ਫ਼ਰੀਦਕੋਟ ਬੱਸ ਹਾਦਸਾ: ਭਿਆਨਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ: ਅੱਧੀ ਦਰਜ਼ਨ ਲੋਕਾਂ ਦੀ ਮੌਤ
- ਦਰਜਨਾਂ ਦੇ ਕਰੀਬ ਜ਼ਖ਼ਮੀ ਹੋ ਗਏ
- ਬੱਸ ਹਾਦਸੇ ਵਿਚ ਮਰਨ ਵਾਲਿਆਂ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਰਕਾਰ ਮੁਆਵਜ਼ਾ ਰਾਸ਼ੀ ਦੇਵੇ
ਮਨਜੀਤ ਸਿੰਘ ਢੱਲਾ
ਜੈਤੋ/ਫ਼ਰੀਦਕੋਟ ,18 ਫਰਵਰੀ 2025 - ਕੱਲ ਫਿਰ ਹੋਏ ਇਸ ਭਿਆਨਕ ਬੱਸ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਅੱਜ ਇਸ ਹਾਦਸੇ ਦੀ ਭੇਟ ਚੜ ਗਏ।ਇਸ ਹਾਦਸੇ ਨੂੰ ਦੇਖ ਕੋਈ ਸਾਡੇ ਸੜਕੀ ਸਿਸਟਮ ਨੂੰ ਕੋਸ ਰਿਹਾ ਕੋਈ ਬੱਸਾਂ ਵਾਲਿਆਂ ਦੀ ਓਵਰ ਸਪੀਡ ਨੂੰ ਦੋਸ਼ੀ ਕਹਿ ਰਿਹਾ। ਇਹ ਵਿਚਾਰ ਮਨਦੀਪ ਸਿੰਘ ਅਬਲੂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੱਲ ਹੋਏ ਬੱਸ ਹਾਦਸੇ ਚ ਚਿੰਤਾ ਪ੍ਰਗਟ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਰ ਇਸ ਵਿੱਚ ਕਸੂਰਵਾਰ ਸਿਰਫ ਇੱਕ ਧਿਰ ਨਹੀਂ। ਅਸੀਂ ਸਾਰੇ ਇੱਕ ਅੰਨ੍ਹੀ ਦੌੜ ਵਿੱਚ ਲੱਗੇ ਹੋਏ ਆ।ਸਾਡੇ ਅੰਦਰ ਕਾਹਲ਼ ਐਨੀ ਕੁ ਵੱਸੀ ਪਈ ਆ ਕਿ ਤੁਰਨ ਆਲਾਂ ਕਹਿੰਦਾ ਭੱਜਾਂ ਤੇ ਭੱਜਣ ਵਾਲਾ ਕਹਿੰਦਾ ਕਿ ਉੁੱਡ ਜਾ ਤੇ ਸਵੇਰੇ ਕੰਮਾਂ ਨੂੰ ਨਿੱਕਲੇ ਮੇਰੇ ਵਰਗੇ ਕਿੰਨੇ ਟਿਫ਼ਨਾਂ ਵਿੱਚ ਰੋਟੀਆਂ ਤੇ ਦਿਮਾਗ਼ਾਂ ਵਿੱਚ ਟੈਨਸ਼ਨਾਂ ਲੈ ਲੈ ਕਿੰਨੇ ਪੜਨ ਵਾਲੇ,ਕਿਰਤੀ ਲੋਕ,ਦਫਤਰੀ ਕਾਮੇ ਬੱਸਾਂ ਵਿੱਚ ਸਫ਼ਰ ਕਰਦੇ ਹਨ। ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਹਰੇਕ ਨੂੰ ਸਾਨੂੰ ਸਿਰਫ ਇਹ ਕਾਹਲ਼ ਹੁੰਦੀ ਆ ਕਿ ਜਿਹੜੀ ਬੱਸ ਜ਼ਿਆਦਾ ਤੇਜ਼ ਜਾਓ ਉਸ ਬੱਸ ਤੇ ਚੜਿਆ ਜਾਵੇ।ਇਸ ਲਈ ਤੂੜੀ ਦੇ ਭੂੰਗਾਂ ਵਾਂਗ ਤੁੰਨੀਆਂ ਬੱਸਾਂ ਵਿੱਚ ਵੀ ਅਗਲਾ ਧੁੱਸ ਦੇਣੇ ਜਾ ਵੜਦਾ। ਉਨ੍ਹਾਂ ਕਿਹਾ ਕਿ ਉੱਤੋਂ ਬੱਸਾਂ ਦੇ ਟਾਇਮ ਐਨੇ ਖਿੱਚਵੇਂ ਬਣਾਏ ਹੁੰਦੇ ਨੇ ਬੱਸਾਂ ਦੇ ਡਰਾਇਵਰਾਂ ਕੰਡਕਟਰਾਂ ‘ਤੇ ਐਨਾ ਪਰੈ਼ਸ਼ਰ ਹੁੰਦਾ ਕਿ ਇੱਕ ਇੱਕ ਸੈਕਿੰਡ ਵੀ ਖਿੱਚਵਾਂ ਹੁੰਦਾ।ਮੇਰਾ ਰੋਜ਼ ਦਾ ਵਾਹ ਵਾਸਤਾ ਰਹਿਣ ਕਰਕੇ ਮੈਂ ਵੇਖਦਾ ਕਿ ਕਈ ਵਾਰ ਕੰਡਕਟਰ ਡਰਾਇਵਰਾਂ ਕੋਲ ਚਾਹ ਪੀਣ ਦਾ ਵੀ ਟਾਇਮ ਨਹੀਂ ਹੁੰਦਾ।ਉੁੱਤੋਂ ਜੇ ਕਿਤੇ ਮਾਮੂਲੀ ਜਿਹਾ ਖੜਨਾ ਵੀ ਪੈ ਜਾਵੇ ਤਾਂ ਮੇਰੇ ਵਰਗੇ ਡਰਾਇਵਰ ਦੇ ਡਾਂਗ ਮਾਰਨ ਤੱਕ ਜਾਂਦੇ ਆ ਕਿ ਇਹਨੇ ਬ੍ਰੇਕ ਮਾਰੇ ਤਾਂ ਮਾਰੇ ਕਿਵੇਂ ?
ਦੂਜਾ ਇਹਨਾਂ ਹਾਦਸਿਆਂ ਦਾ ਕਾਰਨ ਅੱਸੀ ਪ੍ਰਤੀਸ਼ਤ ਮੇਰੇ ਵਰਗੇ ਕਈ ਜਾਹਲੀ ਬਣੇ ਜੀਪਾਂ ਕਾਰਾਂ ਆਲੇ ਘਰੇਲੂ ਡਰਾਇਵਰ ਹੁੰਦੇ ਆ ਜਿਹਨਾਂ ਨੂੰ ਟ੍ਰੈਫ਼ਿਕ ਨਿਯਮਾਂ ਤੱਕ ਦਾ ਕੋਈ ਇਲਮ ਨਹੀਂ ਹੁੰਦਾ।ਅਜਿਹੇ ਲੋਕਾਂ ਨੂੰ ਜੇ ਕਿਤੇ ਛੋਟੇ ਰੋਡ ਤੇ ਅੱਗਿਓਂ ਬੱਸ ਜਾਂ ਲੋਡ ਟਰੱਕ ਆਉਂਦਾ ਦਿਸ ਜੇ ਤਾਂ ਪਤੰਦਰ ਭਰੀ ਬੱਸ ਜਾਂ ਟਰੱਕ ਨੂੰ ਵੀ ਲਾਇਟਾਂ ਮਾਰਨ ਗੇ ਕਿ ਤੂੰ ਥੱਲੇ ਲਾ ਮੈਂ ਨਹੀਂ ਟਾਇਰ ਥੱਲੇ ਲਾਉਣੇ।ਲੈ ਦੱਸੋਂ ਆਹ ਵੀ ਕੋਈ ਆਕੜ ਹੋਈ ?
