ਅਸ਼ੋਕ ਵਰਮਾ
ਬਰਨਾਲਾ, 22 ਫਰਵਰੀ2021: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਿਹਾ ਸੰਘਰਸ਼ ਅੱਜ 145 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ।ਅੱਜ ਸੰਬੋਧਨ ਕਰਨ ਵਾਲੇ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ,ਪ੍ਰੇਮਪਾਲ ਕੌਰ, ਹਰਚਰਨ ਚੰਨਾ, ਗੁਰਮੇਲ ਸਿੰਘ ਛੀਨੀਵਾਲਕਲਾਂ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ ਸਹਿਜੜਾ, ਉਜਾਗਰ ਸਿੰਘ ਬੀਹਲਾ, ਜਸਵੰਤ ਸਿੰਘ ਅਸਪਾਲਕਲਾਂ,ਜਸਪਾਲ ਸਿੰਘ,ਸੁਖਜੰਟ ਸਿੰਘ, ਗੁਰਨਾਮ ਸਿੰਘ, ਕੁਲਵੰਤ ਸਿੰਘ ਭਦੌੜ,ਜਗਰਾਜ ਸਿੰਘ ਰਾਮਾ ਨੇ ਕਿਹਾ ਕਿ ਪੰਜਾਬ ਅੰਦਰ ਸੈਂਕੜੇ ਥਾਵਾਂ ਦੇ ਨਾਲ-ਨਾਲ ਦਿੱਲੀ ਦੇ ਟਿੱਕਰੀ, ਸਿੰਘੂ, ਗਾਜੀਪੁਰ ਬਾਰਡਰਾਂ ਉੱਪਰ ਵੀ ਮੋਦੀ ਹਕੂਮਤ ਵੱਲੋਂ ਜਬਰੀ ਮੜ੍ਹੇ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਬਦਲੇ ਸਜਾ ਅਤੇ ਜੁਰਮਾਨੇ ਵਾਲਾ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਪੱਧਰ ਤੋਂ ਸ਼ੁਰੂ ਹੋਏ ਕਿਸਾਨ ਸੰਘਰਸ਼ ਨੇ ਅਨੇਕਾਂ ਪੜਾਅ ਸਫਲਤਾਪੂਰਵਕ ਤਹਿ ਕਰ ਲਏ ਹਨ।ਹੁਣ ਇਸ ਸੰਘਰਸ਼ ਦਾ ਘੇਰਾ ਇਸ ਕਦਰ ਵਿਆਪਕ ਹੋ ਗਿਆ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਦਿੱਲ਼ੀ ਦੀ ਸਾਹ ਰਗ ਨੱਪੀ ਬੈਠਿਆਂ 89 ਦਿਨ ਬੀਤ ਗਏ ਹਨ। ਇਸ ਸੰਘਰਸ਼ ਦਾ ਘੇਰਾ ਪੰਜਾਬ,ਹਰਿਆਂਣਾ ਦੀਆਂ ਹੱਦਾਂ ਬੰਨੇ ਪਾਰ ਕਰਦਾ ਹੋਇਆ ਧੁਰ ਦੱਖਣ ਤੱਕ ਫੈਲ ਗਿਆ ਹੈ।ਮੋਦੀ ਹਕੂਮਤ ਇਸ ਸੰਘਰਸ਼ ਨੂੰ ਖਿੰਡਾਉਣ ਲਈ ਅਨੇਕਾਂ ਸਾਜਿਸ਼ਾਂ ਰਚ ਚੁੱਕੀ ਹੈ। ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਲੋਕ ਸੰਘਰਸ਼ ਦੇ ਬਲਬੂਤੇ ਦੇਕੇ ਪਛਾੜਿਆ ਗਿਆ ਹੈ।ਹਕੂਮਤੀ ਜਬਰ-ਪੁਲਿਸ ਡੰਡੇ ਦੇ ਜੋਰ ਨਾਲ ਦਬਾਉਣ ਦੀ ਵੀ ਮੋਦੀ ਹਕੂਮਤ ਨੇ ਕੋਈ ਕਸਰ ਬਾਕੀ ਨਹੀਂ ਛੱਡ ਰਹੀ।26 ਜਨਵਰੀ ਦੀਆਂ ਹਕੂਮਤ ਵੱਲੋਂ ਸਵੈ ਸਿਰਜੀਆਂ ਲਾਲ ਕਿਲੇ ਦੀਆਂ ਘਟਨਾਵਾਂ ਵਿੱਚ ਆਗੂਆਂ ਆਮ ਲੋਕਾਂ ਨੂੰ ਪੁਲਿਸ ਮੁਕੱਦਮਿਆਂ ਵਿੱਚ ਫਸਾਇਆ ਅਤੇ ਜੇਲ੍ਹਾਂ ਅੰਦਰ ਕੈਦ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਸਾਜਿਸ਼ਾਂ ਰਾਹੀਂ ਸੰਘਰਸ਼ ਡਰਾਉਣ ,ਧਮਕਾੳੇਣ,ਦਹਿਸ਼ਤਜਦਾ ਕਰਨ ਤੋਂ ਅੱਗੇ ਆਗੂ ਰਹਿਤ ਕਰਨ ਦੀ ਮਨਸ਼ਾ ਪਾਲੀ ਰੱਖੀ ਹੈ। ਇਸ ਜਬਰ ਜੁਲਮ ਦਾ ਝੱਖੜ ਝੁਲਾਉਣ ਦੇ ਬਾਵਜੂਦ ਵੀ ਸੰਘਰਸ਼ ਤੂਫਾਨੀ ਵੇਗ ਨਾਲ ਅੱਗੇ ਵਧ ਰਿਹਾ ਹੈ। ਟਿਕਰੀ,ਸਿੰਘੂ,ਗਾਜੀਆਬਾਦ ਬਾਰਡਰਾਂ ਉੱਪਰ ਚੱਲ ਰਹੇ ਸੰਘਰਸ਼ ਨੇ ਸੰਸਾਰ ਭਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਇਸੇ ਕਰਕੇ ਬੰਗਾਲ, ਕਰਨਾਟਕਾ,ਰਾਜਸਥਾਨ ਤੋਂ ਬਾਅਦ ਅੱਜ ਵਰਕਰਸ ਯੂਨਿਟੀ ਦੀ ਸੰਤੋਸ਼ ਅਤੇ ਸੰਜੀਵ ਦੀ ਅਹਵਾਈ ਹੇਠਲੀ ਟੀਮ ਪਿੰਡਾਂ ਦੇ ਖੇਤੀ ਸਬੰਧੀ ਖਾਸ ਕਰ ਖੇਤ ਮਜਦੂਰਾਂ ਦੀ ਹਾਲਤ ਸਬੰਧੀ ਤਜਰਬੇ ਗ੍ਰਹਿਣ ਕਰਨ ਤੋਂ ਬਾਅਦ ਸਾਂਝੇ ਕਿਸਾਨ ਮੋਰਚੇ ਵੱਲੋਂ ਚਲਾਏ ਜਾ ਰਹੇ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸੰਘਰਸ਼ਸ਼ੀਲ ਕਾਫਲਿਆਂ ਨਾਲ ਸਾਂਝ ਪਾਈ। ਇਸ ਟੀਮ ਨੇ ਪਿੰਡ ਚੀਮਾ ਵਿਖੇ ਬਾਜਾਖਾਨਾ ਰੋਡ ਬਰਨਾਲਾ ਵਿਖੇ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਅਤੇ ਉਗਰਾਹਾਂ ਦੀ ਅਗਵਾਈ ਹੇਠ ਰਿਲਾਇੰਸ ਪਟਰੋਲ ਪੰਪ ਘਿਰਾਉ ਦਾ ਦੌਰਾ ਕੀਤਾ।
ਇਸ ਟੀਮ ਨੇ ਕਿਸਾਨ ਔਰਤ ਆਗੂਆਂ ਅਮਰਜੀਤ ਕੌਰ,ਪ੍ਰੇਮਪਾਲ ਕੌਰ ਅਤੇ ਮਜਦੂਰ ਔਰਤ ਆਗੂ ਸਿੰਦਰ ਕੌਰ ਹਰੀਗੜ੍ਹ ਨਾਲ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ।145 ਦਿਨਾਂ ਤੋਂ ਸੰਘਰਸ਼ ਦੀ ਅਹਿਮ ਕੜੀ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਹਰਚਰਨ ਚਹਿਲ ਨਾਲ ਵੀ ਵਰਕਰਸ ਯੂਨਿਟੀ ਦੀ ਟੀਮ ਨੇ ਤਜਰਬੇ ਸਾਂਝੇ ਕੀਤੇ। ਵਰਕਰਸ ਯੂਨਿਟੀ ਦੀ ਟੀਮ ਨੇ ਆਗੂਆਂ ਨਾਲ ਦਿੱਲੀ ਟਿਕਰੀ,ਸਿੰਘ ਅਤੇ ਗਾਜੀਪੁਰ ਬਾਰਡਰ ਵਿਖੇ ਸੰਘਰਸ਼ਸ਼ੀਲ ਕਾਫਲਿਆਂ ਨਾਲ ਬਿਤਾਏ ਸਮੇਂ ਦੇ ਤਜਰਬੇ ਸਾਂਝੇ ਕੀਤੇ।ਇਸ ਤਰ੍ਹਾਂ ਇਹ ਸੰਘਰਸ਼ ਮੋਦੀ ਹਕੂਮਤ ਦੇ ਲੱਖ ਸਾਜਿਸ਼ਾਂ ਨਵੀਆਂ ਤੋਂ ਨਵੀਆਂ ਸੰਘਰਸ਼ਾਂ ਦਗ਼ੀ ਸ਼ਾਂਝਾਂ ਜੋੜਦਾ ਹੋਇਆ ਅੱਗੇ ਵਧ ਰਿਹਾ ਹੈ। 23 ਫਰਵਰੀ ਨੂੰ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਸ਼ਹੀਦ ਭਗਤ ਸਿੰਘ ਦੇ ਚਾਚਾ ਸ.ਅਜੀਤ ਸਿੰਘ ਦਾ ਜਨਮ ਦਿਵਸ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਆਗੂਆਂ ਨੇ ਸਮੁੱਚੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ।