ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਹੀਣ ਬਾਦਲਾਂ ਕੀਤਾ - ਰਵੀਇੰਦਰ ਸਿੰਘ
- ਟਕਸਾਲੀ ਅਕਾਲੀ ਵੰਸ਼ਵਾਦੀਆਂ ਦਾ ਖਹਿੜਾ ਛੱਡਣ --ਰਵੀਇੰਦਰ ਸਿੰਘ
- ਦਲਬਦਲੂਆਂ ਦੀ ਥਾਂ ਪਾਰਟੀ ਲੀਡਰਸ਼ਿਪ ਨੂੰ ਟਿਕਟ ਦੇਣੀ ਚਾਹੀਦੀ ਸੀ
ਚੰਡੀਗੜ੍ਹ 25 ਅਪ੍ਰੈਲ 2024 - ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਦੋਸ਼ ਲਾਇਆ ਹੈ ਕਿ ਉਸ ਨੇ ਪਾਰਟੀ ਨੂੰ ਸਿਧਾਂਤਹੀਣ ਕਰਨ ਬਾਅਦ, ਇਸ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਵਰਗਾ ਬਣਾ ਦਿਤਾ ਹੈ ਤਾਂ ਜੋ ਇਸ ਦੀ ਕਮਾਂਡ ਉਨਾ ਦੇ ਪਰਿਵਾਰ ਤੱਕ ਹੀ ਸੀਮਤ ਰਹੇ।ਸਾਬਕਾ ਸਪੀਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀਆਂ ਤੇ ਜ਼ੋਰ ਦਿਤਾ ਕਿ ਉਹ ਇੰਨਾਂ ਵੰਸ਼ਵਾਦੀਆਂ ਦਾ ਖਹਿੜਾ ਛਡਣ ਤਾਂ ਜੋ ਸ਼ਹੀਦਾਂ ਦੀ ਇਸ ਮਹਾਨ ਜਥੇਬੰਦੀ ਦਾ ਮੁੜ ਨਿਰਮਾਣ ਕਰਕੇ ,ਗੁਰੂ-ਪੰਥ ਦੇ ਸਿਧਾਂਤ ਨੂੰ ਦੁਬਾਰਾ ਲਾਗੂ ਕੀਤਾ ਜਾ ਸਕੇ।
ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਵੱਡੇ ਬਾਦਲ ਦੇ ਮਾਰਗ ਤੇ ਚੱਲ ਰਹੇ ਹਨ ਜਿਸ ਨੇ ਪਾਰਟੀ ਨੂੰ ਖੋਰਾ ਲਾਇਆ ਹੈ।ਹੋ ਰਹੀਆਂ ਲੋਕ ਸਭਾ ਚੋਣਾ ਚ ,ਬਾਹਰੀ ਉਮੀਦਵਾਰ ਉਤਾਰਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਜਾਣ ਬੁੱਝ ਕੇ, ਪਹਿਲੇ ਤੇ ਦੂਸਰੇ ਨੰਬਰ ਦੀ ਲੀਡਰਸ਼ਿਪ ਤਿਆਰ ਕਰਨ ਤੋਂ ਕਿਨਾਰਾ ਵਟਿਆ ਜਾ ਰਿਹਾ ਹੈ। ਰਵੀਇੰਦਰ ਸਿੰਘ ਮੁਤਾਬਕ ਇੰਨਾ ਪਰਿਵਾਰ ਵਾਦੀਆਂ ਨੇ ਪਾਰਟੀ ਦਾ ਸਰੂਪ ਹੀ ਬਦਲ ਦਿਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਚੋਣ ਨਤੀਜਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਚ ਵੱਡੀ ਉਥਲ-ਪੁਥਲ ਹੋਵੇਗੀ। ਕੁਝ ਅਹਿਮ ਆਗੂਆਂ ਵੱਲੋਂ ਪਾਰਟੀ ਛੱਡਣ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਸਭ ਕੁਝ ਅਛਾ ਨਹੀ ਹੈ। ਪਾਰਟੀ ਅੰਦਰ ਵਰਕਰ ਤੇ ਲੀਡਰ ਘੁਟਣ ਮਹਿਸੂਸ ਕਰ ਰਹੇ ਹਨ।ਇੰਨਾ ਪਾਰਟੀ ਦੇ ਥੰਮ ਰੋਲ ਦਿਤੇ ਹਨ।ਲੋਕ ਸਭਾ ਚੋਣਾਂ ਚ,ਗੁਪਤ ਸਮਝੌਤੇ ਦੀ ਚਰਚਾ ਹੋ ਰਹੀ ਹੈ ਕਿ ਚੋਣਾਂ ਨੂਰਾ ਕਿਸ਼ਤੀ ਵਾਂਗ ਹੋ ਰਹੀਆਂ ਹਨ। ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀਦਲ ਸਭ ਤੋਂ ਪੁਰਾਣੀ ਪਾਰਟੀ ਹੈ ਪਰ ਇਸ ਵੇਲੇ ਪਰਿਵਾਰਵਾਦ ਦੀ ਭੇਟ ਚੜ੍ਹੀ ਹੋਈ ਹੈ।