ਕਪੂਰਥਲਾ ਦੇ 6 ਪਿੰਡਾਂ ਅੰਦਰ ਵੈਕਸੀਨੇਸ਼ਨ 100 ਫੀਸਦੀ ਹੋਈ
ਬਲਵਿੰਦਰ ਸਿੰਘ ਧਾਲੀਵਾਲ
- ਡਿਪਟੀ ਕਮਿਸ਼ਨਰ ਵਲੋਂ ਦੂਜੇ ਪਿੰਡਾਂ ਨੂੰ ਪ੍ਰੇਰਨਾ ਲੈਣ ਦੀ ਅਪੀਲ
ਸੁਲਤਾਨਪੁਰ ਲੋਧੀ, 19 ਜੂਨ 2021 - ਕਪੂਰਥਲਾ ਜਿਲ੍ਹੇ ਦੇ 6 ਪਿੰਡਾਂ ਅੰਦਰ 45 ਸਾਲ ਤੋਂ ਉੱਪਰ ਉਮਰ ਵਰਗ ਦੀ ਆਬਾਦੀ ਦੀ 100 ਫੀਸਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਿੰਡ ਨੰਗਲ ਲੁਬਾਣਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸ਼ਹਿਰ ਦੀ ਆਬਾਦੀ ਦੀ ਵੈਕਸੀਨੇਸ਼ਨ ਦਰ 95 ਫੀਸਦੀ ਤੋਂ ਪਾਰ ਕਰ ਗਈ ਸੀ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਮਿਸ਼ਨ ਫਤਹਿ-2 ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ—ਘਰ ਜਾ ਕੇ ਲੋਕਾਂ ਦੀ ਸਕਰੀਨਿੰਗ ਦੌਰਾਨ ਉਨ੍ਹਾਂ ਨੂੰ ਵੈਕਸੀਨੇਸ਼ਨ ਬਾਰੇ ਜਾਗਰੂਕ ਕੀਤਾ ਗਿਆ ਜਿਸਦੇ ਸਾਰਥਿਕ ਨਤੀਜੇ ਨਿਕਲੇ ਹਨ।
ਪਾਂਸ਼ਟਾ ਬਲਾਕ ਦੇ ਪਿੰਡਾਂ ਕਿਰਪਾਲਪੁਰ ਦੀ ਕੁੱਲ ਆਬਾਦੀ 352 ਹੈ, ਜਿਸ ਵਿਚੋਂ 45 ਸਾਲ ਤੋਂ ਉੱਪਰ ਉਮਰ ਵਾਲੇ 109 ਵਿਚੋਂ 107 ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬੇਗੋਵਾਲ ਬਲਾਕ ਦੇ ਪਿੰਡ ਘੁੱਗ ਵਿਚ ਕੁੱਲ ਆਬਾਦੀ 317 ਹੈ, ਜਿਸ ਵਿਚੋਂ 84 ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਸਭ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ।
ਇਸੇ ਤਰ੍ਹਾਂ ਪਿੰਡ ਲੰਮੇ ਦੀ ਆਬਾਦੀ 1521 ਹੈ, ਜਿਸ ਵਿਚੋਂ 45 ਸਾਲ ਤੋਂ ਵੱਧ ਉਮਰ ਵਾਲਿਅਾਂ ਦੀ ਗਿਣਤੀ 413 ਵਿਚੋਂ ਸਭ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ।
ਬੇਗੋਵਾਲ ਬਲਾਕ ਦੇ ਹੀ ਪਿੰਡ ਹੁਸੋਵਾਲ ਦੀ ਆਬਾਦੀ 166 ਵਿਚੋਂ 63 ਵਿਅਕਤੀ 45 ਸਾਲ ਤੋਂ ਉੱਪਰ ਉਮਰ ਵਾਲੇ ਹਨ, ਜਿਨ੍ਹਾਂ ਦੀ ਵੈਕਸੀਨੇਸ਼ਨ ਹੋ ਗਈ ਹੈ। ਬੇਗੋਵਾਲ ਦੇ ਹੀ ਮੰਡੀ ਰੋਡ ਇਲਾਕੇ ਦੀ ਕੁੱਲ 412 ਦੀ ਆਬਾਦੀ ਵਿਚੋਂ 102 ਦੀ ਉਮਰ 45 ਸਾਲ ਤੋਂ ਵੱਧ ਹੈ, ਜਿਨ੍ਹਾਂ ਸਭ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਟਿੱਬਾ ਬਲਾਕ ਦੇ ਪਿੰਡ ਮੁਕਟਰਾਮ ਵਾਲਾ ਦੀ 45 ਸਾਲ ਤੋਂ ਉੱਪਰ ਦੀ ਆਬਾਦੀ 67 ਹੈ, ਜਿਨ੍ਹਾਂ ਸਭ ਦੀ ਵੈਕਸੀਨੇਸ਼ਨ ਹੋ ਗਈ ਹੈ।
ਇਸ ਤੋਂ ਪਹਿਲਾਂ ਨੰਗਲ ਲੁਬਾਣਾ ਪਿੰਡ ਨੇ ਕੋਵਿਡ ਦੀ ਦੂਜੀ ਲਹਿਰ ਦਾ ਮੂੰਹ ਮੋੜਕੇ ਜਿੱਥੇ 45 ਸਾਲ ਤੋਂ ਉੱਪਰ ਉਮਰ ਵਰਗ ਦੇ 1334 ਲੋਕਾਂ ਵਿਚੋਂ 1300 ਦੇ ਕਰੀਬ ਦੀ ਵੈਕਸੀਨੇਸ਼ਨ ਕਰ ਲਈ ਹੈ, ਜਦਕਿ ਭੁਲੱਥ ਵਿਖੇ 45 ਸਾਲ ਤੋਂ ਉੱਪਰ ਉਮਰ ਵਰਗ ਦੇ 2354 ਲੋਕਾਂ ਵਿਚੋਂ 2188 ਅਤੇ ਸੁਲਤਾਨਪੁਰ ਲੋਧੀ ਦੇ 3431ਵਿਚੋਂ 3286 ਦਾ ਟੀਕਾਕਰਨ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਦੂਜੇ ਪਿੰਡਾਂ ਨੂੰ ਵੀ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੇ ਪਿੰਡਾਂ ਤੋਂ ਸੇਧ ਲੈ ਕੇ ਜਲਦ ਤੋਂ ਜਲਦ ਵੈਕਸੀਨੇਸ਼ਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਮਹਾਂਮਾਰੀ ਉੱਪਰ ਜਲਦ ਕਾਬੂ ਪਾਇਆ ਜਾ ਸਕੇ।