ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਜ਼ਿਮਨੀ ਚੋਣ ਸਬੰਧੀ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਆਪ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਧਮਕਾਉਣ ਲਈ ਪੁਲਿਸ ਅਫਸਰਾਂ ਦੀ ਕਰ ਰਹੀ ਹੈ ਦੁਰਵਰਤੋਂ: ਅਰਸ਼ਦੀਪ ਕਲੇਰ
ਚੰਡੀਗੜ੍ਹ, 13 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦੇ ਕੇ ਆਖਿਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਤਰਨ ਤਾਰਨ ਜ਼ਿਮਨੀ ਚੋਣ ਵਿਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਰਹੀ ਹੈ ਤੇ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਧਮਕਾਉਣ ਵਾਸਤੇ ਪੁਲਿਸ ਅਧਿਕਾਰੀਆਂ ਨੂੰ ਵਰਤ ਰਹੀ ਹੈ।
ਮੁੱਖ ਚੋਣ ਅਫਸਰ ਪੰਜਾਬ ਕੋਲ ਦਾਇਰ ਕੀਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਡੀ ਐਸ ਪੀ ਸਿਟੀ ਜਗਜੀਤ ਸਿੰਘ ਅਤੇ ਡੀ ਐਸ ਪੀ ਡੀ ਸੁਖਬੀਰ ਸਿੰਘ ਜੋ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਕਰੀਬੀ ਹਨ, ਦਾ ਤਬਾਦਲਾ ਤਰਨ ਤਾਰਨ ਕਰ ਦਿੱਤਾ ਗਿਆ ਤਾਂ ਜੋ ਚੋਣਾਂ ਨੂੰ ਪ੍ਰਭਾਵਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਅਫਸਰ ਪਹਿਲਾਂ ਜਦੋਂ ਹਰਮੀਤ ਸਿੰਘ ਸੰਧੂ ਵਿਧਾਇਕ ਸਨ ਤਾਂ ਉਹਨਾਂ ਦੇ ਹਲਕੇ ਵਿਚ ਐਸ ਐਚ ਓ ਰਹਿ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਅਹਿਮ ਮੌਕੇ ਉਹਨਾਂ ਦਾ ਅਚਨਚੇਤ ਇਸ ਹਲਕੇ ਵਿਚ ਤਬਾਦਲਾ ਦਰਸਾਉਂਦਾ ਹੈ ਕਿ ਇਹ ਇਕ ਜਾਣ ਬੁੱਝ ਕੇ ਕੀਤਾ ਗਿਆ ਤਬਾਦਲਾ ਹੈ ਜਿਸਦਾ ਮਕਸਦ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨਾ ਹੈ।
ਸਰਦਾਰ ਕਲੇਰ ਨੇ ਆਪਣੀ ਸ਼ਿਕਾਇਤ ਵਿਚ ਵਿਸਥਾ ਨਾਲ ਦੱਸਿਆ ਕਿ ਇਹ ਅਫਸਰ ਸਰਪੰਚਾਂ, ਸਥਾਨਕ ਆਗੂਆਂ ਤੇ ਵੋਟਰਾਂ ਨੂੰ ਧਮਕਾ ਰਹੇ ਹਨ ਅਤੇ ਉਹਨਾਂ ਨੂੰ ਸੱਤਾਧਾਰੀ ਪਾਰਟੀ ਦੇ ਆਗੂ ਦੀ ਹਮਾਇਤ ਕਰਨ ਵਾਸਤੇ ਮਜਬੂਰ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੇ ਅਜਿਹਾ ਨਾ ਕੀਤਾ ਤਾਂ ਉਹਨਾਂ ਖਿਲਾਫ ਝੂਠੇ ਪਰਚੇ ਦਰਜ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਹ ਰਵੱਈਆ ਨਾ ਸਿਰਫ ਅਨੈਤਿਕ ਤੇ ਪੱਖਪਾਤੀ ਹੈ ਬਲਕਿ ਚੋਣ ਜ਼ਾਬਤੇ ਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ ਸਰਕਾਰੀ ਅਫਸਰਾਂ ਦੀ ਨਿਰਪੱਖਤਾ ਲਈ ਜਾਰੀ ਹਦਾਇਤਾਂ ਦੀ ਉਲੰਘਦਾ ਵੀ ਹੈ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਡੀ ਐਸ ਪੀ ਜਗਜੀਤ ਸਿੰਘ ਤੇ ਡੀ ਐਸ ਪੀ ਸੁਖਬੀਰ ਸਿੰਘ ਦਾ ਤਬਾਦਲਾ ਤੁਰੰਤ ਤਰਨ ਤਾਰਨ ਜ਼ਿਲ੍ਹੇ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਆਜ਼ਾਦ ਤੇ ਨਿਰਪੱਖ ਜ਼ਿਮਨੀ ਚੋਣ ਯਕੀਨੀ ਬਣਾਈ ਜਾ ਸਕੇ ਅਤੇ ਉਹਨਾਂ ਇਹ ਵੀ ਅਪੀਲ ਕੀਤੀ ਕਿ ਪੁਲਿਸ ਅਥਾਰਟੀ ਦੀ ਦੁਰਵਰਤੋਂ ਧਮਕਾਉਣ ਵਾਸਤੇ ਕਰਨ ਦੀ ਨਿਰਪੱਖ ਜਾਂਚ ਵੀ ਕਰਵਾਈ ਜਾਵੇ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਚੋਣ ਜ਼ਾਬਤੇ ਦੌਰਾਨ ਪੂਰੀ ਤਰ੍ਹਾਂ ਨਿਰਪੱਖ ਰਹਿਣ।
ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਕਾਰੀ ਸਮਾਗਮਾਂ ਵਿਚ ਰੋਜ਼ਾਨਾ ਆਧਾਰ ’ਤੇ ਡਰਾਮੇ ਕਰ ਰਹੇ ਹਨ ਅਤੇ ਜਾਣ ਬੁੱਝ ਕੇ ਪੰਜਾਬੀ ਦੀ ਭਲਾਈ ਲਈ ਕੰਮ ਕਰਨ ਦੇ ਆਪਣੇ ਮੁੱਢਲੇ ਫਰਜ਼ ਨੂੰ ਅਣਡਿੱਠ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕ ਉਹਨਾਂ ਤੋਂ ਅੱਕ ਚੁੱਕੇ ਹਨ ਤੇ ਉਹਨਾਂ ਨੂੰ ਆਉਂਦੀਆਂ ਚੋਣਾਂ ਵਿਚ ਕਰਾਰਾ ਸਬਕ ਸਿਖਾਉਣਗੇ।