ਪਟਿਆਲਾ, 2 ਜਨਵਰੀ, 2017 : ਸੀਨੀਅਰ ਆਈ.ਏ.ਐਸ. ਅਧਿਕਾਰੀ ਸ਼੍ਰੀ ਸੁਮੇਰ ਸਿੰਘ ਗੁਰਜਰ ਨੇ ਅੱਜ ਪਟਿਆਲਾ ਦੇ ਨਵੇਂ ਡਵੀਜ਼ਨਲ ਕਮਿਸ਼ਨਰ ਵੱਜੋਂ ਅਹੁਦਾ ਸਭਾਲ ਲਿਆ ਹੈ।
ਸੀਨੀਅਰ ਆਈ.ਏ.ਐਸ. ਅਧਿਕਾਰੀ ਸ਼੍ਰੀ ਅਜੀਤ ਸਿੰਘ ਪੰਨੂੰ ਵੱਲੋਂ ਡਵੀਜ਼ਨਲ ਕਮਿਸ਼ਨਰ ਵੱਜੋਂ ਸੇਵਾ ਮੁਕਤ ਹੋਣ ਉਪਰੰਤ 1998 ਬੈਚ ਦੇ ਸ਼੍ਰੀ ਗੁਰਜਰ ਨੇ ਨਵੇਂ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਹੈ। ਸ਼੍ਰੀ ਗੁਰਜਰ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਵਰਗੇ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਅੱਜ ਉਹਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ਼੍ਰੀ ਗੁਰਜ਼ਰ ਨੂੰ ਸਲਾਮੀ ਦਿੱਤੀ ਗਈ।
ਪਟਿਆਲਾ ਦੇ ਨਵੇਂ ਡਵੀਜ਼ਨਲ ਕਮਿਸ਼ਨਰ ਦਾ ਅਹੁਦਾ ਸੰਭਾਲਣ ਉਪਰੰਤ ਸ਼੍ਰੀ ਗੁਰਜਰ ਨੇ ਪਟਿਆਲਾ ਡਵੀਜ਼ਨ ਦੇ ਸਮੂਹ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕਾਂ ਨੂੰ ਸਮਾਂਬੱਧ ਤੇ ਸਾਫ ਸੁਥਰੀਆਂ ਸੇਵਾਵਾਂ ਮੁਹੱਈਆ ਕਰਾਉਣ ਨੂੰ ਤਰਜ਼ੀਹ ਦੇਣਗੇ। ਉਹਨਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਰੋਜ਼ਮਰਾ ਉਹਨਾਂ ਦੇ ਦਫ਼ਤਰ ਵਿੱਚ ਕੰਮ ਕਰਾਉਣ ਆਉਂਦੇ ਲੋਕਾਂ ਦੇ ਕੰਮਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ।
ਅੱਜ ਸ਼੍ਰੀ ਗੁਰਜਰ ਦੇ ਅਹੁਦਾ ਸੰਭਾਲਣ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਸਹਾਇਕ ਕਮਿਸ਼ਨਰ (ਟਰੇਨਿੰਗ) ਸ਼੍ਰੀ ਸੰਦੀਪ ਕੁਮਾਰ ਅਤੇ ਜ਼ਿਲ੍ਹੇ ਦੇ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ।