ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ 2021 - ਬੀਤੇ ਦਿਨੀ ਮਲੋਟ ਵਿਖੇ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਘਟਨਾ ਤੋਂ ਬਾਅਦ ਪੁਲਸ ਵੱਲੋਂ ਕਿਸਾਨਾਂ ’ਤੇ ਪਰਚੇ ਦਰਜ਼ ਕੀਤੇ ਗਏ ਸਨ। ਜਿਸ ਤੋਂ ਬਾਅਦ ਗੁੱਸੇ ਵਿਚ ਆਏ ਕਿਸਾਨ ਵੀਰਵਾਰ ਨੂੰ ਖੁਦ ਹੀ ਮਲੋਟ ਵਿਖੇ ਗ੍ਰਿਫਤਾਰੀਆਂ ਦੇਣ ਜਾ ਪਹੁੰਚੇ। ਜਿੰਨਾਂ ਵਿਚ ਸੁਖਦੇਵ ਸਿੰਘ ਬੂੜਾ ਗੁੱਜਰ, ਨਿਰਮਲ ਸਿੰਘ ਜੱਸੇਆਣਾ, ਬਲਜੀਤ ਸਿੰਘ ਬੋਦੀਵਾਲਾ, ਗੁਰਦੀਪ ਸਿੰਘ ਹਰੀਕੇ ਕਲਾਂ, ਬਲਦੇਵ ਸਿੰਘ, ਲਵਖੀਰ ਸਿੰਘ, ਬਲਵੀਰ ਸਿੰਘ, ਗੁਰਾਦਿੱਤਾ ਸਿੰਘ, ਸਾਧੂ ਸਿੰਘ, ਜਸਕਰਨ ਸਿੰਘ ਸਾਰੇ ਵਾਸੀ ਹਰੀਕੇ ਕਲਾਂ, ਮਨਦੀਪ ਸਿੰਘ ਸਹਿਣਾ ਖੇੜਾ, ਨਾਨਕ ਸਿੰਘ, ਅਵਤਾਰ ਸਿੰਘ ਵਾਸੀ ਫਕਰਸਰ, ਰਾਜਵਿੰਦਰ ਸਿੰਘ ਜੰਡਵਾਲਾ, ਸੁਖਜਿੰਦਰ ਸਿੰਘ, ਦਰਸ਼ਨ ਸਿੰਘ, ਮਨਜਿੰਦਰ ਸਿੰਘ, ਗੁਰਜਿੰਦਰ ਸਿੰਘ ਵਾਸੀ ਵੜਿੰਗ, ਗੋਰਾ ਸਿੰਘ ਫਕਰਸਰ, ਮਹਿਮਾ ਸਿੰਘ ਜੰਡਵਾਲਾ ਸ਼ਾਮਲ ਹਨ।
ਇਨਾਂ ਸਮੇਤ ਹੋਰ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਗੁਰੂ ਨਾਨਕ ਦੇਵ ਚੌਂਕ ਮਲੋਟ ਵਿਖੇ ਧਰਨਾ ਲਗਾ ਲਿਆ ਹੈ ਅਤੇ ਪੁਲਸ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਜੇਲਾਂ ਤੋਂ ਨਹੀਂ ਡਰਦੇ ਪਰ ਉਹ ਆਪਣੇ ਹੱਕ ਲੈ ਕੇ ਰਹਿਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੀ ਸਿਰਫ਼ ਕਿਸਾਨਾਂ ਨਾਲ ਹੋਣ ਦਾ ਢੋਂਗ ਕਰ ਰਹੀ ਹੈ। ਜਦਕਿ ਅਸਲ ਵਿਚ ਉਹ ਮੋਦੀ ਸਰਕਾਰ ਦੇ ਇਸ਼ਾਰਿਆਂ ’ਤੇ ਹੀ ਕੰਮ ਕਰ ਰਹੀ ਹੈ।