← ਪਿਛੇ ਪਰਤੋ
ਲੋਕੇਸ਼ ਰਿਸ਼ੀ ਗੁਰਦਾਸਪੁਰ 01 ਅਪ੍ਰੈਲ 2019- ਲੋਕ-ਸਭਾ ਚੋਣਾਂ ਜਿੱਦਾਂ ਜਿੱਦਾਂ ਨਜ਼ਦੀਕ ਆ ਰਹੀਆਂ ਹਨ ਓਦਾਂ ਓਦਾਂ ਹੀ ਇਲਾਕਿਆਂ ਵਿੱਚ ਰਾਜਨੀਤੀ ਵੀ ਗਰਮਾਉਣਾ ਸ਼ੁਰੂ ਹੋ ਚੁੱਕੀ ਹੈ। ਜੇਕਰ ਗੱਲ ਕਰੀਏ ਲੋਕ-ਸਭਾ ਹਲਕਾ ਗੁਰਦਾਸਪੁਰ ਦੀ ਤਾਂ ਇੱਥੇ ਬਰਗਾੜੀ ਮੋਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਦਾਸਪੁਰ ਤੋਂ ਸਾਂਝੇ ਉਮੀਦਵਾਰ ਬਿਸ਼ਪ ਸ਼ੈਲੇਂਦਰ ਸ਼ੈਲੀ ਨੇ ਆਪ ਦੇ ਉਮੀਦਵਾਰ ਪੀਟਰ ਚੀਦਾ ਉੱਪਰ ਨਸ਼ਾ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਚੀਦਾ ਨੂੰ ਡੋਪ-ਟੈੱਸਟ ਕਰਵਾਉਣ ਦੀ ਚੁਨੌਤੀ ਦਿੱਤੀ ਹੈ। ਉੱਥੇ ਦੂਜੇ ਪਾਸੇ ਚੀਦਾ ਨੇ ਵੀ ਸ਼ੈਲੇਂਦਰ ਦੀ ਚੁਨੌਤੀ ਸਵੀਕਾਰ ਕਰਦਿਆਂ ਸ਼ਰਤ ਰੱਖੀ ਹੈ। ਕਿ ਜੇਕਰ ਉਹ ਡੋਪ-ਟੈੱਸਟ ਵਿੱਚੋਂ ਪਾਸ ਹੋ ਜਾਂਦੇ ਹਨ ਤਾਂ ਸ਼ੈਲੇਂਦਰ ਵਾਅਦਾ ਕਰਨ ਕਿ ਉਹ ਲੋਕ-ਸਭਾ ਇਲੈੱਕਸ਼ਨ ਨਹੀਂ ਲੜਨ ਗੇ। ਇਸੇ ਲੜੀ ਦੇ ਚੱਲਦਿਆਂ ਸੋਮਵਾਰ ਨੂੰ ਬਿਸ਼ਪ ਸ਼ੈਲੇਂਦਰ ਆਪਣਾ ਡੋਪ ਟੈੱਸਟ ਕਰਵਾਉਣ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ। ਹਾਲਾਂ ਕਿ ਬਟਾਲਾ ਹਸਪਤਾਲ ਦੇ ਪ੍ਰਬੰਧਕਾਂ ਨੇ ਇਹ ਸੁਵਿਧਾ ਨਾ ਹੋਣ ਦਾ ਹਵਾਲਾ ਦਿੰਦਿਆਂ ਟੈੱਸਟ ਕਰਨ ਤੋਂ ਇਨਕਾਰ ਕਰ ਦਿੱਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਸ਼ਪ ਸ਼ੈਲੀ ਨੇ ਆਪ ਉਮੀਦਵਾਰ ਪੀਟਰ ਚੀਦਾ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ।ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਨਸ਼ੇ ਦੇ ਮੁੱਦੇ ਤੇ ਸੁਰਖ਼ੀਆਂ ਇਕੱਤਰ ਕਰ ਰਹੇ ਹਨ। ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਲੋਕ-ਸਭਾ ਹਲਕਾ ਗੁਰਦਾਸਪੁਰ ਤੋਂ ਇਕ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਹੈ ਜੋ ਖ਼ੁਦ ਡਰੱਗਜ਼ ਲੈਂਦਾ ਹੈ।ਉਨ੍ਹਾਂ ਆਪ ਉਮੀਦਵਾਰ ਪੀਟਰ ਚੀਦਾ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਨਸ਼ਾ ਨਹੀਂ ਕਰਦੇ ਤਾਂ ਆਪਣਾ ਡੋਪ ਟੈੱਸਟ ਕਰਵਾ ਕੇ ਇਸ ਗੱਲ ਨੂੰ ਸਾਬਿਤ ਕਰਨ। ਇਸ ਦੇ ਨਾਲ ਹੀ ਸ਼ੈਲੇਂਦਰ ਨੇ ਦੱਸਿਆ ਕਿ ਉਹ ਆਪ ਵੀ ਡੋਪ ਟੈੱਸਟ ਕਰਵਾਉਣ ਜਾ ਰਹੇ ਹਨ। ਉੱਥੇ ਦੂਜੇ ਇਸ ਸਬੰਧੀ ਆਪ ਉਮੀਦਵਾਰ ਪੀਟਰ ਚੀਦਾ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਸ਼ੈਲੇਂਦਰ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ। ਕਿ ਉਹ ਆਪਣਾ ਟੈੱਸਟ ਕਰਵਾਉਣ ਲਈ ਤਿਆਰ ਹਨ। ਪਰ ਉਸ ਤੋਂ ਪਹਿਲਾਂ ਸ਼ੈਲੇਂਦਰ ਆਪਣੀ ਪਾਰਟੀ ਪੱਧਰ ਤੇ ਇੱਕ ਹਲਫ਼ੀਆ ਬਿਆਨ ਜਾਰੀ ਕਰਨ। ਕਿ ਜੇਕਰ ਮੈਂ ਟੈੱਸਟ 'ਚੋਂ ਪਾਸ ਹੋ ਜਾਂਦਾ ਹਾਂ ਤਾਂ ਸ਼ੈਲੇਂਦਰ ਇਲੈੱਕਸ਼ਨ ਨਹੀਂ ਲੜਨ ਗੇ। ਚੀਦਾ ਨੇ ਕਿਹਾ ਕਿ ਹਾਲਾਂ ਕਿ ਉਹ 6 ਮਹੀਨੇ ਪਹਿਲਾਂ ਹੀ ਆਪਣੇ ਅਸਲਾ ਲਾਇਸੈਂਸ ਲਈ ਲੋੜੀਂਦਾ ਡੋਪ ਟੈੱਸਟ ਪਾਸ ਕਰਨ ਉਪਰੰਤ ਹੀ ਉਨ੍ਹਾਂ ਦਾ ਲਾਇਸੰਸ ਬਣਾਇਆ ਗਿਆ ਹੈ। ਪਰ ਫੇਰ ਵੀ ਉਹ ਬਿਸ਼ਪ ਸ਼ੈਲੀ ਦੀ ਚੁਨੌਤੀ ਸਵੀਕਾਰ ਕਰਦੇ ਹਨ। ਇੱਥੇ ਜ਼ਿਕਰ ਖ਼ਾਸ ਹੈ ਕਿ ਪੀਟਰ ਚੀਦਾ ਅਤੇ ਬਿਸ਼ਪ ਸ਼ੈਲੀ ਦੋਵੇਂ ਹੀ ਇਸਾਈ ਭਾਈਚਾਰੇ ਨਾਲ ਸਬੰਧਿਤ ਹਨ ਅਤੇ ਇਹ ਦੋਵੇਂ ਹੀ ਗੁਰਦਾਸਪੁਰ ਦੇ 4 ਲੱਖ ਇਸਾਈ ਵੋਟ ਬੈਂਕ ਆਪਣੇ ਨਾਲ ਹੋਣ ਦਾ ਦਾਅਵਾ ਪੇਸ਼ ਕਰ ਰਹੇ ਹਨ।
Total Responses : 267