- ਕਿਸਾਨਾਂ ਦੀ ਹਮਾਇਤ ਵਿੱਚ ਜਿਲਾ ਨਵਾਂਸ਼ਹਿਰ ਮੁਕੰਮਲ ਬੰਦ
- ਲੰਗੜੋਆ ਬਾਈਪਾਸ ਉੱਤੇ ਲੱਗਾ ਜਿਲਾ ਪੱਧਰੀ ਜਾਮ
ਨਵਾਂਸ਼ਹਿਰ 26 ਮਾਰਚ 2021 - ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ ਉੱਤੇ ਜਿਲਾ ਪੱਧਰੀ ਜਾਮ ਲਾਇਆ ਗਿਆ ।ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ ।ਇਸ ਧਰਨੇ ਦੀ ਪ੍ਰਧਾਨਗੀ ਸੁਰਿੰਦਰ ਸਿੰਘ ਬੈਂਸ, ਸੁਰਿੰਦਰ ਸਿੰਘ ਮਹਿਰਮਪੁਰ, ਗੁਰਬਖਸ਼ ਕੌਰ ਸੰਘਾ, ਰਾਜ ਕੁਮਾਰ ਸੋਢੀ, ਰਣਜੀਤ ਸਿੰਘ ਰਟੈਂਡਾ, ਕੁਲਦੀਪ ਸਿੰਘ ਝਿੰਗੜ ਅਤੇ ਸਤਨਾਮ ਸਿੰਘ ਸੁੱਜੋਂ ਨੇ ਕੀਤੀ ।
ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਿੰਘ ਬੈਂਸ, ਮਾਸਟਰ ਭੁਪਿੰਦਰ ਸਿੰਘ ਵੜੈਚ ,ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਸੁਰਜੀਤ ਕੌਰ ਉਟਾਲ ,ਸੁਤੰਤਰ ਕੁਮਾਰ,ਰਾਮ ਸਿੰਘ ਨੂਰਪੁਰੀ, ਚਰਨਜੀਤ ਸਿੰਘ ਦੌਲਤ ਪੁਰ, ਦਲਜੀਤ ਸਿੰਘ ਐਡਵੋਕੇਟ, ਬੂਟਾ ਸਿੰਘ ਮਹਿਮੂਦ ਪੁਰ, ਜਸਬੀਰ ਦੀਪ,ਮੁਕੰਦ ਲਾਲ,ਰਣਜੀਤ ਸਿੰਘ ਰਟੈਂਡਾ, ਕੁਲਦੀਪ ਸਿੰਘ ਸੁੱਜੋਂ, ਆਨੰਦ ਕੁਮਾਰ ਹਰਿਆਣਾ, ਜਰਨੈਲ ਸਿੰਘ ਜਾਫਰ ਪੁਰ, ਪਰਮਜੀਤ ਸਿੰਘ ਸ਼ਹਾਬਪੁਰ,ਡਾਕਟਰ ਪਰਮਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਡਾਕਟਰ ਦਿਲਦਾਰ ਸਿੰਘ ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ,ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ, ਨੇ ਆਖਿਆ ਕਿ ਇਹ ਲੜਾਈ ਹੁਣ ਸਿਰਫ ਕਿਸਾਨਾਂ ਦੀ ਹੀ ਨਹੀਂ ਸਗੋਂ ਮੋਦੀ ਸਰਕਾਰ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ ਜਿਸਦਾ ਅੰਤ ਸਰਕਾਰ ਦੀ ਹਾਰ ਵਿਚ ਹੋਵੇਗਾ ।
