ਪੰਜਾਬ ਸਰਕਾਰ ਪਸ਼ੂ ਪਾਲਕਾਂ ਤੇ ਬੇਰੁਜਗਾਰ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਯਤਨਸ਼ੀਲ : DC ਸ਼ੌਕਤ ਅਹਿਮਦ ਪਰੇ
ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪਸ਼ੂ ਪਾਲਕਾਂ ਤੇ ਬੇਰੁਜਗਾਰ ਨੌਜਵਾਨਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਹਰ ਤਰ੍ਹਾਂ ਦੇ ਵਿਸ਼ੇਸ਼ ਉਪਰਾਲਿਆਂ ਤਹਿਤ ਸਹਾਇਕ ਧੰਦਿਆਂ ਨੂੰ ਆਪਣਾ ਕੇ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਦਾ ਯਤਨ ਕਰ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ ਅਨੁਸਾਰ ਪਿੰਡਾਂ ਵਿੱਚ ਪਸ਼ੂ ਪਾਲਕਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਲਗਾਤਾਰ ਡੇਅਰੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਕੈਂਪਾਂ ਦੀ ਲੜੀ ਤਹਿਤ ਸਾਲ 2024-25 ਦੌਰਾਨ ਦੋ ਹਫਤੇ ਡੇਅਰੀ ਸਿਖਲਾਈ ਅਧੀਨ 585 ਪਸ਼ੂ ਪਾਲਕਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਸੀ, ਜੋ ਕਿ ਫ਼ਰਵਰੀ 2025 ਤੱਕ 644 ਪਸ਼ੂ ਪਾਲਕਾਂ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ।
ਇਸ ਤੋਂ ਇਲਾਵਾ ਡੇਅਰੀ ਉੱਦਮ ਸਿਖਲਾਈ ਤਹਿਤ ਸਾਲ 2024-25 ਦੌਰਾਨ 90 ਪਸ਼ੂ ਪਾਲਕਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿਥਿਆ ਗਿਆ ਸੀ, ਜੋ ਕਿ ਫ਼ਰਵਰੀ 2025 ਤੱਕ 96 ਪਸ਼ੂ ਪਾਲਕਾਂ ਨੂੰ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਵੱਲੋਂ ਸਾਲ 2024-25 ਦੌਰਾਨ 18 ਦੁੱਧ ਉਤਪਾਦਕ ਕੈਂਪਾਂ ਦਾ ਟੀਚਾ ਦਿੱਤਾ ਸੀ ਜੋ ਕਿ ਸਮੇਂ ਸਿਰ ਪੂਰਾ ਕਰ ਲਿਆ ਸੀ।
ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਵੈ ਰੋਜ਼ਗਾਰ ਸਕੀਮ ਤਹਿਤ ਡੇਅਰੀ ਦੀ ਸਿਖਲਾਈ ਲਈ ਪਸ਼ੂ ਪਾਲਕਾਂ ਨੂੰ 10 ਦਿਨਾਂ ਦੀ ਸਿਖਲਾਈ ਕਰਵਾਈ ਜਾਂਦੀ ਹੈ, ਜਿਸ ਵਿੱਚ ਪਸ਼ੂਆਂ ਦਾ ਰੱਖ-ਰਖਾਵ, ਪਸ਼ੂਆਂ ਦੀਆਂ ਨਸਲਾਂ ਕੈਟਲ ਸੈਂਡ (ਗਾਵਾਂ-ਮੱਝਾਂ ਲਈ) ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਲਈ ਜਨਰਲ ਕੈਟਾਗਰੀ ਲਈ 1000 ਰੁਪਏ ਅਤੇ ਸ਼ੈਡਿਊਲ ਕਾਸਟ (ਐਸਸੀ) ਲਈ 750 ਰੁਪਏ ਫੀਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੇਂਡੂ ਖੇਤਰ ਦਾ ਰਹਿਣ ਵਾਲਾ ਪਸ਼ੂ ਪਾਲਕ ਪੰਜਵੀਂ ਪਾਸ ਤੇ ਉਮਰ 18 ਤੋਂ 55 ਸਾਲ ਹੋਣੀ ਲਾਜ਼ਮੀ ਹੈ।
