ਅਸ਼ੋਕ ਵਰਮਾ
ਚੰਡੀਗੜ੍ਹ, 31 ਮਾਰਚ 2021 - ਕਿਲਾ ਰਾਏਪੁਰ ਵਿਖੇ ਅਡਾਨੀ ਖੁਸ਼ਕ ਬੰਦਰਗਾਹ ਦੀ ਨਾਕੇਬੰਦੀ ਮਗਰੋਂ ਵੀ ਉਸਦਾ ਮਾਲ ਹਿੰਦ ਟਰਮੀਨਲ ਰਾਹੀਂ ਲਿਜਾਣ ਲਿਆਉਣ ਨੂੰ ਰੋਕਣ ਲਈ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਇੱਥੇ ਲਾਇਆ ਗਿਆ ਧਰਨਾ ਅੱਜ ਪੰਜਵੇਂ ਦਿਨ ਸਮਾਪਤ ਕਰ ਦਿੱਤਾ ਗਿਆ। ਵਹੀਰਾਂ ਘੱਤ ਕੇ ਧਰਨੇ ‘ਚ ਪੁੱਜੀਆਂ ਸੈਂਕੜੇ ਔਰਤਾਂ ਤੇ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਕਿ ਇਹ ਫੈਸਲਾ ਕਿਸਾਨ ਆਗੂਆਂ ਦੀ ਪੜਤਾਲੀਆ ਕਮੇਟੀ ਦੀ ਰਿਪੋਰਟ ਅਤੇ ਹਿੰਦ ਟਰਮੀਨਲ ਦੇ ਉੱਚ ਅਧਿਕਾਰੀ ਕੈਪਟਨ ਹਰਮਿੰਦਰ ਸਿੰਘ ਵੱਲੋਂ ਦਿੱਤੇ ਗਏ ਮੋਹਰਬੰਦ ਲਿਖਤੀ ਭਰੋਸੇ ਦੇ ਆਧਾਰ ‘ਤੇ ਕੀਤਾ ਗਿਆ ਗਿਆ ਹੈ। ਪੰਜ ਦਿਨਾਂ ਦੀ ਪੜਤਾਲੀਆ ਰਿਪੋਰਟ ਅਨੁਸਾਰ ਇਸ ਸੰਸਥਾ ਦੇ ਅੰਦਰ ਅਡਾਨੀ ਬੰਦਰਗਾਹ ਦਾ ਕੋਈ ਮਾਲ ਨਹੀਂ ਅਤੇ ਨਾ ਹੀ ਕੋਈ ਮਾਲ ਇਨ੍ਹਾਂ ਦਿਨਾਂ ‘ਚ ਕੱਢਿਆ ਗਿਆ ਹੈ। ਭਰੋਸੇ ਮੁਤਾਬਕ ਅੱਗੇ ਤੋਂ ਵੀ ਅਡਾਨੀ ਬੰਦਰਗਾਹ ਦਾ ਕੋਈ ਮਾਲ ਇਸ ਸੰਸਥਾ ਰਾਹੀਂ ਨਹੀਂ ਢੋਇਆ ਜਾਵੇਗਾ।
ਇਸ ਧਰਨੇ ਦਾ ਮਕਸਦ ਮੋਦੀ ਹਕੂਮਤ ਦੇ ਨਾਲ ਹੀ ਅਡਾਨੀ ਅੰਬਾਨੀ ਜਿਹੀਆਂ ਦਿਓਕੱਦ ਸਾਮਰਾਜੀ ਕੰਪਨੀਆਂ ਨੂੰ ਕਿਸਾਨ ਘੋਲ਼ ਦੇ ਸਿੱਧੇ ਚੋਟ ਨਿਸ਼ਾਨੇ ‘ਤੇ ਰੱਖਣ ਦੀ ਗਰੰਟੀ ਕਰਨਾ ਸੀ। ਜਿਵੇਂ ਕਿ ਪੰਜਾਬ ਦੇ 16 ਜਿਲ੍ਹਿਆਂ ਵਿੱਚ 42 ਥਾਂਵਾਂ ‘ਤੇ ਇਨ੍ਹਾਂ ਕੰਪਨੀਆਂ ਦੇ ਲੋਟੂ ਕਾਰੋਬਾਰਾਂ ਟੌਲ ਪਲਾਜ਼ਿਆਂ, ਸ਼ਾਪਿੰਗ ਮੌਲਜ਼ ਤੇ ਸੈੱਲੋ ਸਟੋਰਾਂ ਸਮੇਤ ਭਾਜਪਾ ਆਗੂਆਂ ਵਿਰੁੱਧ ਛੇ ਮਹੀਨਿਆਂ ਤੋਂ ਪੱਕੇ ਮੋਰਚੇ ਲਾਏ ਹੋਏ ਹਨ। ਧਰਨੇ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਹੋਰ ਮੁੱਖ ਬੁਲਾਰਿਆਂ ‘ਚ ਪਰਮਜੀਤ ਕੌਰ ਪਿੱਥੋ, ਸੁਰਜੀਤ ਕੌਰ ਚੱਕਫਤਿਹਸਿੰਘਵਾਲਾ, ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਸਾਧੂ ਸਿੰਘ ਪੰਜੇਟਾ, ਗੁਰਪ੍ਰੀਤ ਸਿੰਘ ਨੂਰਪੁਰਾ, ਜਗਦੇਵ ਸਿੰਘ ਜੋਗੇਵਾਲਾ ਤੋਂ ਇਲਾਵਾ ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਆਗੂ ਕੁਲਵੰਤ ਸਿੰਘ ਤਰਕ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਮਿਤੋਜ ਮੌੜ ਸ਼ਾਮਲ ਸਨ। ਆਗੂਆਂ ਵੱਲੋਂ ਕਿਸਾਨ ਘੋਲ਼ ਦੇ ਦਿੱਲੀ ਬਾਰਡਰਾਂ ਸਮੇਤ ਸਾਰੇ ਮੋਰਚਿਆਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਅੱਜ ਪੰਜਾਬ ਵਿੱਚ ਹੋਰ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਨਕ ਸਿੰਘ ਭੁਟਾਲ, ਜਸਵੰਤ ਸਿੰਘ ਸੇਖੋਂ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਸੁਨੀਲ ਕੁਮਾਰ ਭੋਡੀਪੁਰਾ ਅਤੇ ਸਰੋਜ ਕੁਮਾਰੀ ਦਿਆਲਪੁਰਾ ਸਮੇਤ ਜਿਲ੍ਹਾ/ਬਲਾਕ ਪੱਧਰੇ ਸਾਰੇ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਮੋਦੀ ਹਕੂਮਤ ਉੱਤੇ ਅਡਾਨੀ ਅੰਬਾਨੀ ਤੇ ਹੋਰ ਵਿਦੇਸ਼ੀ ਦਿਓਕੱਦ ਸਾਮਰਾਜੀ ਕੰਪਨੀਆਂ ਦੀ ਝੋਲੀਚੁੱਕ ਅਤੇ ਕਿਸਾਨ-ਧਰੋਹੀ, ਲੋਕ-ਵਿਰੋਧੀ ਹੋਣ ਦਾ ਦੋਸ਼ ਲਾਇਆ। ਕਿਉਂਕਿ ਕਾਲੇ ਖੇਤੀ ਕਾਨੂੰਨ, ਲੇਬਰ ਕੋਡ ਕਾਨੂੰਨ ਅਤੇ ਨਿਜੀਕਰਨ ਦੀਆਂ ਨੀਤੀਆਂ ਸਭਨਾਂ ਕਿਰਤੀਆਂ ਕਿਸਾਨਾਂ ਦੀ ਖੂਨ ਪਸੀਨੇ ਦੀ ਕਿਰਤ ਕਮਾਈ ਦੀ ਸਾਮਰਾਜੀ ਕੰਪਨੀਆਂ ਦੁਆਰਾ ਅੰਨ੍ਹੀ ਲੁੱਟ ਅਤੇ ਵਿਆਪਕ ਬੇਰੁਜ਼ਗਾਰੀ ਵੱਲ ਸੇਧਤ ਹਨ।
ਸਮੂਹ ਬੁਲਾਰਿਆਂ ਨੇ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ , ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਪੂਰੇ ਦੇਸ਼ 'ਚ ਪੂਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਪੂਰੇ ਦੇਸ਼ ‘ਚ ਲਾਗੂ ਕੀਤੀ ਜਾਵੇ। ਦਿੱਲੀ ਬਾਰਡਰਾਂ ਅਤੇ ਹੋਰ ਕਿਸਾਨ ਮੋਰਚਿਆਂ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨਾਂ ਸਿਰ ਮੜ੍ਹੇ ਦੇਸ਼ਧ੍ਰੋਹੀ ਵਰਗੇ ਸਾਰੇ ਮੁਕੱਦਮੇ ਰੱਦ ਕਰਕੇ ਸਮੂਹ ਨਜ਼ਰਬੰਦ ਕਿਸਾਨ ਮਜਦੂਰ ਤੇ ਹਿਮਾਇਤੀ ਲੋਕ ਰਿਹਾਅ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 5 ਮਾਰਚ ਨੂੰ ਸਾਰੇ ਐਫ ਸੀ ਆਈ ਦਫਤਰਾਂ ਅੱਗੇ ਵਿਸ਼ਾਲ ਧਰਨੇ ਲਾ ਕੇ ਕਣਕ ਤੇ ਹਾੜ੍ਹੀ ਦੀਆਂ ਹੋਰ ਫਸਲਾਂ ਦੀ ਮੁਕੰਮਲ ਖਰੀਦ ਲਈ ਮੰਗ ਪੱਤਰ ਦਿੱਤੇ ਜਾਣਗੇ।