ਪਾਕਿਸਤਾਨ ਦੇ ਨਾਮ ਤੋਂ ਕੰਬਦੀ ਹੈ ਕਾਂਗਰਸ - ਮੋਦੀ (ਵੀਡੀਓ ਵੀ ਦੇਖੋ)
- ਭਾਜਪਾ ਉਮੀਦਵਾਰਾਂ ਲਈ ਮੰਗੀ ਵੋਟ
- ਦੇਸ਼ ਦੀ ਸੁਰੱਖਿਆ ਲਈ ਇੰਡੀਆ ਗੱਠਜੋੜ ਨੂੰ ਖ਼ਤਰਾ ਦੱਸਿਆ
- ਇੰਡੀਆ ਗੱਠਜੋੜ ਦੇ ਨੇਤਾ ਰਾਮ ਮੰਦਰ ਨੂੰ ਦੱਸ ਰਹੇ ਹਨ ਅਪਵਿੱਤਰ ਅਤੇ ਬੇਕਾਰ
ਰੋਹਿਤ ਗੁਪਤਾ
ਗੁਰਦਾਸਪੁਰ, 24 ਮਈ 2024 - ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਦਿਨੇਸ਼ ਸਿੰਘ ਬੱਬੂ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਅਤੇ ਹੁਸ਼ਿਆਰਪੁਰ ਤੋਂ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਦੀਨਾਨਗਰ ਬਾਈਪਾਸ ਤੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦ ਵੀ ਦੇਸ਼ ਹਿਤ ਦੀ ਗੱਲ ਚੱਲਦੀ ਹੈ ਤਾਂ ਕਾਂਗਰਸ ਸਭ ਤੋਂ ਪਿੱਛੇ ਨਜ਼ਰ ਆਉਂਦੀ ਹੈ । ਕਾਂਗਰਸ ਦਾ ਕਹਿਣਾ ਹੈ ਕਿ ਪਾਕਿਸਤਾਨ ਕੋਲ ਐਟਮ ਬੰਬ ਹੈ । ਕਾਂਗਰਸ ਪਾਕਿਸਤਾਨ ਦੇ ਨਾਮ ਤੋਂ ਕੰਬਦੀ ਹੈ ਅਤੇ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ । ਸ਼੍ਰੀ ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਲੋਕ ਕਹਿੰਦੇ ਹਨ ਕਿ ਪਾਕਿਸਤਾਨ ਤੋਂ ਡਰ ਕੇ ਰਹਿਣਾ ਹੋਵੇਗਾ , ਪਰ ਹੁਣ ਨਵਾਂ ਭਾਰਤ ਹੈ ਜੋ ਘਰ ਵਿੱਚ ਵੜ ਕੇ ਮਾਰਦਾ ਹੈ । ਇੰਡੀਆ ਗੱਠਜੋੜ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਫਿਰ ਤੋਂ ਜੰਮੂ ਕਸ਼ਮੀਰ ਵਿੱਚ ਧਾਰਾ 370 ਲਾਗੂ ਕਰਨਾ ਚਾਹੁੰਦੇ ਹਨ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/7946153688761989
ਮੋਦੀ ਨੇ ਕੇਂਦਰ ਵਿੱਚ ਮੁੜ ਸਰਕਾਰ ਬਣਾਉਣ ਲਈ ਡੇਰਾ ਬਾਬਾ ਨਾਨਕ ਨੂੰ ਪ੍ਰਣਾਮ ਕਰਦਿਆਂ ਗੁਰਦਾਸਪੁਰ ਦੀ ਪਾਵਨ ਧਰਤੀ ਤੋਂ ਆਸ਼ੀਰਵਾਦ ਮੰਗਿਆ । ਸ੍ਰੀ ਮੋਦੀ ਨੇ ਕਿਹਾ ਕਿ ਗੁਰਦਾਸਪੁਰ ਅਤੇ ਭਾਜਪਾ ਦਾ ਰਿਸ਼ਤਾ ਖ਼ਾਸ ਹੈ । ਪੰਜਾਬ ਚ ਪੁਰਾਣੇ ਸਾਥੀਆਂ ਦੇ ਨਾਲ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਚਾਰ ਵਾਰ ਸਾਂਸਦ ਰਹੇ ਵਿਨੋਦ ਖੰਨਾ, ਜੋ ਜ਼ਮੀਨ ਨਾਲ ਜੁੜੇ ਸਨ, ਨਾਲ ਉਨ੍ਹਾਂ ਮੋਢੇ ਨਾਲ ਮੋਢਾ ਜੋੜ ਲੰਬਾ ਸਮਾਂ ਕੰਮ ਕੀਤਾ । ਪੰਜਾਬ ਅਤੇ ਦੇਸ਼ ਦੇ ਤੇਜ਼ ਵਿਕਾਸ ਲਈ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਨ ਲਈ ਉਹ ਲੋਕਾਂ ਕੋਲੋਂ ਆਸ਼ੀਰਵਾਦ ਲੈਣ ਆਏ ਹਨ ।
ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਕੋਲ ਦਸ ਸਾਲ ਦਾ ਟਰੈਕ ਰਿਕਾਰਡ ਹੈ ਅਤੇ ਵਿਕਸਿਤ ਭਾਰਤ ਦਾ ਸਪਸ਼ਟ ਨਜ਼ਰੀਆ ਹੈ । ਦੂਜੇ ਪਾਸੇ ਇੰਡੀਆ ਗੱਠਜੋੜ ਘੋਰ ਸੰਪਰਦਾਇਕ, ਜਾਤੀਵਾਦੀ ਅਤੇ ਪਰਿਵਾਰਵਾਦ ਹੈ । ਕਾਂਗਰਸ ਅਤੇ ਝਾੜੂ ਵਾਲੇ ਲੋਕਾਂ ਨੂੰ ਮੂਰਖ ਬਣਾਉਣ ਲਈ ਤਰ੍ਹਾਂ ਤਰ੍ਹਾਂ ਦਾ ਡਰਾਮਾ ਕਰਦੇ ਹਨ । ਦਿੱਲੀ ਵਿੱਚ ਦੋਸਤ ਹੋਣ ਦਾ ਵਿਖਾਵਾ ਕਰਦੇ ਹਨ, ਭ੍ਰਿਸ਼ਟਾਚਾਰੀ ਨੂੰ ਬਚਾ ਰਹੇ ਹਨ ਅਤੇ ਪੰਜਾਬ ਵਿੱਚ ਇੱਕ ਦੂਸਰੇ ਨੂੰ ਗਾਲ੍ਹਾਂ ਕੱਢ ਰਹੇ ਹਨ । ਲੋਕ ਜਾਣ ਗਏ ਹਨ ਕਿ ਇਨ੍ਹਾਂ ਦੋਵਾਂ ਦੁਕਾਨਾਂ ਦਾ ਇੱਕੋ ਸ਼ਟਰ ਹੈ । ਇੰਡੀਆ ਗਠਬੰਧਨ ਨੂੰ ਹਰਾ ਕੇ ਸਿਰਫ਼ ਭਾਜਪਾ ਨੂੰ ਹੀ ਵੋਟ ਦੇ ਕੇ ਲੋਕਾਂ ਦੇ ਸੁਪਨੇ ਪੂਰੇ ਹੋਣਗੇ । ਲੋਕਾਂ ਕੋਲੋਂ ਪੁੱਛੋ ਤਾਂ 90 ਪ੍ਰਤੀਸ਼ਤ ਲੋਕ ਕਹਿੰਦੇ ਹਨ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣੇਗੀ । ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਭ ਤੋਂ ਵੱਧ ਜ਼ਖ਼ਮ ਇਸੇ ਇੰਡੀਆ ਗੱਠਜੋੜ ਨੇ ਦਿੱਤੇ । ਆਜ਼ਾਦੀ ਮਗਰੋਂ ਵੰਡ ਦਾ ਜ਼ਖ਼ਮ, ਸਵਾਰਥ ਦੇ ਚਲਦਿਆਂ ਅਸਥਿਰਤਾ ਦਾ ਜ਼ਖ਼ਮ ਅਤੇ ਇਸ ਦੇ ਨਾਲ ਪੰਜਾਬ ਵਿੱਚ ਅਸ਼ਾਂਤੀ ਦਾ ਲੰਬਾ ਦੌਰ ਇਨ੍ਹਾਂ ਦੀ ਹੀ ਦੇਣ ਹੈ।
ਕਾਂਗਰਸ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੇ ਵੱਖਵਾਦ ਨੂੰ ਹਵਾ ਦਿੱਤੀ ਅਤੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ । ਇਹੀ ਨਹੀਂ ਦੰਗਾਈਆਂ ਨੂੰ ਬਚਾਇਆ ਵੀ ਗਿਆ । ਆਪਣੀ ਪਿੱਠ ਥਾਪੜਦਿਆਂ ਉਨ੍ਹਾਂ ਕਿਹਾ ਕਿ ਇਹ ਮੋਦੀ ਹੈ ਜਿਸ ਨੇ ਸਿੱਖ ਦੰਗਿਆਂ ਦੀਆਂ ਫਾਈਲਾਂ ਖੁਲ੍ਹਵਾਈਆਂ ਅਤੇ ਦੋਸ਼ੀਆਂ ਨੂੰ ਸਜਾ ਦੁਆਈ । ਅੱਜ ਵੀ ਕਾਂਗਰਸ ਅਤੇ ਝਾੜੂ ਪਾਰਟੀ ਨੂੰ ਤਕਲੀਫ਼ ਹੈ ਅਤੇ ਮੋਦੀ ਨੂੰ ਦਿਨ ਰਾਤ ਗਾਲ੍ਹਾਂ ਕੱਢਦੇ ਹਨ । ਜਦ ਕਾਂਗਰਸ ਪੰਜਾਬ ਚ ਸੱਤਾ ਸੀ ਤਾਂ ਰਿਮੋਟ ਰਾਹੀਂ ਸਰਕਾਰ ਚਲਾਉਣਾ ਚਾਹੁੰਦੀ ਸੀ ਪਰ ਦੇਸ਼ ਦੇ ਜਾਂ ਬਾਜ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਅਤੇ ਦਿੱਲੀ ਦੇ ਹੁਕਮ ਮੰਨਣੇ ਬੰਦ ਕਰ ਦਿੱਤੇ । ਪੰਜਾਬ ਦਾ ਇਹ ਅਪਮਾਨ ਕੋਈ ਭੁੱਲ ਸਕਦਾ ਹੈ ।
ਅੱਜ ਵੀ ਪੰਜਾਬ ਨੂੰ ਰਿਮੋਟ ਰਾਹੀਂ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ । ਦਿੱਲੀ ਦੇ ਦਰਬਾਰੀ ਪੰਜਾਬ ਚਲਾ ਰਹੇ ਹਨ । ਪੰਜਾਬ ਦੇ ਮੁੱਖ ਮੰਤਰੀ ਖ਼ੁਦ ਇੱਕ ਫ਼ੈਸਲਾ ਨਹੀਂ ਲੈ ਸਕਦੇ ਅਤੇ ਪੰਜਾਬ ਸਰਕਾਰ ਚਲਾਉਣ ਲਈ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਬੈਠੇ ਆਪਣੇ ਮਾਲਕ ਕੋਲੋਂ ਨਵੇਂ ਹੁਕਮ ਲੈਣ ਜਾਣਾ ਪਿਆ । ਕਾਂਗਰਸੀ ਸ਼ਹਿਜ਼ਾਦਾ ਵਿਦੇਸ਼ ਜਾ ਕੇ ਦੇਸ਼ ਨੂੰ ਬਦਨਾਮ ਕਰਦਾ ਹੈ । ਸ੍ਰੀ ਮੋਦੀ ਨੇ ਕਿਹਾ ਕਿ ਇੱਕ ਜੂਨ ਬਾਅਦ ਕੱਟਰ ਭ੍ਰਿਸ਼ਟਾਚਾਰੀ ਫਿਰ ਜੇਲ੍ਹ ਜਾਏਗਾ । ਕੀ ਫਿਰ ਤੋਂ ਪੰਜਾਬ ਸਰਕਾਰ ਜੇਲ੍ਹ ਤੋਂ ਚੱਲੇਗੀ ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਠੱਪ ਹੈ ਅਤੇ ਇੰਡੀਆ ਗਠਬੰਧਨ ਵਾਲੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ । ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਭਲਾ ਹੋਵੇ ਅਤੇ ਪੰਜਾਬ ਦਾ ਵਿਕਾਸ ਹੋਵੇ । ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈਆਂ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ ਅਤੇ ਅੱਗੇ ਵੀ ਅਜਿਹੀਆਂ ਯੋਜਨਾਵਾਂ ਚਲਾਉਣ ਦੀ ਗੱਲ ਕਹੀ । ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲ ਵਿੱਚ ਕੇਂਦਰ ਨੇ ਕਣਕ ਅਤੇ ਝੋਨੇ ਦੀ ਰਿਕਾਰਡ ਖ਼ਰੀਦ ਕੀਤੀ ਹੈ । ਜਿਸ ਮੁੱਲ ਤੇ ਕਾਂਗਰਸ ਰਾਜ ਵਿੱਚ ਫ਼ਸਲ ਖਰੀ ਦੀ ਜਾਂਦੀ ਸੀ ਹੁਣ ਉਸ ਐੱਮਐੱਸਪੀ ਨੂੰ ਢਾਈ ਗੁਣਾ ਤੱਕ ਵਧਾ ਦਿੱਤਾ ਗਿਆ ਹੈ । ਲੀਚੀ ਉਤਪਾਦਕਾਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਰਾਹੀਂ ਫ਼ਾਇਦਾ ਪਹੁੰਚਾਉਣ ਦੀ ਗੱਲ ਵੀ ਉਨ੍ਹਾਂ ਕਹੀ ।
