ਜੀ ਐਸ ਪੰਨੂ
ਪਟਿਆਲਾ, 30 ਅਪ੍ਰੈਲ 2019: ਲੋਕ ਸਭਾ ਹਲਕਾ ਪਟਿਆਲਾ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੌਕੇ 4 ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਣ ਹੁਣ 29 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਰਿਟਰਨਿੰਗ ਅਧਿਕਾਰੀ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੁਮਾਰ ਅਮਿਤ ਵੱਲੋਂ ਜਨਰਲ ਅਬਜ਼ਰਵਰ ਸੌਰਬ ਭਗਤ (ਆਈ.ਏ.ਐਸ) ਤੇ ਅਭੇ ਵਰਮਾ ਅਤੇ ਪੁਲਿਸ ਅਬਜ਼ਰਵਰ ਚੰਦਰਾ ਗੁਪਤਾ (ਆਈ.ਪੀ.ਐਸ) ਦੀ ਨਿਗਰਾਨੀ 'ਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ।
ਰਿਟਰਨਿੰਗ ਅਧਿਕਾਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਚਾਰ ਉਮੀਦਵਾਰਾਂ ਦੇ ਕਾਗਜ ਰੱਦ ਹੋਏ ਹਨ ਉਨ੍ਹਾਂ ਦੱਸਿਆ ਕਿ ਪੜਤਾਲ ਬਾਅਦ ਆਪਣਾ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਾਜ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਦੇ ਕਵਰਿੰਗ ਉਮੀਦਵਾਰ ਅਜੇ ਮਿੱਤਲ ਦੇ ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਦੇ ਕਵਰਿੰਗ ਉਮੀਦਵਾਰ ਹਿੰਮਤ ਸਿੰਘ ਕਾਹਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਕਵਰਿੰਗ ਉਮੀਦਵਾਰ ਚਰਨਜੀਤ ਸਿੰਘ ਦੇ ਕਾਗਜ਼ ਰੱਦ ਹੋਏ ਹਨ।
ਰਿਟਰਨਿੰਗ ਅਧਿਕਾਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੜਤਾਲ ਉਪਰੰਤ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ ਉਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਨੀਤ ਕੌਰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ, ਸ਼ਿਵ ਸੈਨਾ ਦੇ ਉਮੀਦਵਾਰ ਅਸ਼ਵਨੀ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਸ਼ਮਾਕਾਂਤ ਪਾਂਡੇ, ਅੰਬੇਡੁਕਰਾਈਟ ਪਾਰਟੀ ਆਫ ਇੰਡੀਆਂ ਦੇ ਉਮੀਦਵਾਰ ਹਰਪਾਲ ਸਿੰਘ, ਰਾਸ਼ਟਰੀ ਜਨ ਸ਼ਕਤੀ ਪਾਰਟੀ (ਸੈਕੁਲਰ) ਦੇ ਉਮੀਦਵਾਰ ਅਜੈਬ ਸਿੰਘ, ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਅਤੇ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਆਜ਼ਾਦ ਉਮੀਦਵਾਰਾਂ 'ਚ ਗੁਰਨਾਮ ਸਿੰਘ,ਜਸਬੀਰ ਸਿੰਘ, ਰਾਜੇਸ਼ ਕੁਮਾਰ, ਹਰਭਜਨ ਸਿੰਘ ਵਿਰਕ, ਪਰਮਿੰਦਰ ਕੁਮਾਰ, ਪਰਵੀਨ ਕੁਮਾਰ, ਸ਼ੰਕਰ ਲਾਲ, ਮਨਜੀਤ ਸਿੰਘ, ਅਮਰਪ੍ਰੀਤ ਸਿੰਘ, ਜਗਮੇਲ ਸਿੰਘ, ਬਲਦੀਪ ਸਿੰਘ, ਬਨਵਾਰੀ ਲਾਲ,ਅਵਤਾਰ ਸਿੰਘ, ਮਲਕੀਤ ਸਿੰਘ, ਮੋਹਨ ਲਾਲ, ਰਿਸ਼ਭ ਸ਼ਰਮਾ, ਰਣਧੀਰ ਸਿੰਘ ਖੰਗੂੜਾ, ਲਾਲ ਚੰਦ ਅਤੇ ਮੱਖਣ ਸਿੰਘ ਦੇ ਨਾਮਜ਼ਦਗੀ ਪੱਤਰ ਵੀ ਸਹੀ ਪਾਏ ਗਏ ਹਨ।
ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ 2 ਮਈ 2019 (ਵੀਰਵਾਰ) ਤੱਕ ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਜਾ ਸਕਦੇ ਹਨ ਅਤੇ ਇਸੇ ਦਿਨ ਸ਼ਾਮ ਤਿੰਨ ਵਜੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਜਦਕਿ ਵੋਟਾਂ 19 ਮਈ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।