- ਕਿਹਾ ਕਿ ਇਕ ਪਾਸੇ 1984 ਕਤਲੇਆਮ ਦੇ ਦੋਸ਼ੀਆਂ ਤੇ ਦੂਜੇ ਪਾਸੇ ਸਰਕਾਰਾਂ ਨਾਲ ਰਲੇ ਹੋਏ ਹਨ ਦੋਵੇਂ ਭਰਾ
- ਕਿਸਾਨਾਂ ਦਾ ਵਿਰੋਧ ਕਰਨ ਦੀ ਵੀਡੀਓ ਮੀਡੀਆ ਅੱਗੇ ਕੀਤੀ ਪੇਸ਼
ਨਵੀਂ ਦਿੱਲੀ, 14 ਅਪ੍ਰੈਲ 2021 -ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸਰਨਾ ਭਰਾਵਾਂ ਨੇ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਅਤੇ ਸਿੱਖਾਂ ਦਾ ਵਿਰੋਧ ਕੀਤਾ ਹੈ ਤੇ ਇਸ ਗੁਸਤਾਖੀ ਲਈ ਸਿੱਖ ਕੌਮ ਕਦੇ ਵੀ ਸਰਨਾ ਭਰਾਵਾਂ ਨੁੰ ਮੁਆਫ ਨਹੀਂ ਕਰੇਗੀ।
ਅੱਜ ਇਥੇ ਅਕਾਲੀ ਦਲ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਨਾ ਭਰਾ ਕਹਿ ਰਹੇ ਹਨ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਕਿਸਾਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਹ ਸਰਕਾਰ ਤੇ ਕਿਸਾਨਾਂ ਦਾ ਆਪਸੀ ਮਸਲਾ ਹੈ। ਉਹਨਾਂ ਕਿਹਾ ਕਿ ਜਦੋਂ ਸਾਰੀ ਦੁਨੀਆਂ ਵੇਖ ਰਹੀ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਕਿਸਾਨਾਂਦੀ ਸੇਵਾ ਕਰ ਰਹੀ ਹੈ,ਦਿੱਲੀ ਦੇ ਬਾਰਡਰਾਂ ’ਤੇ ਲੰਗਰ ਲਗਾ ਰਹੀ ਹੈ ਤੇ ਨਜਾਇਜ਼ ਕੇਸਾਂ ਵਿਚ ਫਸਾਏ ਕਿਸਾਨਾਂ ਤੇ ਸਿੱਖਾਂ ਦੀ ਜ਼ਮਾਨਤ ਕਰਵਾ ਰਹੀ ਹੈ, ਉਦੋਂ ਸਰਨਾ ਭਰਾਵਾਂ ਵੱਲੋਂ ਕਿਸਾਨਾਂ ਤੇ ਸਿੱਖਾਂ ਦਾ ਵਿਰੋਧ ਸਿਰਫ ਤੇ ਸਿਰਫ ਸਰਕਾਰ ਦੇ ਇਸ਼ਾਰੇ ’ਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਪਹਿਲਾਂ ਵੀ ਸਰਨਾ ਭਰਾ ਕਿਸਾਨਾਂ ਤੇ ਸਿੱਖਾਂ ਦਾ ਵਿਰੋਧ ਕਰ ਚੁੱਕੇ ਹਨ।
ਦੋਹਾਂ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਹਿਲਾਂ ਸਰਨਾ ਭਰਾ ਇਹ ਕਹਿੰਦੇ ਸਨ ਕਿ 1984 ਦੇ ਕਤਲੇਆਮ ਦੇ ਕੇਸ ਹੁਣ ਖਤਮ ਹੋ ਗਏ ਹਨ ਤੇ ਦੋਸ਼ੀਆਂ ਨੂੰ ਮੁਆਫ ਕਰ ਦਿਓ ਤੇ ਹੁਣ ਕਹਿਣ ਲੱਗ ਪਏ ਹਨ ਕਿ ਕਿਸਾਨਾਂ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਦੀ ਇਕ ਸੋਚੀ ਸਮਝੀ ਸਾਜ਼ਿਸ਼ ਹੈ ਜਿਸਨੂੰ ਸਰਨਾ ਭਰਾ ਅਮਲੀ ਜਾਮਾ ਪਾ ਰਹੇ ਹਨ।
ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਇਕ ਪਾਸੇ ਤਾਂ ਸਿੱਖ ਕੌਮ 1984 ਦੇ ਕਤਲੇਆਮ ਦੇ ਦੋਸ਼ੀਆਂ ਨੁੰ ਜੇਲ ਭਿਜਵਾ ਰਹੀ ਹੈ ਤੇ ਕਿਸਾਨਾਂ ਦੀ ਸੇਵਾ ਕਰ ਰਹੀ ਹੈ, ਦੂਜੇ ਪਾਸੇ ਸਰਨਾ ਭਰਾ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ।
ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਸਰਨਾ ਤੇ ਜੀ ਕੇ ਭਾਵੇਂ ਵੱਖੋ ਵੱਖ ਚੋਣਾਂ ਲੜਨ ਦਾ ਡਰਾਮਾ ਕਰ ਰਹੇ ਹਨ ਪਰ ਅਸਲ ਵਿਚ ਦੋਵੇਂ ਇਕ ਹਨ ਤੇ ਸਰਕਾਰਾਂ ਨਾਲ ਰਲ ਕੇ ਇਹਨਾਂ ਦਾ ਮਕਸਦ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਨੂੰ ਮਨੁੱਖਤਾ ਦੀ ਸੇਵਾ ਕਰਨ ਤੋਂ ਰੋਕਣਾ ਹੈ। ਉਹਨਾਂ ਕਿਹਾ ਕਿ ਇਹ ਦੋਵੇਂ ਧੜੇ ਚੋਣਾਂ ਲੜਨ ਤੋਂ ਡਰਦੇ ਹਨ, ਇਸੇ ਕਾਰਨ ਉਹਨਾਂ ਨੇ ਪਹਿਲਾਂ ਗੁਰਦੁਆਰਾ ਡਾਇਰੈਕਟੋਰੇਟ ਦਾ ਮੋਢਾ ਵਰਤ ਕੇ ਸਾਡਾ ਚੋਣ ਨਿਸ਼ਾਨ ਰੁਕਵਾਇਆ ਤੇ ਜਦੋਂ ਦਿੱਲੀ ਹਾਈ ਕੋਰਟ ਨੇ ਬਾਲਟੀ ਨਿਸ਼ਾਨ ਅਕਾਲੀ ਦਲ ਨੁੰ ਅਲਾਟ ਕਰਨ ਦਾ ਹੁਕਮ ਦਿੱਤਾ ਤਾਂ ਇਹ ਸੁਪਰੀਮ ਕੋਰਟ ਚਲੇ ਗਏ। ਉਹਨਾਂ ਕਿਹਾ ਕਿ ਇਹਨਾਂ ਦਾ ਕੇਸ ਸੁਪਰੀਟ ਕੋਰਟ ਵਿਚ ਸਰਕਾਰ ਦੇ ਵਕੀਲਾਂ ਨੇ ਲੜਿਆ ਪਰ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ।
ਸਿਰਸਾ ਤੇ ਕਾਲਕਾ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਆਗੂ ਤੇਜਿੰਦਰ ਸਿੰਘ ਬੱਗਾ ਵੱਲੋਂ ਸੋਸ਼ਲ ਮੀਡੀਆ ’ਤੇ ਸਰਆਮ ਟਿੱਪਣੀ ਕੀਤੀ ਗਈ ਹੈ ਕਿ ਮੌਜੁਦਾ ਚੌਣਾਂ ਵਿਚ ਸਰਨਾ ਭਰਾਵਾਂ ਅਤੇ ਭਾਜਪਾ ਦਾ ਗਠਜੋੜ ਜਿੱਤੇਗਾ। ਬੱਗਾ ਨੇ ਕੁਲਵੰਤ ਸਿੰੰਘ ਬਾਠ ਨੂੰ ਟਿਕਟ ਦੇਣ ਲਈ ਸਰਨੇ ਭਰਾਵਾਂ ਦਾ ਧੰਨਵਾਦ ਵੀ ਕੀਤਾ ਹੈ । ਉਨ੍ਹਾਂ ਕਿਹਾ ਕਿ ਜਿਹੜਾ ਗਠਜੋੜ ਹੁਣ ਤੱਕ ਲੁਕਵੇਂ ਤੌਰ ’ਤੇ ਕੰਮ ਕਰ ਰਿਹਾ ਸੀ, ਭਾਜਪਾ ਆਗੂ ਨੇ ਆਪ ਹੀ ਉਸ ਨੂੰ ਜਨਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਗੁਰਧਾਮਾਂ ’ਤੇ ਭਾਜਪਾ ਕਾਬਿਜ਼ ਹੋਣ ਲਈ ਪੱਬਾਂ ਭਾਰ ਹੈ।
ਉਹਨਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਇਸ ਮਗਰੋਂ ਇਹ ਲੋਕ ਕੋਰੋਨਾ ਕਾਰਨ ਚੋਣਾਂ ਰੱਦ ਕਰਨ ਦੀ ਗੱਲ ਲੈ ਕੇ ਦਿੱਲੀ ਹਾਈ ਕੋਰਟ ਜਾ ਪਹੁੰਚੇ ਪਰ ਅੱਜ ਦਿੱਲੀ ਹਾਈ ਕੋਰਟ ਨੇ ਵੀ ਇਹਨਾਂ ਦੀ ਚੋਣ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਓਟ ਆਸਰਾ ਲੈ ਕੇ ਕੰਮ ਕਰਦੇ ਹਨ ਤੇ ਗੁਰੂ ਦੀ ਰਹਿਮਤ ਤੇ ਬਖਸ਼ਿਸ਼ ਅਨੁਸਾਰ ਹੀ ਚੋਣਾਂ ਲੜ ਰਹੇ ਹਾਂ। ਉਹਨਾਂ ਕਿਹਾ ਕਿਸਾਨੂੰ ਸੰਗਤ ਨੇ ਹੁਕਮ ਦਿੱਤਾ ਹੈ ਕਿ ਸਿਰਫ ਹਾਂ ਪੱਖੀ ਗੱਲਾਂ ਕਰਨੀਆਂ ਹਨ ਤੇ ਇਸੇ ਲਈਅਸੀਂ ਸਾਰੇ ਆਪਣੇ ਉਮੀਦਵਾਰਾਂ ਨੁੰ ਕਿਹਾ ਹੈ ਕਿ ਸਿਰਫ ਆਪਣੇ ਕੀਤੇ ਕੰਮਾਂ ਦੇ ਆਧਾਰ ’ਤੇ ਸੰਗਤ ਤੋਂ ਵੋਟਾਂ ਮੰਗੀਆਂ ਜਾਣ ਤੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਕੋਈ ਜਵਾਬ ਨਾ ਦਿੱਤਾ ਜਾਵੇ।