ਸੂਬੇ ਵਿੱਚ ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਡਰੱਗਜ਼ ਦਾ ਕੰਮ ਕਰਨ ਵਾਲਿਆਂ ਨੂੰ ਸੂਬੇ ਦੀ ਸਰਕਾਰ ਦੀ ਸ਼ਹਿ ਹੈ । ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਿੱਲੀ –ਕਟੜਾ ਹਾਈ ਵੇਅ ਬਣਾ ਰਹੀ ਹੈ , ਅੰਮ੍ਰਿਤਸਰ-ਪਠਾਨਕੋਟ ਹਾਈ ਵੇਅ ਵਰਗੇ ਇਨਫਰਾ ਸਟਰਕਚਰ ਬਣਾ ਰਹੀ ਹੈ ਅਤੇ ਰੇਲਵੇ ਦਾ ਵਿਕਾਸ ਕਰ ਰਹੀ ਹੈ । ਰਾਮ ਮੰਦਿਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਮੰਦਿਰ ਬਣਨ ਤੇ ਖ਼ੁਸ਼ੀ ਜਤਾਈ ਕਾਂਗਰਸ ਨੇ ਬਾਈਕਾਟ ਕੀਤਾ । ਰਾਮ ਮੰਦਰ ਬਣਾਉਣ ਲਈ ਸਭ ਤੋਂ ਪਹਿਲੀ ਲੜਾਈ ਇੱਕ ਸਿੱਖ ਨੇ ਲੜੀ ਸੀ ਅਤੇ ਰਾਮ ਮੰਦਰ ਦੇ ਸਮਾਗਮ ਵਿੱਚ ਉਨ੍ਹਾਂ ਦੇ ਸਬੰਧੀ ਮੌਜੂਦ ਸਨ । ਇੰਡੀਆ ਗੱਠਜੋੜ ਦੇ ਨੇਤਾ ਰਾਮ ਮੰਦਰ ਨੂੰ ਅਪਵਿੱਤਰ ਅਤੇ ਬੇਕਾਰ ਦੱਸ ਰਹੇ ਹਨ । ਅਜਿਹੇ ਲੋਕ ਪੰਜਾਬ ਦੀ ਪਹਿਚਾਣ ਤੇ ਹਮਲਾ ਕਰਨਗੇ । ਸ੍ਰੀ ਮੋਦੀ ਨੇ ਕਿਹਾ ਇਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ ਅਤੇ ਕਾਸ਼ੀ ਦੇ ਸਾਂਸਦ ਹੋਣ ਨਾਤੇ ਉਹ, ਉਨ੍ਹਾਂ ਨੂੰ ਨਮਣ ਕਰਦੇ ਹਨ । ਕਾਸ਼ੀ ਵਿਸ਼ਵਾਨਾਥ ਮਹਾਦੇਵ ਤੇ ਜੋ ਸੋਨਾ ਜੜਿਆ, ਮਹਾਰਾਜਾ ਰਣਜੀਤ ਨੇ ਸਿੰਘ ਨੇ ਜੜਾਇਆ।
ਇਸ ਤੋਂ ਪਹਿਲਾਂ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਹੁਸ਼ਿਆਰਪੁਰ ਤੋਂ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਭਾਜਪਾ ਦੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ, ਸੋਮ ਪ੍ਰਕਾਸ਼, ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਫ਼ਤਿਹ ਜੰਗ ਸਿੰਘ ਬਾਜਵਾ, ਅਵਿਨਾਸ਼ ਰਾਏ ਖੰਨਾ, ਰਾਕੇਸ਼ ਸ਼ਰਮਾ ਵੀ ਮੌਜੂਦ ਸਨ।