ਗੁਰਮੀਤ ਰਾਮ ਰਹੀਮ ਨੇ ਡੇਰਾ ਸਿਰਸਾ ਅੰਦਰ ਗੁੱਟਬਾਜ਼ੀ ਦੀਆਂ ਖ਼ਬਰਾਂ ਦਾ ਕੀਤਾ ਜ਼ੋਰਦਾਰ ਖੰਡਨ…ਪ੍ਰੇਮੀਆਂ ਦੇ ਨਾਂਅ ਜਾਰੀ ਕੀਤੇ ਸੰਦੇਸ਼ ਚ ਕੀਤੇ ਕਈ ਹੋਰ ਖ਼ੁਲਾਸੇ
ਡੇਰਾ ਸਿਰਸਾ ਮੁਖੀ ਨੇ ਬੇਅਦਬੀ ਦੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਕੀਤਾ ਰੱਦ...
ਡੇਰਾ ਸਿਰਸਾ ਮੁਖੀ ਵੱਲੋਂ ਆਪਣੇ ਤੇ ਲਾਏ ਬੇਅਦਬੀ ਦੇ ਦੋਸ਼ ਸਿਰੇ ਤੋਂ ਰੱਦ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ2022:- ਪੰਜਾਬ ਪੁਲਿਸ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਨਾਮਜਦ ਕਰਨ ਤੋਂ ਬਾਅਦ ਡੇਰਾ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ। ਡੇਰਾ ਸਿਰਸਾ ਮੁਖੀ ਨੇ ਸ਼ਨੀਵਾਰ ਵਾਲੇ ਦਿਨ ਆਪਣੇ ਪੈਰੋਕਾਰਾਂ ਨੂੰ ਨੌਵੀਂ ਚਿੱਠੀ ਲਿਖੀ ਹੈ ਜੋ ਡੇਰਾ ਸੱਚਾ ਸੌਦਾ ਦੇ ਐਤਵਾਰ ਨੂੰ ਨਾਮਚਰਚਾ ਸਮਾਗਮ ’ਚ ਪੜ੍ਹ ਕੇ ਸੁਣਾਈ ਗਈ ਹੈ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਡੇਰਾ ਸਿਰਸਾ ਦੇ ਯੂਟਿਊਬ ਚੈਨਲ ਤੇ ਵੀ ਨਾਲੋ ਨਾਲ ਕੀਤਾ ਗਿਆ ਹੈ। ਡੇਰਾ ਪ੍ਰਬੰਧਕਾਂ ਨੇ ਨਾਮ ਚਰਚਾ ਸਮਾਗਮ ਦੌਰਾਨ ਦਾਅਵਾ ਕੀਤਾ ਹੈ ਕਿ ਇਹ ਚਿੱਠੀ ਅੱਜ ਉਨ੍ਹਾਂ ਕੋਲ ਪੁੱਜੀ ਹੈ। ਇਸ ਪੱਤਰ ਤੇ ਬਕਾਇਦਾ ਸਪਰਡੈਂਟ ਜੇਲ੍ਹ ਰੋਹਤਕ ਦੀ ਮੋਹਰ ਵੀ ਲੱਗੀ ਹੋਈ ਹੈ ਅਤੇ ਸੈਂਸਰਡ ਵੀ ਲਿਖਿਆ ਹੋਇਆ ਹੈ।
ਡੇਰਾ ਸਿਰਸਾ ਮੁਖੀ ਇੰਨ੍ਹੀਂ ਦਿਨੀਂ ਕੁੱਝ ਮਾਮਲਿਆਂ ’ਚ ਸਜ਼ਾਵਾਂ ਹੋਣ ਕਾਰਨ ਰੋਹਤਕ ਦੀ ਸੁਨਾਰੀਆਂ ਜੇਲ੍ਹ ਵੱਚ ਬੰਦ ਹੈ। ਡੇਰਾ ਮੁਖੀ ਨੇ ਪੱਤਰ ’ਚ ਆਖਿਆ ਹੈ ਕਿ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨਾ ਤਾਂ ਦੂਰ ਉਹ ਤਾਂ ਇਸ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਕਦੇ ਕਿਸੇ ਧਰਮ ਦਾ ਨਿਰਾਦਰ ਨਹੀਂ ਕੀਤਾ ਬਲਕਿ ਉਹ ਤਾਂ ਆਪਣੇ ਸ਼ਰਧਾਲੂਆਂ ਨੂੰ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਬਾਰੇ ਸਿੱਖਿਆ ਦਿੰਦੇ ਹਨ। ਡੇਰਾ ਮੁਖੀ ਨੇ ਆਪਣੀ ਲੰਮੀ ਚੌੜੀ ਚਿੱਠੀ ’ਚ ਟੇਢੇ ਢੰਗ ਨਾਲ ਆਪਣੇ ਪ੍ਰੀਵਾਰ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਜਾਂ ਤਰੇੜਾਂ ਦੀ ਗੱਲ ਨੂੰ ਵੀ ਖਾਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਲੜਕਾ ਜਸਮੀਤ , ਲੜਕੀ ਅਮਰਪ੍ਰੀਤ, ਲੜਕੀ ਚਰਨਪ੍ਰੀਤ ਅਤੇ ਹਨੀਪ੍ਰੀਤ ਉਨ੍ਹਾਂ ਨੂੰ ਇਕੱਠੇ ਰੋਹਤਕ ਜੇਲ੍ਹ ਵਿੱਚ ਛੱਡਣ ਆਏ ਸਨ।
ਉਨ੍ਹਾਂ ਕਿਹਾ ਕਿ ਜਸਮੀਤ, ਅਮਰਪ੍ਰੀਤ ਅਤੇ ਚਰਨਪ੍ਰੀਤ ਨੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਉਨ੍ਹਾਂ ਕੋਲੋਂ ਇਜ਼ਾਜ਼ਤ ਲਈ ਹੈ। ਗੌਰਤਲਬ ਹੈ ਕਿ ਖੁਦ ਨੂੰ ਡੇਰਾ ਸਿਰਸਾ ਪੈਰੋਕਾਰ ਦੱਸਣ ਵਾਲੇ ਇੱਕ ਗਰੁੱਪ ਵੱਲੋਂ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ ਰਾਹੀਂ ਡੇਰਾ ਮੁਖੀ ਦੇ ਪ੍ਰੀਵਾਰਕ ਢਾਂਚੇ ਬਾਰੇ ਕਈ ਤਰਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਖਾਸ ਤੌਰ ਤੇ ਡੇਰਾ ਮੁਖੀ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀ ਡੇਰੇ ਵਿਚਲੇ ਕੰਮਕਾਜ ਸਬੰਧੀ ਭੂਮਿਕਾ ਨੂੰ ਲੈਕੇ ਇਹ ਧੜਾ ਕਈ ਤਰਾਂ ਦੇ ਦੋਸ਼ ਲਾਉਂਦਾ ਆ ਰਿਹਾ ਹੈ। ਹਾਲਾਂਕ ਡੇਰਾ ਪ੍ਰਬੰਧਕਾਂ ਨੇ ਕਈ ਵਾਰ ਇੰਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਪਰ ਇਹ ਸਿਲਸਲਾ ਉਵੇਂ ਜਾਰੀ ਹੈ। ਇਸੇ ਧੜੇ ਵੱਲੋਂ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਪੈਰੋਕਾਰਾਂ ਨੂੰ ਡੇਰੇ ਦੇ ਸਿਆਸੀ ਵਿੰਗ ਤੋਂ ਬਾਗੀ ਹੋਕੇ ਨੋਟਾ ਦਾ ਬਟਨ ਦਬਾਉਣ ਦਾ ਵੀ ਸੱਦਾ ਦਿੱਤਾ ਸੀ ਜੋਕਿ ਬੇਅਸਰ ਰਿਹਾ ਸੀ।
