ਰਾਜਨੀਤੀ ਮੇਰਾ ਪੇਸ਼ਾ ਨਹੀਂ ਪਰ ਲੋਕਾਂ ਦੀ ਸੇਵਾ ਕਰਨ ਦੀ ਦਿਲ ਵਿੱਚ ਹੈ ਇੱਛਾ : ਕਰਮਜੀਤ ਅਨਮੋਲ
- ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੈਂਬਰਾਂ ਦੇ ਰੂ-ਬ-ਰੂ ਹੋਏ ‘ਆਪ’ ਉਮੀਦਵਾਰ
ਦੀਪਕ ਗਰਗ
ਕੋਟਕਪੂਰਾ, 27 ਅਪੈ੍ਰਲ 2024 :- ਸਥਾਨਕ ਮਿਉਸਪਲ ਪਾਰਕ ਵਿਖੇ ਸਥਿੱਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਪੁੱਜੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਹਿੱਸਿਆਂ ਤੋਂ ਆਏ ਸ਼ਹਿਰ ਵਾਸੀਆਂ ਨੇ ਜਿੱਥੇ ਸਵਾਲ ਪੁੱਛੇ, ਉੱਥੇ ਸ਼ਹਿਰ ਵਾਸੀਆਂ ਨੂੰ ਆਉਂਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਕਰਮਜੀਤ ਅਨਮੋਲ ਨੇ ਇਕ-ਇਕ ਸਵਾਲ ਦਾ ਜਵਾਬ ਬੜੀ ਦਲੀਲ ਨਾਲ ਸਰਲ ਭਾਸ਼ਾ ਵਿੱਚ ਦਿੰਦਿਆਂ ਆਖਿਆ ਕਿ ਰਾਜਨੀਤੀ ਮੇਰਾ ਪੇਸ਼ਾ ਨਹੀਂ, ਮੈਂ ਤਾਂ ਲੋਕ ਸੇਵਾ ਦੀ ਮਨਸ਼ਾ ਨਾਲ ਰਾਜਨੀਤੀ ਵਿੱਚ ਆਇਆ ਹਾਂ।
ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ, ਉਪ ਚੇਅਰਮੈਨ ਸੁਰਿੰਦਰ ਸਿੰਘ ਸਦਿਉੜਾ, ਵਿੱਤ ਸਕੱਤਰ ਸੁਪਰਡੈਂਟ ਜਸਕਰਨ ਸਿੰਘ ਭੱਟੀ, ਸਰਪ੍ਰਸਤ ਪ੍ਰੋ. ਦਰਸ਼ਨ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿੰਦੀਰੱਤਾ, ਐਨ.ਆਰ.ਆਈ. ਵਿੰਗ ਦੇ ਇੰਚਾਰਜ ਨਛੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਸਰਾਂ, ਸਕੱਤਰ ਬਿੱਟਾ ਠੇਕੇਦਾਰ, ਸਹਾਇਕ ਖਜਾਨਚੀ ਛਿੰਦਾ ਰਾਮਗੜੀਆ, ਗੁਰਵੀਰਕਰਨ ਸਿੰਘ ਢਿੱਲੋਂ ਅਤੇ ਪੈ੍ਰਸ ਸਕੱਤਰ ਗੁਰਮੀਤ ਸਿੰਘ ਮੀਤਾ ਨੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਮਨਦੀਪ ਸਿੰਘ ਮਿੰਟੂ ਗਿੱਲ ਆਦਿ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜਰੀ ਵਿੱਚ ਵੱਖ-ਵੱਖ ਪਹਿਲੂਆਂ ਤੋਂ ਸਮੱਸਿਆਵਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਪਹਿਲਾਂ ਜਿੱਤੇ ਨੁਮਾਇੰਦੇ ਮੁੜ ਕੇ ਵਾਪਸ ਨਹੀਂ ਆਏ, ਕਿਤੇ ਤੁਸੀਂ ਵੀ ਜਿੱਤਣ ਤੋਂ ਬਾਅਦ ਕੋਟਕਪੂਰਾ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਨਜਰਅੰਦਾਜ ਨਾ ਕਰ ਦੇਣਾ।
ਕਰਮਜੀਤ ਅਨਮੋਲ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਤੁਹਾਡੇ ਵਿੱਚ ਹੀ ਰਹੇਗਾ ਅਤੇ ਜੇਕਰ ਇਸ ਹਲਕੇ ਦੇ ਵੋਟਰਾਂ ਦੀ ਕਿ੍ਰਪਾ ਹੋ ਜਾਂਦੀ ਹੈ ਤੇ ਉਸਨੂੰ ਜਿੱਤ ਨਸੀਬ ਹੁੰਦੀ ਹੈ ਤਾਂ ਉਹ ਪਹਿਲੇ ਸਾਲ ਦੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਗੁੱਡ ਮੌਰਨਿੰਗ ਕਲੱਬ ਨੂੰ 10 ਲੱਖ ਰੁਪਏ ਸੇਵਾ ਕਾਰਜਾਂ ਲਈ ਦੇਵੇਗਾ ਤੇ ਇਹ ਸਿਲਸਿਲਾ ਹਰ ਸਾਲ ਜਾਰੀ ਰਹੇਗਾ। ਕਰਮਜੀਤ ਅਨਮੋਲ ਨੇ ਆਖਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਸੱਤਾ ਸੰਭਾਲਣ ਦੇ ਮਹਿਜ 2 ਸਾਲਾਂ ਦੇ ਕਾਰਜਕਾਲ ਦੌਰਾਨ 43 ਹਜਾਰ ਤੋਂ ਜਿਆਦਾ ਨੌਜਵਾਨਾ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਤਕਸੀਮ ਕੀਤੇ, ਹਰ ਸਮਾਗਮ ਮੌਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਮੰਚ ਤੋਂ ਪੁੱਛਿਆ ਜਾਂਦਾ ਸੀ ਕਿ ਕਿਸੇ ਨੂੰ ਰਿਸ਼ਵਤ ਦੇਣ ਜਾਂ ਸਿਫਾਰਸ਼ ਪਵਾਉਣ ਦੀ ਜਰੂਰਤ ਪਈ ਹੋਵੇ ਤਾਂ ਹੱਥ ਖੜਾ ਕਰਕੇ ਮੀਡੀਏ ਸਾਹਮਣੇ ਜਨਤਕ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਜੇਕਰ ਮਹਿਜ 2 ਸਾਲ ਦੀ ਕਾਰਗੁਜਾਰੀ ਬਾਰੇ ਵਿਸਥਾਰ ਵਿੱਚ ਜਿਕਰ ਕਰਨਾ ਹੋਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ ਐਨੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿੰਨਾ ਦੀ ਜਿੱਥੇ ਗੁਆਂਢੀ ਰਾਜਾਂ ਵਲੋਂ ਨਕਲ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀਆਂ ਵਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀਆਂ ਲੋਕਪੱਖੀ ਨੀਤੀਆਂ ਦੀ ਪ੍ਰਸੰਸਾ ਹੋ ਰਹੀ ਹੈ।