ਬਜੁਰਗ ਦਲੀਪ ਸਿੰਘ , ਕਿਸਾਨ ਕਾਰਜ ਸਿੰਘ , ਮਜਦੂਰ ਬਚਨ ਸਿੰਘ , ਅੰਗਹੀਣ ਗੋਰਾ
ਵੋਟ ਕੀਹਨੂੰ ਪਾਈਏ ?ਲੀਡਰਾਂ ਦੇ ਲਾਰਿਆਂ ਤੋਂ ਅੱਕੇ ਲੋਕ ਕਰਨ ਲੱਗੇ ਸਲਾਹ-ਮਸ਼ਵਰੇ
ਜਗਮੀਤ ਸਿੰਘ
ਭਿੱਖੀਵਿੰਡ 5 ਮਈ, 2019: ਕੇਂਦਰ ਵਿਚ ਨਵੀਂ ਸਰਕਾਰ ਬਣਾਉਣ ਲਈ ਹੋ
ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ
ਉਮੀਦਵਾਰ ਖੜ੍ਹੇ ਕਰਕੇ ਚੋਣਾਂ ਜਿੱਤਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਉੱਥੇ ਦੂਜੇ
ਪਾਸੇ ਲੋਕ ਸਭਾ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੇ ਵੋਟਰਾਂ ਵੱਲੋਂ ਪਰ ਤੋਲਣੇ ਸ਼ੁਰੂ
ਕਰ ਦਿੱਤੇ ਗਏ ਹਨ। ਇਹਨਾਂ ਲੀਡਰਾਂ ਦੀ ਚੋਣ ਕਰਨ ਲਈ ਵੋਟਰਾਂ ਵੱਲੋਂ ਸ਼ਹਿਰਾਂ ਦੇ
ਮੁਹੱਲਿਆਂ ਤੇ ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਦਿਨ-ਰਾਤ ਸਲਾਹ ਮਸ਼ਵਰੇ ਇਸ ਕਰਕੇ
ਕੀਤੇ ਜਾ ਰਹੇ ਹਨ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਪਿੰਡਾਂ ਵਿਚ ਆਉਣ ਦੀ ਬਜਾਏ ਦਿੱਲੀ
ਵਿਚ ਹੀ ਡੇਰੇ ਲਾ ਕੇ ਬੈਠ ਜਾਂਦੇ ਹਨ। ਨਵੇਂ ਚੁਣੇ ਜਾਂਦੇ ਲੋਕ ਸਭਾ ਮੈਂਬਰਾਂ ਦੀ ਆਦਤ
ਤੋਂ ਵੋਟਰ ਭਾਰੀ ਪ੍ਰੇਸ਼ਾਨ ਹਨ, ਕਿਉਂਕਿ ਇਹ ਲੀਡਰ ਦੇਸ਼ ਵਿਚ ਵੱਧ ਰਹੀ ਬੇਰੁਜ਼ਗਾਰੀ,
ਭ੍ਰਿਸ਼ਟਾਚਾਰੀ, ਰਿਸ਼ਵਤਖ਼ੋਰੀ, ਮਾਰੂ ਨਸ਼ਿਆਂ ਆਦਿ ਅਲਾਮਤਾਂ ਨੂੰ ਰੋਕਣ ਦੀ ਬਜਾਏ ਮੂਕ
ਦਰਸ਼ਕ ਬਣ ਜਾਂਦੇ ਹਨ। ਲੀਡਰਾਂ ਦੀਆਂ ਇਨ੍ਹਾਂ ਚਾਲਾਂ ਤੋਂ ਖਾ ਵੱਖ-ਵੱਖ ਵੋਟਰਾਂ ਨੇ
ਆਪਣੇ-ਆਪਣੇ ਵਿਚਾਰ ਕੁਝ ਇਵੇਂ ਸਾਂਝੇ ਕੀਤੇ।
