ਕੀ ਨਵਜੋਤ ਸਿੱਧੂ ਦੇ ਸਿਰ ਸਜੇਗਾ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਤਾਜ ?
ਚੰਡੀਗੜ੍ਹ, 19 ਸਤੰਬਰ, 2021: ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਕੌਣ ਹੋਣਗੇ? ਇਸ ਬਾਰੇ ਕਾਂਗਰਸ ਦਾ ਮੰਥਨ ਚੱਲ ਰਿਹਾ ਹੈ। ਸੂਤਰਾਂ ਦੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦਾ ਦਾਅਵਾ ਪੇਸ਼ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਸਾਬਕਾ ਮੁਖੀ ਸੁਨੀਲ ਜਾਖੜ ਵੀ ਇਸ ਦੌੜ ਵਿੱਚ ਸ਼ਾਮਲ ਹਨ। ਇਸ ਤੋਂ ਬਾਅਦ ਸਿੱਧੂ ਅਤੇ ਜਾਖੜ ਦੇ ਹੱਕ ਵਿੱਚ ਵਿਧਾਇਕਾਂ ਦੀ ਲਾਮਬੰਦੀ ਸ਼ੁਰੂ ਹੋ ਗਈ ਹੈ। ਕੁੱਝ ਨੇਤਾ ਜਾਖੜ ਦੇ ਘਰ ਗੁਲਦਸਤੇ ਲੈਕੇ ਵੀ ਪਹੁੰਚ ਗਏ ਹਨ, ਜਦੋਂ ਕਿ ਕੁਝ ਵਿਧਾਇਕਾਂ ਨੇ ਸਿੱਧੂ ਦੇ ਨੇੜਲੇ ਸਹਿਯੋਗੀ ਸੁਖਜਿੰਦਰ ਰੰਧਾਵਾ ਦੇ ਘਰ ਮੁਲਾਕਾਤ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਹਾਈਕਮਾਨ ਦੇ ਹੁਕਮਾਂ ਤੇ ਕਾਂਗਰਸ ਵਿਧਾਇਕ ਦਲ ਵੱਲੋਂ ਰਾਤੋ-ਰਾਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟਣ ਤੋਂ ਬਾਅਦ ਪੰਜਾਬ ਸਰਕਾਰ ਦੀ ਸਥਿਤੀ ਅਜੀਬੋ ਗਰੀਬ ਬਣੀ ਹੋਈ ਹੈ। ਭਾਵੇਂ ਬੀਤੇ ਕੱਲ੍ਹ ਵਿਧਾਇਕ ਦਲ ਦੀ ਮੀਟਿੰਗ 'ਚ ਵਿਧਾਇਕਾਂ ਵੱਲੋਂ ਸਾਰੇ ਅਧਿਕਾਰ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਦੇ ਦਿੱਤੇ ਗਏ ਸਨ ਇਸ ਲਈ ਹਾਈਕਮਾਨ ਅੱਜ ਹੀ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਸਕਦੀ ਹੈ।
ਸੂਤਰਾਂ ਮੁਤਾਬਕ ਭਾਵੇਂ ਕਿ ਕੱਲ੍ਹ ਤਕ ਮੁੱਖ ਮੰਤਰੀ ਦੇ ਚਿਹਰੇ ਦੇ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਸੀ ਪਰ ਉਸ ਦੇ ਨਾਮ ਤੇ ਬਹੁਤ ਸਾਰੇ ਵਿਧਾਇਕਾਂ ਨੇ ਸਹਿਮਤੀ ਨਹੀਂ ਦਿੱਤੀ, ਸੋ ਹੁਣ ਚਰਚਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ ਕਿਉਂਕਿ ਬਹੁਤੇ ਵਿਧਾਇਕ ਚਾਹੁੰਦੇ ਹਨ ਕਿ 18 ਸੂਤਰੀ ਏਜੰਡੇ ਤੇ ਤੁਰੰਤ ਐਕਸ਼ਨ ਕੀਤਾ ਜਾਵੇ। ਹੁਣ ਕਾਂਗਰਸ ਹਾਈ ਕਮਾਂਡ ਇਸ ਦਾ ਸਿੱਧਾ ਐਲਾਨ ਕਰੇਗੀ।
ਇੱਕ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀ ਦੇ ਫਾਰਮੂਲੇ ਨੂੰ ਹੁਣ ਕਾਂਗਰਸ ਦੇ ਅੰਦਰ ਵਿਚਾਰਿਆ ਜਾ ਰਿਹਾ ਹੈ। ਜੇ ਕਿਸੇ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ, ਤਾਂ ਇੱਕ ਜੱਟ ਸਿੱਖ ਅਤੇ ਇੱਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜੇ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ, ਤਾਂ ਇੱਕ ਹਿੰਦੂ ਅਤੇ ਇੱਕ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਫਾਰਮੂਲੇ ਰਾਹੀਂ ਕਾਂਗਰਸ ਵਿਰੋਧੀਆਂ ਦੇ ਹਿੰਦੂ ਅਤੇ ਦਲਿਤ ਅਤੇ ਖਾਸ ਕਰਕੇ ਅਕਾਲੀ ਦਲ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਚੋਣ ਵਾਅਦੇ ਨੂੰ ਤੋੜ ਸਕਦੀ ਹੈ।