ਕਰਫ਼ਿਊ ਦੀ ਉਲੰਘਣਾ ਕਰਨ 'ਤੇ ਗਿੱਪੀ ਗਰੇਵਾਲ ਸਮੇਤ ਪੂਰੀ ਟੀਮ 'ਤੇ ਕੇਸ ਦਰਜ
ਪਟਿਆਲਾ, 1 ਮਈ 2021 - ਕਰਫ਼ਿਊ ਦੀ ਉਲੰਘਣਾ ਕਰਨ 'ਤੇ ਗਾਇਕ ਤੇ ਕਲਾਕਾਰ ਗਿੱਪੀ ਗਰੇਵਾਲ ਸਮੇਤ ਉਨ੍ਹਾਂ ਦੀ ਟੀਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਪਰਚਾ ਬਨੂੜ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਗਿੱਪੀ ਗਰੇਵਾਲ ਦੀ ਟੀਮ ਦੇ 100 ਤੋਂ ਵੱਧ ਮੈਬਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਅਸਲ 'ਚ ਗਿੱਪੀ ਗਰੇਵਾਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ ਅਤੇ ਕਰਫ਼ਿਊ ਦੀ ਉਲੰਘਣਾ ਨੂੰ ਲੈ ਕੇ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਟੀਮ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਕਰਾਲਾ ਦੇ ਫਾਰਮ ਹਾਊਸ ਵਿੱਚ ਬਣੇ ਖੁੱਲ੍ਹੇ ਸਟੂਡੀਓ ਵਿੱਚ ਪੰਜਾਬੀ ਕਾਮੇਡੀ ਫਿਲਮ ਗਿਰਧਾਰੀ ਲਾਲ ਦੀ ਸ਼ੂਟਿੰਗ ਕਰ ਰਹੀ ਸੀ।
ਇਸ ਮੌਕੇ ਬਨੂੜ ਦੇ ਕਾਂਗਰਸੀ ਆਗੂ ਅਤੇ ਸਾਬਕਾ ਐੱਮਸੀ ਗੁਰਮੇਲ ਸਿੰਘ ਫੌਜੀ ਨੇ ਗਿੱਪੀ ਗਰੇਵਾਲ ਦੀ ਜ਼ਮਾਨਤ ਲਈ। ਗਿੱਪੀ ਗਰੇਵਾਲ ਸਮੇਤ ਕਈ ਹੋਰਨਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ। ਪਰ ਬਨੂੜ ਦੇ ਸਾਬਕਾ ਐੱਮ ਸੀ ਗੁਰਮੀਤ ਸਿੰਘ ਨੇ ਉਸ ਦੀ ਜ਼ਮਾਨਤ ਦਿੱਤੀ ‘ਤੇ ਮੌਕੇ ‘ਤੇ ਹੀ ਉਸ ਨੂੰ ਰਿਹਾਅ ਵੀ ਕਰ ਦਿੱਤਾ ਗਿਆ।