ਹਰਸਿਮਰਤ ਕੌਰ ਬਾਦਲ ਨੇ ਕੀਤਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਤੀਕੇ ਦਾ ਦੌਰਾ, ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ
-- ਨੰਨ੍ਹੀ ਛਾਂ ਮੁਹਿੰਮ ਤਹਿਤ 76 ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ
-- ਆਮ ਆਦਮੀ ਪਾਰਟੀ ਤੋਂ ਵੱਡਾ ਲੁਟੇਰਾ ਕੋਈ ਹੋਰ ਨਹੀਂ ਹੈ -- ਹਰਸਿਮਰਤ ਕੌਰ ਬਾਦਲ
-- ਇੱਕ-ਇੱਕ ਕਰਕੇ ਕਾਂਗਰਸ ਦੇ ਸਾਰੇ ਹੀ ਮੰਤਰੀ ਜਾ ਰਹੇ ਸਲਾਖਾਂ ਪਿੱਛੇ - ਹਰਸਿਮਰਤ ਬਾਦਲ।
ਮਾਨਸਾ, 27 ਅਗਸਤ 2022 - ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਸਤੀਕੇ ਦਾ ਦੌਰਾ ਕੀਤਾ ਗਿਆ, ਜਿਥੇ ਉਹਨਾਂ ਨੇ ਨੰਨ੍ਹੀ ਛਾਂ ਮੁਹਿੰਮ ਤਹਿਤ ਸਿਖਲਾਈ ਪੂਰੀ ਕਰ ਚੁੱਕੀਆਂ 76 ਲੜਕੀਆਂ ਤੇ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਸਰਟੀਫਿਕੇਟ ਅਤੇ ਪੌਦੇ ਵੰਡੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੜਕੀਆਂ ਨੂੰ ਆਪਣੇ ਘਰਾਂ ਵਿੱਚ ਬੈਠੇ ਹੀ ਇੱਕ ਹੁਨਰ ਦੇਣਾ ਹੈ ਤਾਂ ਕਿ ਇਹ ਆਪਣੇ ਪੈਰਾਂ ਸਿਰ ਖੜੀਆਂ ਹੋ ਕੇ ਕਮਾਊ ਬਣ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਵੱਡਾ ਲੁਟੇਰਾ ਕੋਈ ਹੋਰ ਨਹੀਂ ਹੈ, ਓਥੇ ਹੀ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕੀਤੀ ਗਈ ਲੁੱਟ ਕਾਰਨ ਅੱਜ ਇਹਨਾਂ ਦੇ ਮੰਤਰੀ ਇਕ-ਇਕ ਕਰਕੇ ਸਲਾਖਾਂ ਪਿੱਛੇ ਹੋ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਨੰਨ੍ਹੀ ਛਾਂ ਮੁਹਿੰਮ ਤਹਿਤ Harsimrat Badal ਨੇ ਸਿਖਲਾਈ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ (ਵੀਡੀਓ ਵੀ ਦੇਖੋ)
ਨੰਨ੍ਹੀ ਛਾਂ ਮੁਹਿੰਮ ਤਹਿਤ ਸਿਖਲਾਈ ਹਾਸਿਲ ਕਰਨ ਵਾਲੀਆਂ ਲੜਕੀਆਂ ਤੇ ਔਰਤਾਂ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਲੜਕੀਆਂ ਨੂੰ ਆਪਣੇ ਘਰਾਂ ਵਿੱਚ ਬੈਠੇ ਹੀ ਅਜਿਹਾ ਕੋਈ ਹੁਨਰ ਦੇਣਾ ਸੀ, ਜਿਸ ਨਾਲ ਇਹ ਕਿਸੇ ਤੇ ਬੋਝ ਨਾ ਬਣ ਕੇ ਕਮਾਊ ਬਣ ਸਕਣ। ਉਨ੍ਹਾਂ ਕਿਹਾ ਕੇ ਮੇਰੇ ਵੱਲੋਂ ਆਪਣੇ ਲੋਕਸਭਾ ਹਲਕੇ ਵਿੱਚ ਸੈਂਕੜੇ ਸਿਖਲਿਆ ਕੇਂਦਰ ਖੋਲ੍ਹੇ ਗਏ, ਜਿਥੇ 13 ਹਜਾਰ ਤੋਂ ਵੱਧ ਲੜਕੀਆਂ ਤੇ ਮਹਿਲਾਵਾਂ ਨੂੰ ਸਿਖਲਾਈ ਦੇ ਕੇ ਆਤਮ-ਨਿਰਭਰ ਬਣਾਇਆ ਗਿਆ ਹੈ, ਜਿਸ ਨਾਲ ਉਹ ਪੈਸੇ ਕਮਾਉਣ ਲੱਗੀਆਂ ਹਨ ਤੇ ਪਰਿਵਾਰ ਵਿੱਚ ਉਹਨਾਂ ਦਾ ਰੁਤਬਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਕਾਫੀ ਸੈਂਟਰ ਬੰਦ ਵੀ ਹੋ ਗਏ ਅਤੇ ਅੱਜ ਮਹਿਲਾਵਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ ਹੈ ਕਿਉਂਕਿ ਮੁੱਖਮੰਤਰੀ ਨੇ ਦਿੱਲੀ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਜੇਕਰ ਸਰਕਾਰ ਪੰਜਾਬ ਦੇ ਹੱਕਾਂ ਤੇ ਪੈ ਰਹੇ ਡਾਕੇ ਨਹੀਂ ਰੋਕ ਸਕਦੀ ਤਾਂ ਮਹਿਲਾਵਾਂ ਦੀ ਸੁਣਵਾਈ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨੰਨ੍ਹੀ ਛਾਂ ਮੁਹਿੰਮ ਦੀ ਸੋਚ ਕੁੱਖ ਤੇ ਰੁੱਖ ਦੀ ਰਾਖੀ ਨਾਲ ਜੁੜ ਕੇ ਇਸ ਮੁਹਿੰਮ ਨੂੰ ਕਾਮਯਾਬ ਕਰਨ ਦੀ ਲੋੜ ਹੈ।
ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸ਼ਰਾਬ ਪਾਲਿਸੀ ਤੇ ਬੋਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਵੱਡੇ ਲੁਟੇਰੇ ਹੋਰ ਕੋਈ ਨਹੀਂ ਹਨ ਅਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਕੇ ਤੇ ਪੰਜਾਬ ਨੂੰ ਅਪਾਹਿਜ ਕਰਕੇ ਲੁੱਟ ਕੇ ਚਲੇ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਸ਼ਰਾਬ ਪਾਲਿਸੀ ਲਿਆ ਕੇ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਕੇ ਕੇਜਰੀਵਾਲ ਦੀ ਜੇਬ ਭਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 92 ਸੀਟਾਂ ਜਿੱਤਣ ਵਾਲੀ ਪਾਰਟੀ ਸਰਕਾਰ ਬਣਨ ਦੇ ਤਿੰਨ ਮਹੀਨੇ ਬਾਅਦ ਹੀ ਮੁੱਖ ਮੰਤਰੀ ਦੇ ਹਲਕੇ ਵਿੱਚੋ ਉਪ ਚੋਣਾਂ ਹਾਰ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਸ ਤੋਂ ਮਾੜਾ ਬਦਲਾਵ ਹੋਰ ਕੋਈ ਨਹੀਂ ਹੋ ਸਕਦਾ।
ਵਿਰੋਧੀ ਪਾਰਟੀਆਂ ਤੇ ਹੱਲਾ ਬੋਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਲੋਕਾਂ ਨਾਲ ਝੂਠੇ ਲਾਰੇ ਲਗਾ ਕੇ ਕਾਂਗਰਸ ਦੀ ਬਣੀ ਜਿਨ੍ਹਾ ਨੇ ਲੁੱਟਾਂ ਕਰਕੇ ਪੰਜਾਬ ਦੇ ਸਿਰ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਵੱਲੋਂ ਕੀਤੀ ਗਈ ਲੁੱਟ ਕਾਰਨ ਅੱਜ ਇਕ ਇਕ ਕਰਕੇ ਸਾਰੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਟਿਕਟਾਂ ਵੇਚੀਆਂ ਗਈਆਂ ਸਨ ਤੇ ਹੁਣ ਰਾਜ ਸਭਾ ਦੀਆਂ ਟਿਕਟਾਂ ਵੇਚੀਆਂ ਹਨ ਅਤੇ ਮੌਜੂਦਾ ਸਰਕਾਰ ਨੇ ਵੀ ਚਾਰ ਮਹੀਨਿਆਂ ਵਿਚ ਪੰਜਾਬ ਦੇ ਸਿਰ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ।