ਚੰਡੀਗੜ੍ਹ, 1 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਦੇ ਕੌਮੀਂ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਦਲਿਤ ਮੈਨੀਫੈਸਟੋ ਜਾਰੀ ਕੀਤੇ ਜਾਣ ਨੂੰ ਨੀਵੇਂ ਪੱਧਰ ਦੀ ਰਾਜਨੀਤੀ ਦਾ ਹਿੱਸਾ ਕਰਾਰ ਦਿੱਤਾ ਹੈ। ਵਿਜੇ ਸਾਂਪਲਾ ਨੇ ਆਪਣੇ ਬਲੌਗ ਦੇ ਜ਼ਰੀਏ ਟਿੱਪਣੀ ਕਰਦਿਆਂ ਕਿਹਾ, 'ਕੇਜਰੀਵਾਲ ਮੇਰੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਲਾਲਚੀ ਤੇ ਵਿਕਾਊ ਮਾਲ ਸਮਝਦਾ ਹੈ, ਜਿਸ ਕਰਕੇ ਕੇਜਰੀਵਾਲ ਦੀ ਸਮਝ ਉਤੇ ਮੈਨੂੰ ਤਰਸ ਤੇ ਗੁੱਸਾ ਆਉਂਦਾ ਹੈ। ਤਰਸ ਇਸ ਲਈ ਕਿ ਉਹ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਲਗਾਤਾਰ ਨੀਵੇਂ ਪੱਧਰ ਦੀ ਰਾਜਨੀਤੀ ਕਰਦਿਆਂ ਖੁਦ ਵੀ ਡਿੱਗ ਚੁੱਕਾ ਹੈ ਤੇ ਪਾਰਟੀ ਨੂੰ ਵੀ ਖੂਹ ਵਿਚ ਸੁੱਟ ਬੈਠਾ ਹੈ। ਗੁੱਸਾ ਤੇ ਰੋਸਾ ਇਸ ਲਈ ਕਿ ਆਪਣੇ ਹੱਕ ਹਲਾਲ ਨਾਲ ਕਿਰਤ ਕਰਕੇ, ਹੱਡ ਤੋੜਵੀਂ ਮਿਹਨਤ ਕਰਕੇ, ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਚੁੱਲ੍ਹੇ ਅੱਗ ਬਾਲਣ ਵਾਲੇ ਦਲਿਤ ਭਾਈਚਾਰੇ ਨੂੰ ਖਰੀਦਣ ਲਈ ਦਿੱਲੀ ਤੋਂ ਪੰਜਾਬ ਨੂੰ ਹਥਿਆਉਣ ਆਇਆ ਕੇਜਰੀਵਾਲ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਰਿਹਾ ਹੈ।'
ਸ੍ਰੀ ਸਾਂਪਲਾ ਨੇ ਸਵਾਲ ਕੀਤਾ ਕਿ ਕੇਜਰੀਵਾਲ ਦੱਸੇ ਕਿ ਦਿੱਲੀ ਵਿਚ ਉਸਨੇ ਦਲਿਤ ਨੂੰ ਉਪ ਮੁੱਖ ਮੰਤਰੀ ਕਿਓਂ ਨਹੀਂ ਬਣਾਇਆ? ਦਿੱਲੀ ਦਾ ਦਲਿਤ ਉਸਨੂੰ ਦਲਿਤ ਕਿਉਂ ਨਹੀਂ ਲੱਗਦਾ? ਸ੍ਰੀ ਸਾਂਪਲਾ ਨੇ ਕਿਹਾ ਕਿ ਕੇਜਰੀਵਾਲ ਦੇ ਮਨ ਵਿਚ ਦਲਿਤਾਂ ਪ੍ਰਤੀ ਖੋਟ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਕੇਂਦਰ ਅਤੇ ਸੂਬੇ ਦੀਆਂ ਕਾਂਗਰਸੀ ਸਰਕਾਰਾਂ ਨੇ ਦਲਿਤ ਅਤੇ ਪਛੜੇ ਸ੍ਰੇਣੀਆਂ ਨਾਲ ਹਮੇਸ਼ਾਂ ਵਧੀਕੀਆਂ ਕੀਤੀਆਂ। ਕਾਂਗਰਸ ਸਰਕਾਰਾਂ ਨੇ ਵਾਅਦੇ ਕੀਤੇ ਪਰੰਤੂ ਪੁਗਾਏ ਨਹੀਂ, ਜਦਕਿ ਭਾਈਚਾਰੇ ਨੂੰ ਵੋਟ ਬੈਂਕ ਵਜੋਂ ਹੀ ਵਰਤਿਆ ਅਤੇ ਸੱਤਾ ਵਿਚ ਆਉਣ 'ਤੇ ਦਬੇ-ਕੁਚਲੇ ਪਰਿਵਾਰਾਂ ਲਈ ਕੋਈ ਠੋਸ ਯੋਜਨਾ ਲਾਗੂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਕਾਂਗਰਸੀਆਂ ਦੇ ਰਸਤੇ 'ਤੇ ਤੁਰਿਆ ਹੋਇਆ ਹੈ।
ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਦਾ ਦਲਿਤ ਕਿਸੇ ਦੇ ਰਹਿਮੋਕਰਮ ਉਤੇ ਨਹੀਂ ਬਲਕਿ ਆਪਣੇ ਆਤਮ ਵਿਸ਼ਵਾਸ਼ ਨਾਲ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕੇਜਰੀਵਾਲ ਨੂੰ ਢੋਂਗੀ ਸਿਆਸਤਦਾਨ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦਲਿਤ ਭਾਈਚਾਰੇ ਨਾਲ ਸਬੰਧਤ ਸੰਸਦ ਮੈਂਬਰ ਨੂੰ ਸਦਨ ਵਿਚ ਨਾ ਤਾਂ ਦਲ ਦਾ ਨੇਤਾ ਬਣਾਇਆ ਤੇ ਨਾ ਹੀ ਉਸਨੂੰ ਚੰਗੀ ਜਗ੍ਹਾ ਦਿੱਤੀ, ਬਲਕਿ ਦਲਿਤ ਹੋਣ ਕਰਕੇ ਹੀ ਉਸਤੋਂ ਕਿਨਾਰਾ ਕਰ ਲਿਆ। ਵਿਜੇ ਸਾਂਪਲਾ ਨੇ ਆਪਣੇ ਬਲੌਗ ਵਿਚ ਲਿਖਿਆ ਕਿ ਆਪ ਪਾਰਟੀ ਦੇ ਸੰਸਦ ਮੈਂਬਰ ਸ. ਹਰਿੰਦਰ ਸਿੰਘ ਖਾਲਸਾ ਨੇ ਖੁਦ ਮੀਡੀਆ 'ਚ ਖੁਲਾਸਾ ਕੀਤਾ ਹੈ ਕਿ ਕੇਜਰੀਵਾਲ ਦਲਿਤ ਵਿਰੋਧੀ ਹੈ ਤੇ ਉਹ ਦਲਿਤਾਂ ਨੂੰ ਪਸੰਦ ਹੀ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦਲਿਤ ਭਾਈਚਾਰਾ ਹੋਰ ਪੰਜਾਬੀ ਆਪ ਪਾਰਟੀ ਦੇ ਦਿੱਤੇ ਲਾਲਚ ਵਿਚ ਆਉਣ ਵਾਲੇ ਨਹੀਂ। ਸ੍ਰੀ ਸਾਂਪਲਾ ਨੇ ਕਿਹਾ, 'ਕੇਜਰੀਵਾਲ ਦੀ ਅਜਿਹੀ ਸੌੜੀ ਸਿਆਸਤ ਪੰਜਾਬ ਵਿਚ ਚੱਲਣ ਵਾਲੀ ਨਹੀਂ ਤੇ ਉਸਨੂੰ ਦਿੱਲੀ ਵਾਪਸ ਮੁੜ ਜਾਣਾ ਚਾਹੀਂਦਾ ਹੈ, ਨਹੀਂ ਤਾਂ ਫਿਰ ਸਾਡਾ ਦਲਿਤ ਭਾਈਚਾਰਾ ਮੌਕਾਪ੍ਰਸਤਾਂ ਦਾ ਮੂੰਹ ਮੋੜਨਾ ਵੀ ਜਾਣਦਾ ਹੈ।'