ਡੇਅਰੀ ਉਦਮ ਸਿਖਲਾਈ ਤਹਿਤ ਪਸ਼ੂ ਪਾਲਕ ਦਸਵੀਂ ਪਾਸ ਜਿਸ ਦੀ ਉਮਰ 18 ਤੋਂ 45 ਸਾਲ ਹੋਵੇ। ਉਹਨਾਂ ਇਹ ਵੀ ਕਿਹਾ ਕਿ ਪਿੰਡ ਦਾ ਰਹਿਣ ਵਾਲਾ ਹੋਣਾ ਚਾਹੀਦਾ ਹੈ ਜਿਸ ਕੋਲ ਘੱਟੋ-ਘੱਟ ਪੰਜ ਜਾਂ ਇਸ ਤੋਂ ਵੱਧ ਪਸ਼ੂ ਹੋਣੇ ਚਾਹੀਦੇ ਹਨ। ਇਸ ਸਿਖਲਾਈ ਵਿੱਚ ਪਸ਼ੂਆਂ ਲਈ ਆਪਣੀ ਕੈਟਲ ਫੀਡ ਤਿਆਰ ਕਰਨਾ ਅਤੇ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ, ਕੈਟਲ ਸ਼ੈਡ ਦੀ ਬਣਤਰ ਨਕਸ਼ੇ ਮੁਤਾਬਕ ਅਤੇ ਵੈਲਿਊ ਐਡੀਸ਼ਨ, ਦੁੱਧ ਤੋਂ ਪਦਾਰਥ ਬਣਾਉਣੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਦੀ ਫੀਸ 5 ਹਜ਼ਾਰ ਰੁਪਏ ਜਰਨਲ ਕੈਟਾਗਰੀ ਪ੍ਰਤੀ ਸਿਖਿਆਰਥੀ ਅਤੇ ਐਸਸੀ ਵਰਗ ਲਈ ਫੀਸ 4 ਹਜਾਰ ਰੁਪਏ ਹੈ। ਇਸ ਤੋਂ ਇਲਾਵਾ 100 ਰੁਪਏ ਦਾ ਵੱਖਰਾ ਫਾਰਮ ਹੈ। ਇਹ ਸਿਖਲਾਈ ਡੇਅਰੀ ਵਿਕਾਸ ਵਿਭਾਗ ਦੇ ਸਿਖਲਾਈ ਕੇਂਦਰ ਸਰਦੂਲਗੜ੍ਹ (ਜ਼ਿਲ੍ਹਾ ਮਾਨਸਾ), ਅਬਲੂ ਖਰਾਣਾ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਅਤੇ ਗਿੱਲ (ਜ਼ਿਲ੍ਹਾ ਮੋਗਾ) ਵਿਖੇ ਕਰਵਾਈ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ 70 ਹਜਾਰ ਲੋਨ ਪ੍ਰਤੀ ਜਾਨਵਰ ਗਾਂ ਜਾਂ ਮੱਝ ਲਈ ਸਿਖਲਾਈ ਲੈਣ ਤੋਂ ਬਾਅਦ ਪਸ਼ੂ ਪਾਲਕ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 2,5,10 ਅਤੇ 20 ਜਾਨਵਰਾਂ ਲਈ ਲੋਨ ਬੈਂਕ ਵੱਲੋਂ ਕੇਸ ਸਪੋਂਸਰ ਕਰਕੇ ਦਿਵਾਇਆ ਜਾਂਦਾ ਹੈ। ਸਰਕਾਰੀ ਸਕੀਮ ਅਧੀਨ ਫਿਊਚਰ ਜਨਰਲ ਕੰਪਨੀ ਦਾ ਡੇਅਰੀ ਵਿਕਾਸ ਵਿਭਾਗ ਨਾਲ ਰਾਬਤਾ ਹੋਣ ਕਰਕੇ ਡੇਅਰੀ ਫਾਰਮ ਲਈ ਸਰਕਾਰ ਵੱਲੋਂ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਪਸ਼ੂਆਂ ਦਾ ਬੀਮਾ ਕੀਤਾ ਜਾਂਦਾ ਹੈ।
ਗੁਰਬਿੰਦਰ ਸਿੰਘ ਨੇ ਪਸ਼ੂ ਬੀਮਾ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਤੀ ਪਸ਼ੂ ਇੱਕ ਸਾਲ ਦਾ ਬੀਮਾ 1120 ਰੁਪਏ (ਜਨਰਲ ਕੈਟਾਗਰੀ ਲਈ), 672 ਰੁਪਏ (ਐਸੀ ਕੈਟਾਗਰੀ ਲਈ), ਦੋ ਸਾਲ ਦੇ ਬੀਮੇ ਲਈ 2100 ਰੁਪਏ (ਜਨਰਲ ਕੈਟਾਗਰੀ) 1260 ਰੁਪਏ (ਐਸਸੀ ਕੈਟਾਗਰੀ ਲਈ) ਅਤੇ ਤਿੰਨ ਸਾਲ ਦੇ ਬੀਮੇ ਲਈ 2800 ਰੁਪਏ (ਜਨਰਲ ਕੈਟਾਗਰੀ ਲਈ) ਅਤੇ 1680 ਰੁਪਏ (ਐਸਸੀ ਕੈਟਾਗਰੀ ਲਈ) ਪ੍ਰਤੀ ਪਸ਼ੂ ਬੀਮਾ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹਨਾਂ ਕੇਸਾਂ ਵਿੱਚ ਜਾਨਵਰਾਂ ਲਈ ਸਬਸਿਡੀ ਦੀ ਵਿਵਸਥਾ ਵੀ ਹੈ ਜੋ ਕਿ 25 ਫੀਸਦੀ ਜਨਰਲ ਵਰਗ ਤੇ 33 ਫੀਸਦੀ ਐਸਸੀ ਵਰਗ ਲਈ ਸਰਕਾਰ ਵੱਲੋਂ ਸ਼ਡਿਊਲ ਫੰਡ ਉਪਲਬਧ ਹੋਣ ਕਰਕੇ ਹੀ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ’ਚ ਜਾ ਕੇ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।