ਚੰਡੀਗੜ੍ਹ, 16 ਦਸੰਬਰ 2016: ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੀਆਂ ਗਈਆਂ ਲਿਸਟਾਂ ਉਤੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਇਸ ਤੋਂ ਸਾਫ ਪ੍ਰਤੀਤ ਹੁੰਦੇ ਹੈ ਕਿ ਦੋਵੇਂ ਪਾਰਟੀਆਂ ਨੇ ਚੋਣਾਂ ਵਿੱਚ ਪਰਿਵਾਰਵਾਦ, ਭ੍ਰਿਸ਼ਟਾਚਾਰੀ ਅਤੇ ਅਪਰਾਧੀ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਜਾਰੀ ਲਿਸਟਾਂ ਵਿੱਚ ਜਿਆਦਾਤਰ ਉਮੀਦਵਾਰ ਜਾਂ ਤਾਂ ਨੇਤਾਵਾਂ ਦੇ ਪਰਿਵਾਰ ਨਾਲ ਸਬੰਧਿਤ ਹਨ ਤੇ ਜਾਂ ਫਿਰ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ।
ਮਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਜਾਰੀ 61 ਉਮੀਦਵਾਰਾਂ ਦੀ ਲਿਸਟ ਇਹ ਸਾਫ ਦਰਸਾਉਂਦੀ ਹੈ ਕਿ ਕਾਂਗਰਸ ਦਾ ਪੰਜਾਬ ਵਿੱਚ ਮੋਢੀ ਕੈਪਟਨ ਖੁਦ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੀ ਵਿੱਚ ਲਿਪਤ ਹੈ ਅਤੇ ਉਸੇ ਤਰਾਂ ਦੀ ਟੀਮ ਦੀ ਅਗਵਾਈ ਕਰ ਰਿਹਾ ਹੈ।
ਉਨਾਂ ਕਿਹਾ ਕਿ ਅਸਲ ਵਿੱਚ ਕਾਂਗਰਸ ਦੀ ਇਹ ਧਾਰਨਾ ਬਣਾ ਲਈ ਹੈ ਕਿ ਜਿੰਨਾ ਵੱਡਾ ਭ੍ਰਿਸ਼ਟਾਚਾਰੀ, ਪਾਰਟੀ ਵਿੱਚ ਉਸਨੂੰ ਉਨਾਂ ਵੱਡਾ ਅਹੁਦਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਕਿਉਂਕਿ ਉਹ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਵਧਾਵਾ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਉਤੇ ਰਹਿੰਦਿਆਂ ਆਪਣੇ ਪਰਿਵਾਰ ਦੇ ਸਵਿਸ ਬੈਂਕ ਵਿੱਚ ਖਾਤੇ ਖੁਲਵਾ ਕੇ ਵੱਡੀਆਂ ਰਕਮਾਂ ਜਮਾਂ ਕਰ ਲਈਆਂ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਘੋਟਾਲੇ ਦੇ ਮੁੱਖ ਦੋਸ਼ੀ ਸਨ, ਪਰ ਫਿਰ ਵੀ ਕਾਂਗਰਸ ਹਾਈਕਮਾਂਡ ਨੇ ਪਤਾ ਨਹੀਂ ਕਿਓਂ ਉਸਨੂੰ ਅਗਵਾਈ ਕਰਨ ਲਈ ਚੁਣਿਆ ਹੈ।
ਮਾਨ ਨੇ ਕਿਹਾ ਕਿ ਕਾਂਗਰਸ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚ ਫਤਹਿਜੰਗ ਸਿੰਘ ਬਾਜਵਾ ਅਤੇ ਗੁਰਕੀਰਤ ਸਿੰਘ ਕੋਟਲੀ ਮੌਜੂਦਾ ਸਾਂਸਦਾਂ ਦੇ ਭਰਾ ਹਨ।
ਉਨਾਂ ਕਿਹਾ ਕਿ ਰਾਜਿੰਦਰ ਕੌਰ ਭੱਠਲ 25 ਸਾਲ ਤੋਂ ਵਿਧਾਇਕ ਹਨ ਅਤੇ ਇਸੇ ਤਰਾਂ ਰਾਣਾ ਗੁਰਜੀਤ ਸਿੰਘ, ਬ੍ਰਹਮ ਮਹਿੰਦਰਾ, ਰਜੀਆ ਸੁਲਤਾਨਾ, ਰਾਣਾ ਗੁਰਮੀਤ ਸਿੰਘ ਸੋਢੀ, ਸੁਨੀਲ ਜਾਖੜ ਅਤੇ ਹੋਰ ਬਹੁਤ ਸਾਰੇ ਕਈ ਵਾਰ ਵਿਧਾਇਕ ਬਣ ਚੁੱਕੇ ਹਨ। ਮਾਨ ਨੇ ਸਵਾਲ ਕੀਤਾ ਕਿ ਐਨਾ ਸਮਾਂ ਵਿਧਾਇਕ ਰਹਿ ਕੇ ਇਨਾਂ ਨੇ ਪੰਜਾਬ ਦੇ ਲੋਕਾਂ ਲਈ ਕੀ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਣ ਦਾ ਆਪਣਾ ਵਾਅਦਾ ਝੂਠਾ ਸਾਬਿਤ ਕਰ ਦਿੱਤਾ ਹੈ। ਨਵਾਂਸ਼ਹਿਰ ਤੋਂ ਮੌਜੂਦਾ ਵਿਧਾਇਕ ਗੁਰਇਕਬਾਲ ਕੌਰ ਬਬਲੀ ਦੇ ਬੇਟੇ ਅੰਗਦ ਸੈਣੀ, ਸਾਬਕਾ ਕਾਂਗਰਸੀ ਮੰਤਰੀ ਸਰਦੂਲ ਸਿੰਘ ਦੇ ਬੇਟੇ ਸੁਖਜਿੰਦਰ ਸਿੰਘ ਡੈਨੀ, ਸੰਤੋਖ ਸਿੰਘ ਰੰਧਾਵਾ ਦੇ ਬੇਟੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਤ ਰਾਮ ਸਿੰਗਲਾ ਦੇ ਬੇਟੇ ਵਿਜੇਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ।
ਮਾਨ ਨੇ ਕਿਹਾ ਕਿ ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਵੀ ਪਿਓ-ਪੁੱਤਰ ਦੀ ਪਾਰਟੀ ਬਣ ਗਈ ਹੈ। ਪਰਮਿੰਦਰ ਸਿੰਘ ਢੀਂਡਸਾ, ਹਰਮਿੰਦਰ ਪਾਲ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਤਲਵੰਡੀ, ਬਰਜਿੰਦਰ ਸਿੰਘ ਮੱਖਣ, ਵਰਦੇਵ ਸਿੰਘ ਮਾਨ, ਇੰਦਰਇਕਬਾਲ ਸਿੰਘ ਅਟਵਾਲ, ਅਮਰਪਾਲ ਸਿੰਘ ਬੌਨੀ, ਸੂਬਾ ਸਿੰਘ ਬਾਦਲ ਇਹ ਸਾਰੇ ਅਕਾਲੀ ਆਗੂਆਂ ਦਾ ਬੇਟੇ ਹਨ।
ਇੱਥੇ ਇਹ ਵੀ ਯਾਦ ਰੱਖਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਅਤੇ ਆਦੇਸ਼ ਪ੍ਰਤਾਪ ਕੈਰੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲਾ ਅਤੇ ਜੀਜਾ ਹਨ। ਪੂਰੀ ਦੁਨੀਆਂ ਜਾਣਦੀ ਹੈ ਕਿ ਬਹੁ-ਕਰੋੜੀ ਡਰੱਗ ਰੈਕੇਟ ਦੇ ਮਾਮਲੇ ਵਿੱਚ ਸਿੱਧੀ ਸ਼ਮੁਲੀਅਤ ਹੋਣ ਕਾਰਨ ਬਿਕਰਮ ਸਿੰਘ ਮਜੀਠੀਆ ਕੋਲੋਂ ਪੁੱਛਗਿੱਛ ਹੋਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਸਨੂੰ ਸੀਬੀਆਈ ਜਾਂਚ ਤੋਂ ਕਿਵੇਂ ਬਚਾਇਆ ਸੀ।
ਭਗਵੰਤ ਮਾਨ ਨੇ ਕਿਹਾ ਕਿ ਤੋਤਾ ਸਿੰਘ ਨੂੰ ਅਦਾਲਤ ਵੱਲੋਂ ਅਪਰਾਧੀ ਦੱਸਿਆ ਜਾ ਚੁੱਕਿਆ ਹੈ ਅਤੇ ਹੁਣ ਉਹ ਵੀ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨਾਂ ਦੇ ਬੇਟੇ ਮੱਖਣ ਦੋਵੇਂ ਸ਼੍ਰੋਮਣੀ ਅਕਾਲੀ ਦਲ ਦੀ ਲਿਸਟ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਗਏ। ਗੁਲਜਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਨਿਰਮਲ ਸਿੰਘ ਕਾਹਲੋਂ ਜਿਹੜੇ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਉਹ ਵੀ ਅਕਾਲੀ ਦਲ ਦੀ ਲਿਸਟ ਵਿੱਚ ਨਾਂਅ ਪੁਆਉਣ ਵਿੱਚ ਕਾਮਯਾਬ ਰਹੇ।
ਮਾਨ ਨੇ ਕਿਹਾ ਕਿ ਇਹ ਜੱਗ-ਜਾਹਿਰ ਸੱਚਾਈ ਹੈ ਕਿ ਨੋਨੀ, ਡਿੰਪੀ, ਰਾਜੂ, ਰੋਜੀ, ਬੰਟੀ ਅਤੇ ਮੱਕੜ ਵਰਗੇ ਉਮੀਦਵਾਰ ਰੇਤ-ਬਜਰੀ, ਕੇਬਲ ਅਤੇ ਟ੍ਰਾਂਸਪੋਰਟ ਮਾਫੀਆ ਨਾਲ ਸਬੰਧਿਤ ਹਨ।