀ ਮਾੜੀ ਕਾਰਗੁਜ਼ਾਰੀ ਲਈ ਲੋਕਾਂ ਦਾ ਸਾਹਮਣਾ ਕਰਨ ਤੋਂ ਡਰਦੇ ਇੱਧਰੀਆਂ-ਉੱਧਰਲੀਆਂ ਮਾਰ ਰਹੇ ਹੋ।
ਲੰਬੀ ਹਲਕੇ ਵਿਚ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹਰ ਮੁੱਖ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਉੱੇਤੇ ਲੋਕਾਂ ਦਾ ਫ਼ਤਵਾ ਮੰਗ ਕੇ ਮਾਣ ਮਹਿਸੂਸ ਕਰਦਾ ਹੁੰਦਾ ਹੈ। ਉਹਨਾਂ ਕਿਹਾ ਕਿ ਤੁਸੀਂ ਇਕੱਲੇ ਅਜਿਹੇ ਮੁੱਖ ਮੰਤਰੀ ਹੋ, ਜਿਸ ਨੂੰ ਆਪਣੀ ਕਾਰਗੁਜ਼ਾਰੀ ਕਰਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਲੱਗ ਰਿਹਾ ਹੈ।
ਅੱਜ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਘਰ ਮੰਨੇ ਜਾਂਦੇ ਲੰਬੀ ਹਲਕੇ ਵਿਚ ਅਕਾਲੀ ਦਲ ਪ੍ਰਧਾਨ ਨੇ 20 ਜਨਤਕ ਰੈਲੀਆਂ ਨੂੰ ਸੰਬੋਧਨ ਕੀਤਾ।