ਕੰਡਿਆਲੀ ਤਾਰ ਕਾਰਨ ਕਿਸਾਨ ਮੁਸ਼ਕਲਾਂ ਕਰਦੇ ਨੇ ਸਾਹਮਣਾ : ਬਜ਼ੁਰਗ ਦਲੀਪ ਸਿੰਘ
95 ਸਾਲਾਂ ਬਜ਼ੁਰਗ ਦਲੀਪ ਸਿੰਘ ਪੁੱਤਰ ਸੁੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਪਹਿਲੇ
ਲੀਡਰ ਕੁਝ ਹੋਰ ਸਨ ਤੇ ਅੱਜ ਦੇ ਲੀਡਰ ਕੁਝ ਹੋਰ ਹਨ। ਪਰ ਸਰਹੱਦੀ ਵੱਸਦੇ ਲੋਕਾਂ ਦੀ
ਮੁੱਖ ਮੁਸ਼ਕਿਲ ਬਾਰਡਰ ‘ਤੇ ਲੱਗੀਆਂ ਕੰਡਿਆਲੀ ਤਾਰਾਂ ਦੀ ਹੈ, ਕਿਉਂਕਿ ਤਾਰਾਂ ਲੱਗੀਆਂ
ਹੋਣ ਕਾਰਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਨੂੰ ਬੀਜਣ, ਵੱਢਣ ਆਦਿ ਸਮੇਂ ਅਨੇਕਾਂ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਨੂੰ ਸਰਹੱਦੀ ਕਿਸਾਨਾਂ ਦੀ ਇਸ
ਮੁਸ਼ਕਿਲ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ
ਹੈ।
70 ਸਾਲ ਤੱਕ ਸੜਕਾਂ ਤੇ ਗਲੀਆਂ ਹੀ ਨਹੀਂ ਬਣਾ ਸਕੀਆਂ ਸਰਕਾਰਾਂ : ਕਿਸਾਨ ਕਾਰਜ ਸਿੰਘ
ਕਿਸਾਨ ਕਾਰਜ ਸਿੰਘ ਪੁੱਤਰ ਲੱਖਾ ਸਿੰਘ ਨੇ ਆਖਿਆ ਕਿ ਦੇਸ਼ ਭਾਰਤ ਨੂੰ ਆਜ਼ਾਦ ਹੋਇਆ 70
ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਕੋਲੋਂ ਅਜੇ ਤੱਕ
ਸੜਕਾਂ ਅਤੇ ਪਿੰਡਾਂ-ਕਸਬਿਆਂ ਦੀ ਗਲੀਆਂ-ਨਾਲੀਆਂ ਹੀ ਨਹੀਂ ਬਣ ਸਕੀਆਂ ਤਾਂ ਇਹਨਾਂ
ਸਰਕਾਰਾਂ ਕੋਲੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਵੋਟਾਂ ਸੰਬੰਧੀ ਕਿਸਾਨ ਕਾਰਜ
ਸਿੰਘ ਨੇ ਕਿਹਾ ਕਿ ਇਸ ਵਾਰ ਸੋਚ-ਵਿਚਾਰ ਕੇ ਵੋਟ ਪਾਵਾਂਗੇ।
ਗ਼ਰੀਬੀ ਦੂਰ ਕਰਨ ਤੋਂ ਨਾਕਾਮ ਸਾਬਤ ਹੋਈਆਂ ਸਰਕਾਰਾਂ : ਮਜ਼ਦੂਰ ਬਚਨ ਸਿੰਘ