ਡੇਰਾ ਮੁਖੀ ਨੇ ਇਸ ਪੱਤਰ ਰਾਹੀਂ ਇੱਕ ਤਰਾਂ ਨਾਲ ਇਸ ਧੜੇ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਰੱਦ ਕਰਦਿਆਂ ਆਪਣੇ ਪ੍ਰੀਵਾਰ ਅਤੇ ਪੈਰੋਕਾਰਾਂ ਦੇ ਇੱਕ ਮੋਰੀ ਲੰਘਣ ਦੇ ਸੰਕੇਤ ਦਿੱਤੇ ਹਨ। ਡੇਰਾ ਮੁਖੀ ਨੇ ਆਪਣੇ ਪੱਤਰ ’ਚ ਕੁੱਝ ਦਿਨ ਪਹਿਲਾਂ ਡੇਰਾ ਪ੍ਰੇਮੀਆਂ ਦੇ ਵੱਡੇ ਇਕੱਠ ਵੱਲੋਂ ਗੁਰੂਗਰਾਮ ’ਚ ਚਲਾਏ ਸਫਾਈ ਅਭਿਆਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਦੀ ਤਰਾਂ ਇਕੱਠੇ ਹੋਕੇ ਡੇਰਾ ਪੈਰੋਕਾਰ ਅਪਰੈਲ ਮਹੀਨੇ ਦੌਰਾਨ ਡੇਰੇ ਦੇ ਸਥਾਪਨਾ ਦਿਵਸ ਦੇ ਸਬੰਧ ’ਚ ਰੋਹਤਕ ਵਿਖੇ ਸਫਾਈ ਮੁਹਿੰਮ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਡੇਰਾ ਪ੍ਰਬੰਧਕਾਂ ਨੂੰ ਚਿੱਠੀ ਰਹੀਂ ਨਿਰਦੇਸ਼ ਦਿੱਤੇ ਕਿ ਉਹ ਪਹਿਲਾਂ ਰੋਹਤਕ ਪ੍ਰਸ਼ਾਸ਼ਨ ਤੋਂ ਸਫਾਈ ਮੁਹਿੰਮ ਬਾਰੇ ਮਨਜੂਰੀ ਲੈਣ ਅਤੇ ਉਸ ਤੋਂ ਬਾਅਦ ਹੀ ਉਹ ਅਗਲਾ ਕਦਮ ਚੁੱਕਣ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 21 ਦਿਨ ਦੀ ਫਰਲ੍ਹੋ ਗੁਰੂਗ੍ਰਾਮ ’ਚ ਬਿਤਾਈ ਹੈ ਜਿਸ ਦੌਰਾਨ ਉਹ ਡੇਰਾ ਸਿਰਸਾ ਦੀ ਸਾਧ ਸੰਗਤ ਨੂੰ ਮਿਲਣਾ ਚਾਹੁੰਦੇ ਸਨ ਪਰ ਕਾਨੂੰਨੀ ਬੰਦਸ਼ਾਂ ਕਾਰਨ ਉਹ ਅਜਿਹਾ ਨਹੀਂ ਕਰ ਸਕੇ ਹਨ। ਡੇਰਾ ਮੁਖੀ ਨੇ ਚਿੱਠੀ ’ਚ ਇੱਕ ਸ਼ੇਅਰ ‘ਰਜ਼ਾ ਮੇਂ ਰਾਜ਼ੀ, ਵੋਹੀ ਮਰਦ ਗਾਜ਼ੀ ’ ਰਾਹੀਂ ਖੁਦ ਕਾਨੂੰਨ ਦੀ ਪਾਲਣਾ ਕਰਨ ਦਾ ਅਹਿਦ ਦੁਹਰਾਇਆ ਅਤੇ ਪੈਰੋਕਾਰਾਂ ਨੂੰ ਵੀ ਕਾਨੂੰਨ ਮੰਨਣ ਦਾ ਸੰਦੇਸ਼ ਵੀ ਦਿੱਤਾ ਹੈ। ਡੇਰਾ ਮੁਖੀ ਨੇ ਆਪਣੇ ਪੱਤਰ ’ਚ ਰੂਸ ਅਤੇ ਯੁਕਰੇਨ ’ਚ ਚੱਲ ਰਹੇ ਯੁੱਧ ਦੇ ਸਮਾਪਤ ਅਤੇ ਸ਼ਾਂਤੀ ਬਹਾਲ ਹੋਣ ਦੀ ਅਰਦਾਸ ਕੀਤੀ ਹੈ ਅਤੇ ਅਪਣੇ ਪੈਰੋਕਾਰਾਂ ਨੂੰ ਵੀ ਇਸ ਲੜਾਈ ਦੇ ਜਲਦੀ ਬੰਦ ਹੋਣ ਲਈ ਅਜਿਹਾ ਹੀ ਕਰਨ ਦੀ ਹਦਾਇਤ ਕੀਤੀ ਹੈ।