ਕੂੜੇ ਦੇ ਮਸਲੇ ਨੂੰ ਲੈ ਕੇ ਨਗਰ ਵਾਸੀਆਂ ਨੇ ਕੀਤਾ ਰੋਸ ਮੁਜ਼ਾਹਰਾ: ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ
ਦੀਪਕ ਜੈਨ
ਜਗਰਾਉਂ, 26 ਦਸੰਬਰ 2024 - ਪਿਛਲੇ ਕਈ ਮਹੀਨਿਆਂ ਤੋਂ ਜਗਰਾਉਂ ਸ਼ਹਿਰ ਅੰਦਰ ਸੜਕਾਂ ਦੇ ਕਿਨਾਰੇ ਲੱਗੇ ਹੋਏ ਕੂੜੇ ਦੇ ਵੱਡੇ ਵੱਡੇ ਢੇਰ ਜਿਹੜੇ ਕਿ ਲੋਕਾਂ ਦੀ ਜਾਨ ਦਾ ਖੋਹ ਬਣ ਗਏ ਹਨ। ਇਹਨਾਂ ਕੂੜੇ ਦੇ ਢੇਰਾਂ ਦੇ ਮਸਲੇ ਨੂੰ ਲੈ ਕੇ ਕੁਝ ਅਰਸਾ ਪਹਿਲਾਂ ਨਗਰ ਕੌਂਸਲ ਦੇ ਕੁਝ ਕੌਂਸਲਰਾਂ ਵੱਲੋਂ ਸੜਕਾਂ ਕਿਨਾਰੇ ਕੂੜਾ ਚੁੱਕ ਕੇ ਨਗਰ ਕੌਂਸਲ ਦਫਤਰ ਅੰਦਰ ਸੁਟਵਾ ਦਿੱਤਾ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਮਸਲੇ ਦਾ ਜਲਦੀ ਹੱਲ ਨਾ ਕੀਤਾ ਤਾਂ ਸ਼ਹਿਰ ਅੰਦਰ ਸ਼ਹਿਰ ਵਾਸੀ ਸੰਘਰਸ਼ ਕਰ ਦੇਣਗੇ। ਇਸੇ ਕੂੜੇ ਦੇ ਮਸਲੇ ਨੂੰ ਲੈ ਕੇ ਫਿਰ ਸਥਾਨਕ ਸਬਜ਼ੀ ਮੰਡੀ ਰੋਡ ਉੱਤੇ ਨਗਰ ਕੌਂਸਲ ਦੇ ਇੱਕ ਵਿਵਾਦਤ ਮਾਰਕੀਟ ਅੰਦਰ ਆਪਣੀ ਮਾਲਕੀ ਸਾਬਤ ਕਰਦਿਆਂ ਹੋਇਆਂ ਬਹੁਤ ਵੱਡਾ ਵਿਵਾਦ ਵੀ ਖੜਾ ਹੋ ਗਿਆ ਸੀ ਅਤੇ ਜਿਸ ਕਾਰਨ ਜਗਰਾਓ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਵੀ ਕੀਤੀ ਗਈ ਸੀ।
ਹੁਣ ਇਸ ਮਸਲੇ ਨੂੰ ਸ਼ਹਿਰ ਦੀਆਂ ਕਈ ਰਾਜਨੀਤਿਕ ਅਤੇ ਧਾਰਮਿਕ ਜਥੇ ਬੰਦਿਆਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਹੋਇਆਂ ਰੋਸ ਮੁਜਾਰਾ ਵੀ ਕੀਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਲਿਖ ਕੇ ਇਸ ਮਸਲੇ ਦੇ ਹੱਲ ਲਈ ਆਖਿਆ ਗਿਆ ਹੈ। ਸ਼ਹਿਰ ਵਾਸੀਆਂ ਵੱਲੋਂ ਸਥਾਨਕ ਡਿਸਪੋਜਲ ਰੋਡ ਉੱਪਰ ਲੱਗੇ ਹੋਏ ਕੂੜੇ ਦੇ ਪਹਾੜ ਜਿੱਡੇ ਉੱਚੇ ਢੇਰ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮੰਗ ਕੀਤੀ ਗਈ ਹੈ ਕਿ ਇਹ ਰਸਤਾ ਕਈ ਧਾਰਮਿਕ ਸਥਾਨਾਂ ਅਤੇ ਸਥਾਨਕ ਕ੍ਰਿਸ਼ਨਾ ਗਊਸ਼ਾਲਾ ਨੂੰ ਜਾਂਦਾ ਹੈ ਜਿਸ ਉੱਪਰ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕੂੜੇ ਦਾ ਡੰਪ ਬਣਿਆ ਹੋਇਆ ਹੈ ਅਤੇ ਇਹ ਕੂੜੇ ਨੂੰ ਚੁੱਕਣ ਨਾ ਕਾਰਨ ਸੜਕ ਉੱਪਰ ਕੂੜੇ ਦਾ ਵੱਡਾ ਢੇਰ ਪਹਾੜ ਦੀ ਸ਼ਕਲ ਵਿੱਚ ਬਣਿਆ ਹੋਇਆ ਹੈ ਜਿਸ ਕਾਰਨ ਰਾਹ ਜਾਂਦਿਆਂ ਨੂੰ ਤਾਂ ਤਕਲੀਫ ਹੁੰਦੀ ਹੀ ਹੈ ਨਜ਼ਦੀਕ ਰਹਿੰਦੇ ਨਗਰ ਵਾਸੀਆਂ ਦੇ ਘਰਾਂ ਤੱਕ ਵੀ ਇਸ ਕੂੜੇ ਦੀ ਬਦਬੋ ਜਾਣ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਨਗਰ ਵਾਸੀਆਂ ਨੂੰ ਮੰਗ ਪੱਤਰ ਦੇਣ ਸਮੇਂ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੂੰ ਕੋਈ ਵੀ ਉੱਚ ਅਧਿਕਾਰੀ ਆਪਣੀ ਸੀਟ ਉੱਪਰ ਮੌਕੇ ਤੇ ਮੌਜੂਦ ਨਹੀਂ ਮਿਲਿਆ ਅਤੇ ਸ਼ਹਿਰ ਵਾਸੀਆਂ ਵੱਲੋਂ ਆਪਣਾ ਮੰਗ ਪੱਤਰ ਨਗਰ ਕੌਂਸਲ ਦੇ ਇੰਸਪੈਕਟਰ ਨੂੰ ਦਿੱਤਾ ਗਿਆ। ਇਸ ਰੋਸ ਮੁਜਾਰੇ ਵਿੱਚ ਭਾਰਤੀ ਜਨਤਾ ਪਾਰਟੀ ਜਗਰਾਓ ਮੰਡਲ ਦੇ ਪ੍ਰਧਾਨ ਟੋਨੀ ਵਰਮਾ ਤੋਂ ਇਲਾਵਾ ਅਨਿਲ ਕੁਮਾਰ ਪਵਨ ਕੁਮਾਰ ਰਾਜੇਸ਼ ਕੁਮਾਰ ਗਗਨ ਕੁਮਾਰ ਵਿਜੇ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।