ਤੀਜਾ ਅੱਜ ਦੇ ਇਸ ਭੱਜ ਦੌੜ ਵਾਲੇ ਸਮੇਂ ਵਿੱਚ ਅਸੀਂ ਦਿਮਾਗੀ ਤੌਰ ‘ਤੇ ਸ਼ਾਂਤ ਕੋਈ ਵੀ ਨਹੀਂ।ਅਸੀਂ ਗੱਡੀ ਚਲਾਉਂਦੇ ਹੋਏ ਸਰੀਰਕ ਤੌਰ ਤੇ ਚਾਹੇ ਕਿਤੇ ਹੋਈਏ ਪਰ ਦਿਮਾਗੀ ਤੌਰ ਕਿਤੇ ਫਿਰਦੇ ਹੁੰਨੇ ਆ ਹੱਸਦੇ ਚਿਹਰੇ ਤੇ ਗੱਡੇ ਜਿੱਡੀਆਂ ਦੇਹਾਂ ਵਾਲੇ ਲੋਕ ਪਤਾ ਹੀ ਨਹੀ ਕਿੰਨੀਆਂ ਟੈਸ਼ਨਾਂ ਨਾਲ ਚੱਕੀ ਫਿਰਦੇ ਅੰਦਰੋਂ ਖੋਖਲੇ ਹੋਏ ਪਏ ਆ।
ਪਤਾ ਨਹੀ ਆਹ ਵਰਤਾਰਾ ਸਾਨੂੰ ਹੋਰ ਕਿੰਨਾ ਕੁ ਨਿਗਲੂ।ਆਹ ਕੁਝ ਦੇਖ ਕੇ ਇੱਕ ਅਰਦਾਸ ਦਿਲੋਂ ਨਿੱਕਲਦੀ ਐ ਕਿ ਇਸ ਭਿਆਨਕ ਦੌੜ ਵਿੱਚ ਦੁਨੀਆਂ ਦੇ ਸਿਰਜਨਹਾਰਿਆ ਹੱਥ ਦੇ ਕੇ ਬਚਾਈ ਸਭ ਨੂੰ। ਮਨਦੀਪ ਸਿੰਘ ਨੇ ਕਿਹਾ ਕਿ ਹਰ ਰੋਜ਼ ਮੌਤ ਨਾਲ ਲੁਕਣ ਮਿੱਟੀ ਖੇਡਦੇ ਸਾਡੇ ਇਹਨਾਂ ਡਰਾਇਵਰ ਕੰਡਕਟਰ ਭਰਾਂਵਾਂ ‘ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੀਂ ਤੇ ਰੋਜ਼ੀਆਂ ਲਈ ਘਰੋਂ ਬਾਹਰ ਜਾਂਦੇ ਕਿਰਤੀਆਂ ਨੂੰ ਤੰਦਰੁਸਤੀਆਂ ਬਖਸ਼ੀ।ਅੱਜ ਜਿੰਨਾਂ ਘਰਾਂ ਦੇ ਚਿਰਾਗ ਬੁੱਝੇ ਨੇ ਅਜਿਹਾ ਕਿਸੇ ਨਾਲ ਵੀ ਨਾ ਹੋਵੇ।ਕਿਸੇ ਦਾ ਕੋਈ ਵੀ ਆਪਣਾ ਕਿਸੇ ਤੋਂ ਦੂਰ ਨਾਂ ਹੋਵੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਰਨ ਵਾਲਿਆਂ ਤੇ ਜ਼ਖ਼ਮੀ ਹੋਏ ਪੀੜਤ ਪਰਿਵਾਰਾਂ ਨੂੰ ਸਰਕਾਰ ਬਣਦਾ ਯੋਗ ਮੁਆਵਜ਼ਾ ਜ਼ਰੂਰ ਦੇਣ ਲਈ ਅੱਗੇ ਆਵੇ।