ਕੁਲਫ਼ੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੇ ਮਜ਼ਦੂਰ ਬਚਨ ਸਿੰਘ ਪੁੱਤਰ ਚੰਨਣ ਸਿੰਘ ਨੇ
ਸਮੇਂ-ਸਮੇਂ ‘ਤੇ ਰਾਜ ਕਰਨ ਵਾਲੀਆਂ ਸਰਕਾਰਾਂ ‘ਤੇ ਗਿਲਾ ਕਰਦਿਆਂ ਕਿਹਾ ਕਿ ਗ਼ਰੀਬ
ਲੋਕਾਂ ਕੋਲ ਖਾਣ ਲਈ ਦੋ ਡੰਗ ਦੀ ਰੋਟੀ ਦਾ ਪੂਰਨ ਤੌਰ ‘ਤੇ ਪ੍ਰਬੰਧ ਨਹੀ,
ਟੁੱਟੇ-ਫੁੱਟੇ ਮਕਾਨਾਂ ਵਿਚ ਰਹਿ ਕੇ ਲੋਕ ਦਿਨ ਕੱਟੀ ਕਰ ਰਹੇ ਹਨ, ਨੌਜਵਾਨਾਂ ਲਈ
ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀ, ਬਜ਼ੁਰਗਾਂ ਤੇ ਅੰਗਹੀਣ ਲੋਕਾਂ ਨੂੰ ਮਾਮੂਲੀ 750 ਰੁਪਏ
ਪੈਨਸ਼ਨ ਦੇ ਕੇ ਰੋਂਦਿਆਂ ਦੇ ਅੱਥਰੂ ਪੂੰਝੇ ਜਾ ਰਹੇ ਹਨ, ਜੋ ਚਿੰਤਾ ਯੋਗ ਮਸਲਾ ਹੈ।
ਲੀਡਰ ਲੈਣ ਨਜ਼ਾਰੇ, ਅੰਗਹੀਣ ਫਿਰਦੇ ਮੁਸੀਬਤਾਂ ਦੇ ਮਾਰੇ : ਅੰਗਹੀਣ ਗੋਰਾ
ਟਰਾਲੀ ਸਾਈਕਲ ‘ਤੇ ਗਲੀਆਂ ਵਿਚ ਘੁੰਮ ਰਹੇ ਅੰਗਹੀਣ ਗੋਰਾ ਪੁੱਤਰ ਅਮਰ ਸਿੰਘ ਨਾਲ ਗੱਲ
ਕਰਨ ‘ਤੇ ਉਸਨੇ ਆਪਣੇ ਦਿਲ ਦੀ ਭੜਾਸ ਕੱਢਦਿਆਂ ਕਿਹਾ ਕਿ ਇਕ ਪਾਸੇ ਰੱਜੇ-ਪੁੱਜੇ ਤੇ
ਸਹੀ-ਸਲਾਮਤ ਲੋਕ ਆਰਾਮ ਨਾਲ ਪੈਨਸ਼ਨ ਲੈ ਰਹੇ ਹਨ, ਉੱਥੇ ਦੂਜੇ ਪਾਸੇ ਸਾਡੇ ਵਰਗੇ ਕੰਮ
ਕਰਨ ਤੋਂ ਅਸਮਰਥ ਅੰਗਹੀਣਾਂ ਨੂੰ ਸਰਕਾਰ ਮਾਮੂਲੀ 25 ਰੁਪਏ ਦਿਹਾੜੀ ਦੇ ਹਿਸਾਬ ਨਾਲ
ਪੈਨਸ਼ਨ ਦੇ ਰਹੀ ਹੈ, ਜਿਸ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਇਕ ਡੰਗ ਦੀ ਰੋਟੀ
ਖਾਣੀ ਵੀ ਔਖੀ ਹੈ। ਉਨ੍ਹਾਂ ਨੇ ਕਿਹਾ ਕਿ ਗ਼ਰੀਬ ਲੋਕ 750 ਰੁਪਏ ਦੀ ਮਾਮੂਲੀ ਪੈਨਸ਼ਨ ਨਾਲ
ਰੋਟੀ ਖਾਵੇ ਜਾਂ ਦਵਾਈ-ਬੂਟੀ ਲਵੇ।