ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ
27 ਅਪ੍ਰੈਲ - ਬਠਿੰਡਾ
ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਬਠਿੰਡਾ ਵਿਖੇ ਆਪਣੇ ਮੁੱਖ ਚੋਣ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬ ਜਮਹੂਰੀ ਗੱਠਜੋੜ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਵਲੰਟੀਅਰਾਂ ਨੇ ਸ਼ਮੂਲੀਅਤ ਕੀਤੀ। ਬਠਿੰਡਾ ਸ਼ਹਿਰ ਦੇ ਐਨ ਵਿਚਕਾਰ ਸਥਿਤ ਜਿਲ੍ਹਾ ਪ੍ਰੀਸ਼ਦ ਦੇ ਸਾਹਮਣੇ ਨਵੇਂ ਦਫਤਰ ਦੀ ਇਮਾਰਤ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਖੂਬ ਸਜਾਇਆ ਗਿਆ ਸੀ।
ਪਾਰਟੀ ਦੇ ਜਨਰਲ ਸਕੱਤਰ ਦੀਪਕ ਬਾਂਸਲ ਨੇ ਦੱਸਿਆ ਕਿ ਸੁਖਪਾਲ ਖਹਿਰਾ ਦੀ ਚੋਣ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਹਲਕੇ ਦੇ ਕੇਂਦਰ ਬਠਿੰਡਾ ਸ਼ਹਿਰ ਵਿਚ ਇਹ ਦਫਤਰ ਖੋਲ੍ਹਿਆ ਗਿਆ ਹੈ। ਦਫਤਰ ਦੇ ਉਦਘਾਟਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਸਾਂਝੇ ਗੱਠਜੋੜ ਦੇ ਆਗੂਆਂ ਅਤੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਜਿਸ ਵਿਚ ਚੋਣ ਰਣਨੀਤੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਆਰਐਮਪੀਆਈ ਦੇ ਆਗੂ ਮਹੀਪਾਲ ਸ਼ਰਮਾ, ਸੀਪੀਆਈ ਤੋਂ ਕਾਮਰੇਡ ਜਗਜੀਤ ਸਿੰਘ ਜੋਗਾ, ਬਸਪਾ ਆਗੂ ਰਜਿੰਦਰ ਸਿੰਘ, ਪੰਜਾਬ ਏਕਤਾ ਪਾਰਟੀ ਆਗੂ ਕੇ ਸੀ ਬੱਗਾ, ਪ੍ਰਿਤਪਾਲ ਸਿੰਘ, ਮਾਸਟਰ ਬਲਵਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।