ਨਵੀਂ ਦਿੱਲੀ, 27 ਮਾਰਚ 2021 - ਕੱਲ੍ਹ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਧਰਨਿਆਂ ਤੇ 4 ਮਹੀਨੇ ਪੂਰੇ ਹੋ ਗਏ। ਕਿਸਾਨਾਂ ਨੇ ਹਰ ਸੀਜ਼ਨ ਵਿਚ ਆਪਣੇ ਆਪ ਨੂੰ ਮਜ਼ਬੂਤ ਬਣਾਏ ਰੱਖਿਆ ਹੈ ਅਤੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅਤੇ ਐਮ ਐਸ ਪੀ ਲਈ ਸ਼ਾਂਤਮਈ ਰਹਿ ਕੇ ਆਪਣੀ ਲੜਾਈ ਤੇਜ਼ ਕੀਤੀ ਹੈ। ਇਸ ਸਮੇਂ ਦੌਰਾਨ ਤਕਰੀਬਨ 310 ਕਿਸਾਨ ਸ਼ਹੀਦ ਹੋਏ ਹਨ। ਸੜਕ ਹਾਦਸਿਆਂ ਅਤੇ ਹੋਰ ਕਾਰਨਾਂ ਕਰਕੇ ਸੈਂਕੜੇ ਕਿਸਾਨ ਜਖਮੀ ਅਤੇ ਬਿਮਾਰ ਵੀ ਹੋਏ ਹਨ। ਸਰਕਾਰ ਅਜਿਹੇ ਮਾਹੌਲ ਵਿਚ ਕਿਸਾਨਾਂ ਪ੍ਰਤੀ ਅਣਮਨੁੱਖੀ ਰਹੀ ਹੈ ਜਿਥੇ ਉਸਨੇ ਆਪਣੇ ਕਿਸਾਨਾਂ ਨੂੰ ਹੀ ਬਦਨਾਮ ਕੀਤਾ ਹੈ।
ਸਿਰਫ 4 ਮਹੀਨੇ ਹੀ ਨਹੀਂ, ਇਹ ਅੰਦੋਲਨ ਪੰਜਾਬ ਅਤੇ ਹੋਰ ਕਈ ਹਿੱਸਿਆਂ ਵਿੱਚ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਇਹ ਤਿੰਨੋਂ ਖੇਤੀਬਾੜੀ ਕਾਨੂੰਨ ਆਰਡੀਨੈਂਸ ਦੇ ਰੂਪ ਵਿੱਚ ਲਿਆਂਦੇ ਗਏ ਸਨ। ਇਸ ਅੰਦੋਲਨ ਵਿਚ ਪੰਜਾਬ ਦੇ ਕਿਸਾਨਾਂ ਨੇ ਮੋਹਰੀ ਰੋਲ ਅਦਾ ਕੀਤਾ ਅਤੇ ਦਿੱਲੀ ਵਿੱਚ ਵੀ ਇਸ ਦੀ ਅਗਵਾਈ ਕੀਤੀ ਹੈ।
ਇਸ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਇਹ ਰਹੀ ਹੈ ਕਿ ਇਹ ਅੰਦੋਲਨ ਸ਼ਾਂਤਮਈ ਰਿਹਾ ਹੈ ਅਤੇ ਕਿਸਾਨਾਂ ਨੇ ਸਬਰ ਸੰਤੋਖ ਨਾਲ ਅੰਦੋਲਨ ਦੇ ਹਰ ਪੜਾਅ 'ਤੇ ਜ਼ੋਰ ਸ਼ੋਰ ਨਾਲ ਆਪਣੀ ਤਾਕਤ ਦਿਖਾਈ ਹੈ। ਕਿਸਾਨ ਆਗੂਆਂ ਨੇ ਵੀ ਹਰ ਜਗ੍ਹਾ ਜ਼ੋਰ ਦਿੱਤਾ ਹੈ ਕਿ ਸਾਡੀ ਲਹਿਰ ਸ਼ਾਂਤਮਈ ਰਹੇਗੀ।
ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਆਗੂ ਇਸ ਅੰਦੋਲਨ ਅਤੇ ਕਿਸਾਨਾਂ ਖਿਲਾਫ ਲਗਾਤਾਰ ਬਿਆਨਬਾਜ਼ੀ ਕਰ ਰਹੇ ਹੈ ਅਤੇ ਕਿਸਾਨਾਂ ਨੂੰ ਉਕਸਾ ਰਹੇ ਹਨ। ਇਥੋਂ ਤੱਕ ਕਿ ਇਨ੍ਹਾਂ ਲੀਡਰਾਂ ਵੱਲੋਂ ਸ਼ਹੀਦ ਕਿਸਾਨਾਂ ਦਾ ਅਪਮਾਨ ਵੀ ਕੀਤਾ ਗਿਆ। ਇਸ ਸਭ ਦੇ ਕਾਰਨ ਅਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੇ ਸੰਦਰਭ ਵਿੱਚ, ਕਿਸਾਨਾਂ ਨੇ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਦਾ ਸਮਾਜਿਕ ਬਾਈਕਾਟ ਕੀਤਾ ਹੋਇਆ ਹੈ।
