ਲੋਕੇਸ਼ ਰਿਸ਼ੀ
ਗੁਰਦਾਸਪੁਰ, 10 ਮਈ 2019: ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪੁੱਛਿਆ ਹੈ ਕਿ ਉਹ ਆਪਣੇ ਪਿਛਲੇ 5 ਸਾਲ ਦੇ ਸਭ ਤੋਂ ਵੱਧ ਪ੍ਰਚਾਰੇ ਮੁੱਦਿਆਂ ਸਬੰਧੀ ਆਪਣੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਰੱਖਣ।
ਜਾਖੜ ਨੇ ਨੰਨੋ ਨੰਗਲ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਸਵਾਲ ਕੀਤਾ ਕਿ ਮੋਦੀ ਸਰਕਾਰ ਵੱਲੋਂ ਕੀਤੀ ਨੋਟ ਬੰਦੀ ਦਾ ਦੇਸ਼ ਦੇ ਲੋਕਾਂ ਨੂੰ ਕੀ ਫ਼ਾਇਦਾ ਹੋਇਆ ਇਸ ਬਾਰੇ ਲੋਕਾਂ ਨੂੰ ਜਵਾਬ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਜੋ ਉਮੀਦਵਾਰ ਇੱਥੇ ਭੇਜਿਆ ਹੈ ਉਸ ਕੋਲ ਤਾਂ ਇਨ੍ਹਾਂ ਸਵਾਲਾਂ ਦਾ ਜਵਾਬ ਹੈ ਨਹੀਂ ਤਾਂ ਹੀ ਉਹ ਪ੍ਰਧਾਨ ਮੰਤਰੀ ਤੋਂ ਇਹ ਸਵਾਲ ਪੁੱਛ ਰਹੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਦੇਸ਼ ਦੇ ਨੌਜਵਾਨਾਂ ਨਾਲ 10 ਕਰੋੜ ਨੌਕਰੀਆਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਭਾਜਪਾ ਨੇ ਕੀ ਕੀਤਾ ਅਤੇ ਜੀਐਸਟੀ ਨਾਲ ਤਬਾਹ ਹੋਏ ਵਪਾਰ ਲਈ ਕੋਣ ਜ਼ਿੰਮੇਵਾਰ ਹੈ।
ਜਾਖੜ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਵੋਟ ਦਾ ਹੱਕ ਬਹੁਤ ਔਖਾ ਮਿਲਿਆ ਹੈ। ਇਸ ਲਈ ਸਭ ਨੂੰ ਸੋਚ ਸਮਝ ਕੇ ਆਪਣਾ ਹੱਕ ਵਰਤਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਲੜਾਈ ਭਾਜਪਾ ਦੀ ਉਸ ਸੋਚ ਨਾਲ ਹੈ ਜੋ ਪੰਜਾਬ, ਗ਼ਰੀਬ ਅਤੇ ਕਿਸਾਨ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨ ਰੋਲ ਕੇ ਰੱਖ ਕੇ ਦਿੱਤੇ ਹਨ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਝੂਠੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲ ਵਿਚ 60000 ਕਿਸਾਨ ਆਤਮਹੱਤਿਆ ਵਾਂ ਹੋਈਆਂ ਹਨ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨੀ ਲਈ ਕੁਝ ਨਹੀਂ ਕੀਤਾ ਜਦ ਕਿ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਰਾਜ ਦੇ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ ਮਾਫ਼ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕਾ ਗੁਰਦਾਸਪੁਰ ਵਿਚ ਹੀ ਪਨਿਆੜ ਦੀ ਸ਼ੂਗਰ ਮਿੱਲ ਦੀ ਸਮਰੱਥਾ 10 ਹਜ਼ਾਰ ਟਨ ਦੀ ਤੱਕ ਵਧਾਈ ਜਾ ਰਹੀ ਹੈ ਜਦ ਕਿ ਬਟਾਲਾ ਦੀ ਸ਼ੂਗਰ ਮਿੱਲ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਹਲਕੇ ਵਿਚ 3 ਨਵੇਂ ਕਾਲਜ, ਨਵੋਦਿਆ ਵਿਦਿਆਲਿਆ, 2 ਮੈਡੀਕਲ ਕਾਲਜ ਵੀ ਮੰਜੂਰ ਕਰਵਾਏ ਹਨ।
ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ 10.39 ਕਰੋੜ ਰੁਪਏ ਨਾਲ ਦੀਨਾਨਗਰ ਮੀਰ ਥਲ ਰੋਡ ਤੇ ਦੋ ਹਾਈ ਲੈਵਲ ਪੁਲ ਬਣਾਏ ਜਾ ਰਹੇ । ਇਸੇ ਤਰਾਂ ਦੀਨਾਨਗਰ ਤਾਰਾਗੜ੍ਹ ਰੋਡ ਤੇ 4.28 ਕਰੋੜ ਨਾਲ ਬਣਾਏ ਜਾਣ ਵਾਲੇ ਪੁਲ ਦੇ ਟੈਂਡਰ ਹੋ ਚੁੱਕੇ ਹਨ। ਹਲਕਾ ਦੀਨਾ ਨਗਰ ਵਿਚ 3.40 ਕਰੋੜ ਨਾਲ ਇਕ ਵੱਡਾ ਪੁਲ ਫ਼ਰੀਦਾ ਨਗਰ ਵਿਚ ਬਣਾਇਆ ਜਾਣਾ ਹੈ ਜਿਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 39 ਕਰੋੜ ਰੁਪਏ ਦੀ ਲਾਗਤ ਨਾਲ ਦੀਨਾ.ਨਗਰ ਮੀਰ ਥਲ ਸੜਕ ਨੂੰ ਅਪਗ੍ਰੇਡ ਕਰਨ ਦਾ ਕੰਮ ਹੋ ਰਿਹਾ ਹੈ।
ਇਸ ਤੋਂ ਪਹਿਲਾ ਬੋਲਦਿਆਂ ਕੈਬਨਿਟ ਮੰਤਰੀ ਸ੍ਰੀਮਤੀ ਅਰੂਣਾ ਚੌਧਰੀ ਨੇ ਆਖਿਆ ਕਿ ਕਾਂਗਰਸ ਦੀ ਕੇਂਦਰ ਵਿਚ ਸਰਕਾਰ ਬਣਨ ਤੇ ਗ਼ਰੀਬ ਪਰਿਵਾਰਾਂ ਦੀ ਮਹਿਲਾ ਮੁਖੀ ਦੇ ਨਾਂਅ ਤੇ 6000 ਰੁਪਏ ਨਿਆਏ ਸਕੀਮ ਤਹਿਤ ਹਰ ਮਹੀਨੇ ਕੇਂਦਰ ਸਰਕਾਰ ਵੱਲੋਂ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਵੀ ਔਰਤਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਵਿਚ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਕੇਂਦਰ ਵਿਚ ਸਰਕਾਰ ਬਣਨ ਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿਚ ਵੀ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।