ਅਸ਼ੋਕ ਵਰਮਾ
ਬਰਨਾਲਾ, 24 ਮਾਰਚ 2021 - ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਲੱਗੇ ਕਿਸਾਨ ਧਰਨੇ ਦੇ 175ਵੇਂ ਦਿਨ ਅੱਜ 26 ਮਾਰਚ ਨੂੰ ਕੀਤੇ ਜਾਣ ਵਾਲੇ ਭਾਰਤ ਬੰਦ ਦਾ ਮੁੱਦਾ ਭਾਰੂ ਰਿਹਾ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਚਰਨਜੀਤ ਕੌਰ,ਮੇਲਾ ਸਿੰਘ ਕੱਟੂ, ਬਾਬੂ ਸਿੰਘ ਖੁੱਡੀ ਕਲਾਂ,ਯਾਦਵਿੰਦਰ ਸਿੰਘ ਚੌਹਾਨਕੇ, ਜਗਰਾਜ ਹਰਦਾਸਪੁਰਾ,ਮਨਜੀਤ ਕੌਰ, ਬਲਵੀਰ ਕੌਰ, ਮਨਜੀਤ ਰਾਜ, ਖੁਸ਼ੀਆ ਸਿੰਘ,ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿਲਵਾਂ, ਨੇਕਦਰਸ਼ਨ ਸਿੰਘ, ਗੁਲਾਬ ਸਿੰਘ ਗਿੱਲ, ਕਾਕਾ ਸਿੰਘ ਫਰਵਾਹੀ ਤੇ ਜਸਪਾਲ ਚੀਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਾਰਚ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਵਪਾਰ ਮੰਡਲਾਂ, ਟਰਾਂਸਪੋਰਟਰਾਂ ਦੀਆਂ ਜਥੇਬੰਦੀਆਂ, ਮੁਲਾਜ਼ਮ ਤੇ ਮਜਦੂਰਾਂ ਦੀਆਂ ਟ੍ਰੇਡ ਯੂਨੀਅਨਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਸਮਾਜ ਦੇ ਦੂਸਰੇ ਸਭ ਵਰਗਾਂ ਦੀ ਵੀ ਭਾਰਤ ਬੰਦ ਦੇ ਪ੍ਰੋਗਰਾਮ ਲਈ ਪੂਰਨ ਹਮਾਇਤ ਹਾਸਲ ਹੈ।
ਉਨ੍ਹਾਂ ਦੱਸਿਆ ਕਿ ਸ਼ੁਕਰਵਾਰ ਨੂੰ ਹੋਣ ਵਾਲਾ ਇਹ ਬੰਦ 12 ਘੰਟਿਆਂ ਲਈ, ਸਵੇਰੇ ਛੇ ਤੋਂ ਸ਼ਾਮ ਛੇ ਵਜੇ ਤੱਕ ਕੀਤਾ ਜਾਵੇਗਾ। ਜਮੀਨੀ ਪੱਧਰ ਦੀ ਠੋਸ ਤਿਆਰੀ ਕਰਨ ਲਈ ਵੱਖ ਵੱਖ ਪੱਧਰ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਵੱਖ ਵੱਖ ਨਾਕਿਆਂ, ਸੜਕਾਂ, ਰੇਲਵੇ ਲਾਈਨਾਂ, ਬਾਜਾਰਾਂ,ਸੰਸਥਾਵਾਂ ਅਤੇ ਸੇਵਾਵਾਂ ਦੇ ਬੰਦ ਦੀ ਨਿਗਾਹਬਾਨੀ ਲਈ ਕਾਰਕੁੰਨਾਂ ਦੀਆਂ ਜੁੰਮੇਵਾਰੀਆਂ ਤੈਅ ਕੀਤੀਆਂ ਜਾ ਚੁੱਕੀਆਂ ਹਨ। ਕਿਸਾਨ ਆਗੂਆਂ ਨੂੰ ਸਮਾਜ ਦੇ ਸਾਰੇ ਵਰਗਾਂ ਨੂੰ ਭਾਰਤ ਬੰਦ ਦੇ ਇਸ ਪ੍ਰੋਗਰਾਮ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ।ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਦੇਸ਼ ਭਰ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਜਿਸ ਜੋਸ਼ ਤੇ ਉਤਸ਼ਾਹ ਨਾਲ ਸਿਜਦਾ ਕੀਤਾ ਗਿਆ ਉਸ ਤੋਂ ਕਿਸਾਨ ਅੰਦੋਲਨ ਦੀ ਮਜਬੂਤੀ ਤੇ ਵਿਆਪਕਤਾ ਦਾ ਪਤਾ ਚਲਦਾ ਹੈ। 23 ਮਾਰਚ ਦੇ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਦੀ ਇੰਨੀ ਵੱਡੀ ਸ਼ਮੂਲੀਅਤ ਨੇ ਦਰਸਾ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਨੇ ਆਪਣੇ ਫਰਜਾਂ ਨੂੰ ਪਹਿਚਾਣ ਲਿਆ ਹੈ।
ਉਨ੍ਹਾਂ ਦੱਸਿਆ ਕਿ ਸਮਾਜ ਨੂੰ ਬਦਲ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਲੁੱਟ ਰਹਿਤ ਸਮਾਜ ਸਿਰਜਣ ਲਈ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਨੌਜਵਾਨਾਂ ਦੀ ਮਾਨਸਿਕਤਾ ਵਿੱਚ ਆਇਆ ਇਹ ਵੱਡਾ ਤੇ ਹਾਂਦਰੂ ਬਦਲਾਅ ਕਿਸਾਨ ਅੰਦੋਲਨ ਦੀ ਵੱਡੀ ਪ੍ਰਾਪਤੀ ਹੈ।ਬੁਲਾਰਿਆਂ ਨੇ ਕਿਹਾ ਕੀ ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਧਰਨਿਆਂ ਵਿੱਚ ਸ਼ਮੂਲੀਅਤ ਵਿੱਚ ਸਥਿਰਤਾ ਤੇ ਪਕਿਆਈ ਆਈ ਹੈ। ਵਾਢੀ ਦੇ ਦਿਨਾਂ ਨੂੰ ਦੇਖਦਿਆਂ, ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਧਰਨਿਆਂ ਵਿੱਚ ਹਾਜਰੀ ਸੁਨਿਸਚਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਖੇਤੀ ਕਾਰਜਾਂ ਲਈ ਜਿਨ੍ਹਾਂ ਕਿਸਾਨਾਂ ਦੀ ਵਾਪਸੀ ਜਰੂਰੀ ਹੈ, ਉਨ੍ਹਾਂ ਦੀ ਥਾਂ ਲੈਣ ਲਈ ਕਿਸਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਕਾਨੂੰਨ ਵਾਪਸੀ ਤੋਂ ਬਗੈਰ ਘਰ ਵਾਪਸੀ ਨਹੀਂ ਹੋਵੇਗੀ।ਅੱਜ ਗੁਰਜੋਤ ਸਿੰਘ, ਬਲਵੀਰ ਸਿੰਘ ਸੇਖਾ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ। ਬਾਜਵਾ ਪੱਤੀ ਬਰਨਾਲਾ ਦੇ ਨਿਵਾਸੀਆਂ ਨੇ ਲੰਗਰ ਦੀ ਸੇਵਾ ਕੀਤੀ।