ਅੱਜ ਪੰਜਾਬ ਦੇ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਦਾ ਇਕ ਪ੍ਰੋਗਰਾਮ ਵਿੱਚ ਆਸ ਪਾਸ ਦੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ। ਮੁਸ਼ਕਲ ਹਾਲਾਤਾਂ ਵਿੱਚ ਕਿਸਾਨਾਂ ਦਾ ਇਹ ਅੰਦੋਲਨ ਹਿੰਸਕ ਹੋ ਗਿਆ ਅਤੇ ਵਿਧਾਇਕ ਨਾਲ ਮਾਰਪੀਟ ਵੀ ਕੀਤੀ ਗਈ। ਇਹ ਅਫ਼ਸੋਸ ਦੀ ਗੱਲ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਗਿਆ. ਅਸੀਂ ਇਸ ਘਟਨਾ ਦੀ ਨਿਖੇਦੀ ਕਰਦੇ ਹਾਂ ਅਤੇ ਅਜਿਹੇ ਵਿਵਹਾਰ ਨੂੰ ਉਤਸਾਹਿਤ ਨਹੀਂ ਕਰਦੇ.
ਅਸੀਂ ਇਸ ਘਟਨਾ ਲਈ ਭਾਜਪਾ ਅਤੇ ਉਸਦੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਜ਼ਿੰਮੇਵਾਰ ਮੰਨਦੇ ਹਾਂ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਆਪਣੇ ਅਹੰਕਾਰ ਤੇ ਅੜੀ ਹੋਈ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਬਜਾਏ ਚੋਣ ਵਾਲੇ ਰਾਜਾਂ ਵਿਚ ਰੁੱਝੀ ਹੋਈ ਹੈ। ਭਾਜਪਾ ਦੇ ਖੇਤਰੀ ਆਗੂ ਸਰਕਾਰ ਦੇ ਇਸ ਵਤੀਰੇ ਦੀ ਮਾਰ ਝੱਲ ਰਹੇ ਹਨ।
ਕੱਲ੍ਹ ਭਾਰਤ ਬੰਦ ਦੌਰਾਨ ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ ਦੀ ਖ਼ਬਰ ਮਿਲੀ ਹੈ। ਅਸੀਂ ਪੱਤਰਕਾਰਾਂ ਨਾਲ ਇਸ ਤਰ੍ਹਾਂ ਦੇ ਸਲੂਕ ਦੀ ਨਿਖੇਦੀ ਕਰਦੇ ਹਾਂ. ਸਯੁੰਕਤ ਕਿਸਾਨ ਮੋਰਚਾ ਡਟੇ ਹੋਏ ਕਿਸਾਨਾਂ ਨੂੰ ਮੀਡਿਆ ਦੇ ਨਾਲ ਸਹਿਯੋਗ ਕਰਨ ਅਤੇ ਸ਼ਾਂਤਮਈ ਤੇ ਅਨੁਸ਼ਾਸਿਤ ਰਹਿਣ ਦੀ ਅਪੀਲ ਕਰਦਾ ਹੈ।
ਅਸੀਂ ਸਾਰੇ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਹੁਣ ਤੱਕ ਸ਼ਾਂਤਮਈ ਚਲਿਆ ਇਹ ਅੰਦੋਲਨ ਇਸੇ ਤਰੀਕੇ ਨਾਲ ਸ਼ਾਂਤੀਪੂਰਣ ਰਹਿਣਾ ਚਾਹੀਦਾ ਹੈ. ਕਿਸਾਨੀ ਲਹਿਰ ਹੁਣ ਦਿੱਲੀ ਦੀਆਂ ਸਰਹੱਦਾਂ ਤੋਂ ਦੇਸ਼ ਦੇ ਹਰ ਕੋਨੇ ਤੱਕ ਫੈਲ ਰਹੀ ਹੈ। ਕਿਸਾਨਾਂ ਦੀ ਇਹ ਇਤਿਹਾਸਕ ਲਹਿਰ ਜ਼ਰੂਰ ਸਫਲ ਹੋਵੇਗੀ।