ਇਹ ਖੇਤੀ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਕੇ ਕਾਰਪੋਰੇਟਰਾਂ ਨੂੰ ਲਾਭ ਦੇਣ ਵਾਲੇ ਹਨ ।ਸਮੁੱਚਾ ਦੇਸ਼ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ ।ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ।ਲੋਕਾਂ ਦੇ ਹੜ੍ਹ ਅੱਗੇ ਜਾਲਮ ਮੋਦੀ ਸਰਕਾਰ ਟਿਕ ਨਹੀਂ ਸਕੇਗੀ । ਕਿਸਾਨਾਂ ਦੇ ਸੰਘਰਸ਼ ਵਿਚ ਮਜਦੂਰ, ਟਰਾਂਸਪੋਰਟਰ ,ਮੁਲਾਜ਼ਮ, ਵਪਾਰੀ,ਨੌਜਵਾਨ, ਔਰਤਾਂ, ਬੱਚੇ, ਪ੍ਰਵਾਸੀ ਮਜਦੂਰ, ਵਿਦਿਆਰਥੀ ਸਭ ਸੰਘਰਸ਼ ਦੇ ਪਿੜ ਵਿਚ ਹਨ ,ਪਿੰਡਾਂ ਦੇ ਪਿੰਡ ਉੱਠ ਖਲੋਤੇ ਹਨ।ਵਿਦੇਸ਼ਾਂ ਵਿਚ ਵਸੇ ਭਾਰਤੀ ਵੀ ਕੁੱੱਦ ਪਏ ਹਨ ,ਜਿੱਤ ਦਾ ਪਰਚਮ ਲਹਿਰਾਉਣ ਲਈ ।ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਜੋ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ,ਇਹ ਡਰ ਯੂ ਏ ਪੀ ਏ ਅਤੇ ਅਜਿਹੇ ਹੋਰ ਕਾਲੇ ਕਾਨੂੰਨਾਂ ਰਾਹੀਂ, ਪੁਲਸ ਜਬਰ ਰਾਹੀਂ ਅਤੇ ਕਰੋਨਾ ਦਾ ਹਊਆ ਖੜਾ ਕਰਕੇ ਦਿੱਤਾ ਜਾ ਰਿਹਾ ਹੈ ਤਾਂ ਕਿ ਕਿਸਾਨੀ ਮੋਰਚੇ ਨੂੰ ਕੰਮਜੋਰ ਕੀਤਾ ਜਾ ਸਕੇ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰੋਨਾ ਦਾ ਡਰ ਖੜਾ ਕਰਨ ਵਿਚ ਮੋਦੀ ਸਰਕਾਰ ਦਾ ਪੂਰਾ ਸਾਥ ਦੇ ਰਹੀ ਹੈ।ਇਹਨਾਂ ਸਰਕਾਰਾਂ ਦੀਆਂ ਹਜਾਰ ਸਾਜਿਸ਼ਾਂ ਦੇ ਬਾਵਜੂਦ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ।ਇਸ ਮੌਕੇ , ਹਰੀ ਰਾਮ ਰਸੂਲਪੁਰੀ, ਸ਼ਕੁੰਤਲਾ ਦੇਵੀ , ਪ੍ਰਵੀਨ ਕੁਮਾਰ ਨਿਰਾਲਾ ,ਕਮਲਦੀਪ, ਗੁਰਦਿਆਲ ਰੱਕੜ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜੱਥੇ ਨੇ ਬੀਰ ਰਸ ਭਰਪੂਰ ਵਾਰਾਂ ਪੇਸ਼ ਕੀਤੀਆਂ।ਸੁਖਬੀਰ ਸਿੰਘ ਖੱਟਕੜ, ਮਹਿਕਪ੍ਰੀਤ ਕੌਰ, ਧਰਮਿੰਦਰ ਸਿੰਘ ਸਜਾਵਲ ਪੁਰ ,ਬਿਕਰਮਜੀਤ ਕੌਰ ਦੁਰਗਾ ਪੁਰ, ਪਰਮਪਾਲ ਕੌਰ ਦੁਰਗਾ ਪੁਰ, ਪ੍ਰੀਤਮ ਕੌਰ, ਸੰਦੀਪ ਕੌਰ ਰਣਜੀਤ ਕੌਰ ਮਹਿਮੂਦ ਪੁਰ, ਕਮਲਜੀਤ ਕੌਰ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਪਿੰਡ ਲੰਗੜੋਆ ਵਾਸੀਆਂ ਨੇ ਚਾਹ ਅਤੇ ਰੋਟੀ ਦਾ ਅਟੁੱਟ ਲੰਗਰ ਵਰਤਾਇਆ ਗਿਆ।
ਅੱਜ ਦੇ ਇਕੱਠ ਵਿਚ ਲੋਕ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿਚ ਜਾਮ ਵਿਚ ਪਹੁੰਚੇ ।