ਚੰਡੀਗੜ੍ਹ, 30 ਨਵੰਬਰ, 2016 : ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਜਾਂ 2500 ਰੁਪਏ ਪ੍ਰਤੀ ਮਹੀਨਾ ਰੁਜ਼ਗਾਰ ਭੱਤਾ ਦੇਣ ਦੀ ਸ਼ੁਰਲੀ ਛੱਡਣ ਵਾਲਾ ਮਹਾਰਾਜਾ ਅਮਰਿੰਦਰ ਸਿੰਘ ਪਹਿਲਾਂ ਇਹ ਦੱਸੇ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਸਨ?
ਇਹ ਸ਼ਬਦ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਦੁਆਰਾ ਨੌਜਵਾਨਾਂ ਨੂੰ ਨੌਕਰੀਆਂ ਅਤੇ ਬੇਰੁਜ਼ਗਾਰੀ ਭੱਤਾ ਦੇਣ ਬਾਰੇ ਦਿੱਤੇ ਬਿਆਨ ਉੱਤੇ ਤਨਜ਼ ਕਸਦਿਆਂ ਕਹੇ। ਉਹਨਾਂ ਕਿਹਾ ਕਿ ਲੋਕਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿਚ ਅਮਰਿੰਦਰ ਸਰਕਾਰ ਦਾ ਰਿਕਾਰਡ ਬਹੁਤ ਹੀ ਮਾੜਾ ਰਿਹਾ ਹੈ। ਸੱਚਾਈ ਇਹ ਹੈ ਕਿ ਕਾਂਗਰਸ ਦੀ ਸਰਕਾਰ ਵੇਲੇ ਸਰਕਾਰੀ ਨੌਕਰੀਆਂ ਦੀ ਭਰਤੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਅਰਥ-ਵਿਵਸਥਾ ਖੜੋਤ ਦਾ ਸ਼ਿਕਾਰ ਹੋ ਗਈ ਸੀ , ਜਿਸ ਕਰਕੇ ਰੁਜ਼ਗਾਰ ਦੇ ਮੌਕੇ ਬਹੁਤ ਥੋੜ੍ਹੇ ਰਹਿ ਗਏ ਸਨ। ਇਸ ਤਰ੍ਹਾਂ ਅਮਰਿੰਦਰ ਦੇ 5 ਸਾਲਾਂ ਕਾਰਜਕਾਲ ਦੌਰਾਨ ਨੌਕਰੀਆਂ ਦਾ ਕਾਲ ਪੈ ਗਿਆ ਸੀ।
ਸ਼ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਾਂਗਰਸ ਨਾਲੋਂ 10 ਗੁਣਾ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਹੁਣ ਤੱਕ ਕਰੀਬ 2æ40 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅਰਥ-ਵਿਵਸਥਾ ਦੁਬਾਰਾ ਗਤੀ ਫੜੀ ਚੁੱਕੀ ਹੈ, ਜਿਸ ਨਾਲ ਸੰਗਠਿਤ ਅਤੇ ਗੈਰ-ਸੰਗਠਿਤ ਸੈਕਟਰਾਂ ਵਿਚ ਵੱਡੀ ਗਿਣਤੀ 'ਚ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਉਹਨਾਂ ਕਿਹਾ ਕਿ ਇਸ ਦੇ ਮੁਕਾਬਲੇ ਕਾਂਗਰਸ ਦੇ ਕਾਰਜਕਾਲ ਦੌਰਾਨ ਮਹਿਜ਼ 24000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ।
'ਹਰ ਘਰ ਤੋਂ ਇਕ ਕੈਪਟਨ' ਦੇ ਨਾਅਰੇ ਹੇਠ ਅਮਰਿੰਦਰ ਸਿੰਘ ਦੁਆਰਾ ਹਰ ਘਰ ਦੇ ਜੀਅ ਨੂੰ ਨੌਕਰੀ ਦੇਣ ਜਾਂ 18 ਤੋਂ 35 ਸਾਲ ਦੇ ਹਰ ਨੌਜਵਾਨ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਚੋਣ-ਵਾਅਦੇ ਨੂੰ 'ਇੱਕ ਸ਼ੁਰਲੀ' ਕਰਾਰ ਦਿੰਦਿਆਂ ਸ਼ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਅਤੇ ਅਮਰਿੰਦਰ ਸਿੰਘ ਵਿਚਕਾਰ ਸਭ ਤੋਂ ਵੱਡਾ ਝੂਠ ਬੋਲਣ ਦਾ ਮੁਕਾਬਲਾ ਚੱਲ ਰਿਹਾ ਹੈ।
ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਉਹੀ ਕੁੱਝ ਬੋਲੀ ਜਾ ਰਿਹਾ ਹੈ, ਜੋ ਕਾਂਗਰਸ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਹੈ। ਉਹ ਪੀਕੇ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕਿਆ ਹੈ। ਅਮਰਿੰਦਰ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੋ ਕੁੱਝ ਕੇਜਰੀਵਾਲ ਬੋਲ ਰਿਹਾ ਹੈ,ਉਹ ਉਸ ਨੂੰ ਵਧਾ ਚੜ੍ਹਾ ਕੇ ਕਹੇ। ਜਿਵੇਂ ਕੇਜਰੀਵਾਲ ਨੇ ਕਿਹਾ ਹੈ ਕਿ ਉਹ 8 ਲੱਖ ਨੌਕਰੀਆਂ ਦੇਣਗੇ ਤਾਂ ਅਮਰਿੰਦਰ ਦੀ ਇਹ ਗਿਣਤੀ ਤਿੰਨ ਗੁਣਾ ਵਧਾ ਕੇ ਬੋਲ ਦਿੱਤੀ ਹੈ।
ਸ੍ਰæੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਵਾਲੇ ਕਿਹੜੇ ਸੂਬੇ ਅੰਦਰ ਹਰ ਘਰ ਦੇ ਜੀਅ ਨੂੰ ਨੌਕਰੀ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ ਹੈ? ਨੌਜਵਾਨਾਂ ਨੂੰ ਨੌਕਰੀਆਂ ਸੰਬੰਧੀ ਝੂਠੇ ਲਾਰੇ ਲਾਉਣ ਤੋਂ ਪਹਿਲਾਂ ਅਮਰਿੰਦਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ 'ਚ ਕਾਂਰਗਸ ਸਰਕਾਰ ਵੇਲੇ ਦਿੱਤੀਆਂ ਨੌਕਰੀਆਂ ਅਤੇ ਦੂਜਿਆਂ ਸੂਬਿਆਂ 'ਚ ਕਾਂਗਰਸ ਸਰਕਾਰਾਂ ਵੱਲੋਂ ਦਿੱਤੀਆਂ ਨੌਕਰੀਆਂ ਦੇ ਅੰਕੜੇ ਪੇਸ਼ ਕਰੇ। ਉਹਨਾਂ ਕਿਹਾ ਕਿ ਕਰਨਾਟਕ 'ਚ ਕਾਂਗਰਸ ਦੀ ਸਰਕਾਰ ਹੈ, ਜਿੱਥੇ ਪੇਂਡੂ ਬੇਰੁਜ਼ਗਾਰੀ ਸਿਖਰਾਂ ਤੇ ਹੈ ਪਰ ਸਰਕਾਰ ਵੱਲੋਂ ਕੋਈ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਜਾ ਰਿਹਾ ਹੈ।
ਸ਼ ਬਾਦਲ ਨੇ ਕਿਹਾ ਕਿ ਨੌਕਰੀਆਂ ਦੇਣ ਬਾਰੇ ਝੂਠੀਆਂ 'ਸ਼ੁਰਲੀਆਂ' ਛੱਡਣ ਤੋਂ ਪਹਿਲਾਂ ਅਮਰਿੰਦਰ ਨੂੰ ਨੌਜਵਾਨਾਂ ਨੂੰ ਦੱਸੇ ਕਿ ਉਹ ਕਿਸ ਕਿਸਮ ਦੀ ਨੌਕਰੀਆਂ ਪੈਦਾ ਕਰੇਗਾ? ਇਹ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਹੋਣਗੀਆਂ ਜਾਂ ਫਿਰ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ? ਬਿਨਾਂ ਠੋਸ ਤੱਥ ਪੇਸ਼ ਕੀਤੇ ਨੌਕਰੀਆਂ ਬਾਰੇ ਕੀਤੀ ਗਈ ਫੋਕੀ ਬਿਆਨਬਾਜ਼ੀ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਉਹ ਮਹਿਜ਼ ਚੋਣਾਂ ਜਿੱਤਣ ਵਾਸਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਨੌਕਰੀਆਂ ਦੇਣ ਦੇ ਲਾਰੇ ਨੂੰ ਸੱਚਾ ਦਿਖਾਉਣ ਵਾਸਤੇ ਅਮਰਿੰਦਰ ਨੇ ਇੱਕ ਬੇਰੁਜ਼ਗਾਰੀ ਕਾਰਡ ਜਾਰੀ ਕੀਤਾ ਹੈ, ਜਿਸ ਨੂੰ ਫੋਨ ਜਾਂ ਕੰਪਿਊਟਰ ਦਾ ਬਟਨ ਦੱਬ ਕੇ ਐਕਟੀਵੇਟ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਬੇਰੁਜ਼ਗਾਰੀ ਕਾਰਡ ਵੀ ਨੌਜਵਾਨਾਂ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਜਾਰੀ ਕੀਤਾ ਗਿਆ ਹੈ।