ਲੁਧਿਆਣਾ, 2 ਜਨਵਰੀ, 2017 : ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵੋਟਰਾਂ, ਉਮੀਦਵਾਰਾਂ ਅਤੇ ਚੋਣ ਅਮਲੇ ਦੀ ਸਹੂਲਤ ਲਈ ਇੱਕ ਮੋਬਾਈਲ ਐਪਲੀਕੇਸ਼ਨ “ECI360” ਤਿਆਰ ਕਰਵਾਈ ਗਈ ਹੈ, ਜੋ ਕਿ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਦਿਮਾਗ ਦੀ ਉਪਜ ਹੈ ਅਤੇ ਇਸ ਨੂੰ '01 ਸਿਨਰਜੀ' ਗਰੁੱਪ ਦੇ ਸ੍ਰ. ਹਰਪ੍ਰੀਤ ਸਿੰਘ ਚੰਢੋਕ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਮੋਬਾਈਲ ਐਪਲੀਕੇਸ਼ਨ ਚੋਣ ਨਾਲ ਸੰਬੰਧਤ ਹਰੇਕ ਧਿਰ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੀ ਹੈ।
ਇਸ ਤੋਂ ਇਲਾਵਾ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ ਅਤੇ ਰਿਟਰਨਿੰਗ ਅਫ਼ਸਰਾਂ ਦੀ ਸਹੂਲਤ ਲਈ ਇੱਕ ਵੈੱਬ ਅਧਾਰਿਤ ਐਪਲੀਕੇਸ਼ਨ “RoNET” ਵੀ ਤਿਆਰ ਕੀਤੀ ਗਈ ਹੈ, ਜੋ ਕਿ ਚੋਣ ਅਧਿਕਾਰੀਆਂ ਨੂੰ ਪੈਰ-ਪੈਰ 'ਤੇ ਇਹ ਦੱਸੇਗਾ ਕਿ ਉਨ੍ਹਾਂ ਨੇ ਚੋਣ ਪ੍ਰਕਿਰਿਆ ਵਿੱਚ ਕੀ ਕਰਨਾ ਹੈ। ਇਸ ਨਾਲ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਰਿਪੋਰਟਿੰਗ ਤੋਂ ਵੱਡੀ ਹੱਦ ਤੱਕ ਨਿਜ਼ਾਤ ਮਿਲੇਗੀ।
ਇਨ੍ਹਾਂ ਦੋਵਾਂ ਐਪਲੀਕੇਸ਼ਨਾਂ ਬਾਰੇ ਇੱਕ ਪੇਸ਼ਕਾਰੀ ਅੱਜ ਸਥਾਨਕ ਸਰਕਟ ਹਾਊਸ ਵਿਖੇ ਦਿੱਤੀ ਗਈ, ਜਿਸ ਵਿੱਚ ਵਧੀਕ ਮੁੱਖ ਚੋਣ ਅਫ਼ਸਰ ਸ੍ਰੀ ਦਿਪਰਵਾ ਲਾਕਰਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਸਾਰੇ ਰਿਟਰਨਿੰਗ ਅਫ਼ਸਰਾਂ ਅਤੇ ਸਹਿਯੋਗੀ ਚੋਣ ਅਮਲੇ ਵੱਲੋਂ ਸ਼ਿਰਕਤ ਕੀਤੀ ਗਈ।
ਸ੍ਰੀ ਲਾਕਰਾ ਨੇ ਡਿਪਟੀ ਕਮਿਸ਼ਨਰ ਸ੍ਰੀ ਭਗਤ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਅਜਿਹੀਆਂ ਮੋਬਾਈਲ ਐਪਲੀਕੇਸ਼ਨਾਂ ਅਤੇ ਨੈੱਟਵਰਕ ਸਿਸਟਮ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਫੀ ਲਾਭ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦੋਵਾਂ ਐਪਲੀਕੇਸ਼ਨਾਂ ਬਾਰੇ ਜਲਦ ਹੀ ਭਾਰਤੀ ਚੋਣ ਕਮਿਸ਼ਨ ਨੂੰ ਪੇਸ਼ਕਾਰੀ ਦੇਣਗੇ, ਜੇਕਰ ਭਾਰਤੀ ਚੋਣ ਕਮਿਸ਼ਨ ਨੂੰ ਇਹ ਦੋਵੇਂ ਪ੍ਰੋਗਰਾਮ ਪਸੰਦ ਆ ਜਾਂਦੇ ਹਨ ਤਾਂ ਯਕੀਨਨ ਇਹ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਭਗਤ ਨੇ ਦੱਸਿਆ ਕਿ ਮੋਬਾਈਲ ਐਪਲੀਕੇਸ਼ਨ “ECI360” ਐਪਲੀਕੇਸ਼ਨ ਨੂੰ ਵੋਟਰ, ਉਮੀਦਵਾਰ, ਸਵੀਪ, ਐਡਮਿਨ ਅਤੇ ਹੋਰ ਵਰਗਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਐਪਲੀਕੇਸ਼ਨ, ਜਿਹੜੀ ਕਿ ਆਈਫੋਨ ਅਤੇ ਐਂਡਰਾਈਡ ਫੋਨਾਂ 'ਤੇ ਉਪਲੱਬਧ ਹੋਵੇਗੀ, ਨੂੰ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਕਮਿਸ਼ਨ, ਜ਼ਿਲ੍ਹਾ ਚੋਣ ਦਫ਼ਤਰ, ਰਿਟਰਨਿੰਗ ਅਫ਼ਸਰ, ਵੋਟਰ, ਉਮੀਦਵਾਰ, ਰਾਜਸੀ ਪਾਰਟੀਆਂ, ਸੁਪਰਵਾਈਜ਼ਰ, ਪੀ. ਆਰ. ਓ., ਜ਼ਿਲ੍ਹਾ ਪੁਲਿਸ ਮੁੱਖੀ ਤੇ ਚੋਣ ਸਟਾਫ਼, ਚੋਣ ਟੀਮਾਂ ਅਤੇ ਮੀਡੀਆ ਵੱਲੋਂ ਵਰਤਿਆ ਜਾ ਸਕੇਗਾ। ਇਸ ਐਪਲੀਕੇਸ਼ਨ ਨਾਲ ਚੋਣ ਅਮਲ ਵਿੱਚ ਪੂਰੀ ਤਰ੍ਹਾਂ ਦੀ ਪਾਰਦਰਸ਼ਤਾ ਅਤੇ ਸਫ਼ਲਤਾ ਲਿਆਉਣ ਵਿੱਚ ਲਾਭ ਮਿਲੇਗਾ।
ਸ੍ਰੀ ਭਗਤ ਨੇ ਕਿਹਾ ਕਿ ਇਸੇ ਤਰ੍ਹਾਂ ਵੈੱਬ ਅਧਾਰਿਤ ਪ੍ਰੋਗਰਾਮ ''RoNET`` ਵੀ ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ ਅਤੇ ਰਿਟਰਨਿੰਗ ਅਫ਼ਸਰ ਵਰਤ ਸਕਣਗੇ। ਇਸ ਪ੍ਰੋਗਰਾਮ ਤਹਿਤ ਉਪਰੋਕਤ ਚੋਣ ਅਧਿਕਾਰੀਆਂ ਨੂੰ ਇਹ ਪਤਾ ਲੱਗਦਾ ਰਹੇਗਾ ਕਿ ਕਿਸ ਸਮੇਂ ਕੀ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਇੱਕ ਮੀਟਿੰਗ ਸਥਾਨਕ ਬਚਤ ਭਵਨ ਵਿਖੇ ਕੀਤੀ ਗਈ, ਜਿਸ ਵਿੱਚ ਰਾਜ ਪੱਧਰੀ ਮਾਸਟਰ ਟਰੇਨਰਜ਼ ਅਤੇ ਵਿਧਾਨ ਸਭਾ ਹਲਕਾ ਵਾਈਜ਼ ਟਰੇਨਰਜ਼ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪੋਸਟਲ ਬੈਲਟ ਅਤੇ ਹੋਰ ਮਹੱਤਵਪੂਰਨ ਚੋਣ ਨੁਕਤਿਆਂ ਬਾਰੇ ਟਰੇਨਿੰਗ ਦਿੱਤੀ ਗਈ।
ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਇਸ ਤੋਂ ਪਹਿਲਾਂ ਕਈ ਮੋਬਾਈਲ ਐਪਲੀਕੇਸ਼ਨਾਂ ਤਿਆਰ ਕਰਵਾਈਆਂ ਗਈਆਂ ਹਨ, ਜੋ ਕਿ ਪੂਰੇ ਦੇਸ਼ ਵਿੱਚ ਵੱਡੇ ਪੱਧਰ 'ਤੇ ਲੋਕਾਂ ਵੱਲੋਂ ਵਰਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹੀ ਤਿਆਰ ਕਰਵਾਈ ਗਈ ਮੋਬਾਈਲ ਐਪਲੀਕੇਸ਼ਨ "i-revenue" ਨੂੰ ਵੱਕਾਰੀ 'ਮੰਥਨ ਐਵਾਰਡ ਸਾਊਥ ਏਸ਼ੀਆ-2016' ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ ਅਤੇ 'isehat’ ਨੂੰ ਭਾਰਤ ਸਰਕਾਰ ਵੱਲੋਂ ਅਪਣਾਇਆ ਜਾ ਚੁੱਕਾ ਹੈ। ਇਸੇ ਤਰ੍ਹਾਂ ਹੋਰ ਐਪਲੀਕੇਸ਼ਨਾਂ ਵਿੱਚ date2vaccinate, mum2be, irakt, Feebank, Food2share, iDTO ਵੀ ਸ਼ਾਮਿਲ ਹਨ।