ਪਟਿਆਲਾ , 9 ਨਵੰਬਰ 2018 : ਸੂਬੇ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਅਧਿਆਪਕਾਂ ਦੇ 'ਪੱਕੇ ਮੋਰਚੇ' ਨੇ ਜਿੱਥੇ ਪਟਿਆਲਾ ਦੇ ਹਰੇਕ ਇਨਸਾਫ ਪਸੰਦ ਸ਼ਹਿਰੀ ਦੀ ਹਮਦਰਦੀ ਜਿੱਤੀ ਹੈ ਉੱਥੇ ਅਧਿਅਾਪਕਾਂ ਵੱਲੋਂ ਸਬਰ ਅਤੇ ਦਿ੍ੜਤਾ ਨਾਲ ਕੀਤੇ ਜਾ ਰਹੇ ਇਸ ਸੰਘਰਸ਼ ਨੇ ਪੰਜਾਬ ਸਰਕਾਰ ਦੀਆਂ ਦੀ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਪੱਕੇ ਮੋਰਚੇ ਦੇ 34ਵੇਂ ਦਿਨ ਵੱਖ-ਵੱਖ ਜ਼ਿਲ੍ਹਿਆਂ ਦੇ 18 ਅਧਿਅਪਕਾਂ ਨੇ ਭੁੱਖ ਹੜਤਾਲ ਦੀ ਲੜੀ ਨੂੰ ਅੱਗੇ ਵਧਾਇਆ। ਸਮਾਜ ਦੇ ਹਰ ਸੰਵੇਦਨਸ਼ੀਲ ਵਰਗ ਨੂੰ ਝੰਜੋੜਣ ਵਾਲੇ ਇਸ ਸੰਘਰਸ਼ ਪ੍ਤੀ ਸਰਕਾਰ ਵੱਲੋਂ ਅਪਣਾਈ ਜਾ ਰਹੀ ਬੇਰੁਖੀ ਕਾਰਨ ਸੂਬੇ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ। ਵੱਖ ਵੱਖ ਕਿਸਾਨ, ਮਜਦੂਰ, ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਸੰਘਰਸ਼ ਨੂੰ ਮਨੁੱਖੀ ਹੱਕਾਂ ਦੀ ਰਖਵਾਲੀ ਦੇ ਸੰਘਰਸ਼ ਵਜੋਂ ਦੇਖਦਿਆਂ ਹਰੇਕ ਪੱਧਰ 'ਤੇ ਡਟਵੀਂ ਹਮਾਇਤ ਕੀਤੀ ਜਾ ਰਹੀ ਹੈ।
ਸੰਗਰੂਰ ਅਤੇ ਕਪੂਰਥਲਾ ਜਿਲੵਿਆਂ ਤੋਂ ਪਹੁੰਚੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਅਧਿਆਪਕ ਆਗੂਆਂ ਸੂਬਾ ਕਨਵੀਨਰ ਦਵਿੰਦਰ ਪੂਨੀਆ ਸਮੇਤ ਅਮਰਜੀਤ ਸ਼ਾਸ਼ਤਰੀ, ਕੁਲਦੀਪ ਦੌੜਕਾ, ਜਰਨੈਲ ਸਿੰਘ ਮਿੱਠੇਵਾਲ,ਸੁਖਜਿੰਦਰ ਹਰੀਕਾ, ਹਰਵਿੰਦਰ ਸਿੰਘ ਰੱਖੜਾ ਅਤੇ ਗਗਨਦੀਪ ਧੂਰੀ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਹਰ ਵਾਰ ਮਾਣਯੋਗ ਸੁਪਰੀਮ ਕੋਰਟ ਦੇ 'ਨੋ ਵਰਕ ਨੋ ਪੇਅ' ਦਾ ਢਿੰਡੋਰਾ ਪਿੱਟਿਆ ਜਾਂਦਾ ਹੈ ਪਰ ਉਸੇ ਸੁਪਰੀਮ ਕੋਰਟ ਦੀ 'ਬਰਾਬਰ ਕੰਮ ਬਰਾਬਰ ਤਨਖਾਹ' 'ਤੇ ਕਦੇ ਨਹੀਂ ਬੋਲਦੇ, ਉਲਟਾ ਅਧਿਆਪਕਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਥਾਂ ਉਹਨਾਂ ਦੀ ਆਵਾਜ਼ ਨੂੰ ਮੁਅੱਤਲੀਆਂ, ਬਦਲੀਆਂ ਅਤੇ ਹੋਰ ਵਿਕਟੇਮਾਇਜੇਸ਼ਨਾਂ ਕਰਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀਆਂ ਦਮਨਕਾਰੀ ਨੀਤੀਆਂ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਐੱਸ.ਐੱਸ.ਏ, ਰਮਸਾ, ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ 'ਚ 65 ਤੋਂ 75% ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵਿੱਚ ਦਰਜ਼ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟਣ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਨਾ ਕਰਨ ਅਤੇ ਹੋਰਨਾਂ ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ 'ਤੇ ਪੱਕੇ ਕਰਨ ਦੀ ਬਜਾਏ ਅਖੌਤੀ ਪ੍ਰੋਜੈਕਟਾਂ ਰਾਹੀਂ ਜਨਤਕ ਸਿੱਖਿਆ ਨੂੰ ਤਹਿਸ ਨਹਿਸ ਕਰਨ ਵਾਲੇ ਅਤੇ ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ਪੂਰੀ ਖੁੱਲ੍ਹ ਦੇ ਕੇ ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ ਉਥੇ ਪੰਜਾਬ ਦੀਆਂ ਸਮੂਹ ਫਿਕਰਮੰਦ ਜਮਹੂਰੀ ਜਥੇਬੰਦੀਆਂ ਅਧਿਆਪਕਾਂ ਦੀ ਪਿੱਠ ਤੇ ਆ ਖੜੀਆਂ ਹਨ, ਜਿਸ ਕਾਰਨ ਪੰਜਾਬ ਸਰਕਾਰ ਨੂੰ ਆਪਣਾ ਭਵਿੱਖ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ।
ਮੋਰਚੇ ਵੱਲੋਂ ਭਲਕੇ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਅਤੇ ਫਡਰੇਸ਼ਨਾਂ ਨਾਲ ਵਿਸਤਾਰੀ ਮੀਟਿੰਗ ਕਰਕੇ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਭਵਿੱਖ ਦੀ ਰਣਨੀਤੀ ਘੜੀ ਜਾਵੇਗੀ ।
ਇਸ ਮੌਕੇ ਗੈਸ ਏਜੰਸੀ ਵਰਕਰ ਯੂਨੀਅਨ (ਇਫਟੂ) ਵੱਲੋਂ ਕਸ਼ਮੀਰ ਸਿੰਘ ਬਿੱਲਾ ਦੀ ਅਗਵਾਈ ਹੇਠ ਵੱਡਾ ਕਾਫ਼ਿਲਾ ਅਧਿਆਪਕਾਂ ਦੇ ਸਮਰਥਨ ਲਈ ਪੱਕੇ ਮੋਰਚੇ ਵਿੱਚ ਸ਼ਾਮਿਲ ਹੋਇਆ ।
ਇਸ ਮੌਕੇ ਕੁਲਦੀਪ ਪੁਰੇਵਾਲਾ, ਅਸ਼ਵਨੀ ਟਿੱਬਾ, ਵਿਕਰਮ ਦੇਵ ਸਿੰਘ, ਕਰਨੈਲ ਫਿਲੋਰ, ਅਤਿੰਦਰ ਪਾਲ ਘੱਗਾ, ਜਸਵਿੰਦਰ ਲਖਮੀਰਵਾਲਾ,ਰਾਮਭਜਨ ਚੌਧਰੀ ਆਦਿ ਨੇ ਵੀ ਸੰਬੋਧਨ ਕੀਤਾ ।