ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਅੱਠਵੇਂ ਦਿਨ ਨਾਟਕ 'ਦ ਓਵਰਕੋਟ' ਨੇ ਕੀਲੇ ਦਰਸ਼ਕ
ਅਸ਼ੋਕ ਵਰਮਾ
ਬਠਿੰਡਾ, 22 ਨਵੰਬਰ 2024 :ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ਼ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਅੱਠਵੇਂ ਦਿਨ ਮੂਲ ਤੌਰ 'ਤੇ ਰਸ਼ੀਅਨ ਕਹਾਣੀ 'ਚੇ ਅਧਾਰਿਤ ਨਾਟਕ 'ਦ ਓਵਰਕੋਟ' ਦੀ ਪੇਸ਼ਕਾਰੀ ਕੀਤੀ ਗਈ। ਯੁਵਾ ਥੀਏਟਰ ਗਰੁੱਪ ਜਲੰਧਰ ਦੀ ਟੀਮ ਵੱਲੋਂ ਤਿਆਰ ਕੀਤੇ ਇਸ ਨਾਟਕ ਨੂੰ ਡਾ਼ ਅੰਕੁਰ ਸ਼ਰਮਾ ਨੇ ਰਸ਼ੀਅਨ ਕਹਾਣੀ ਤੋਂ ਨਾਟਕੀ ਰੂਪ ਵਿੱਚ ਰੂਪਾਂਤਰਿਤ ਅਤੇ ਨਿਰਦੇਸ਼ਿਤ ਕੀਤਾ। ਨਾਟਕ ਵਿੱਚ ਮਸ਼ੀਨੀ ਯੁੱਗ ਵਿੱਚ ਅਲੋਪ ਹੁੰਦੇ ਜਾ ਰਹੇ ਇਨਸਾਨੀਅਤ ਦੇ ਭਾਵ ਨੂੰ ਬਹੁਤ ਸੰਜੀਦਗੀ ਨਾਲ਼ ਪੇਸ਼ ਕੀਤਾ ਗਿਆ। ਕਲਾਕਾਰਾਂ ਨੇ ਮਸ਼ੀਨਾਂ ਅਤੇ ਮੁਨਾਫ਼ਾਖੋਰੀ ਸਾਹਮਣੇ ਦਮ ਤੋੜਦੇ ਮਨੁੱਖੀ ਅਹਿਸਾਸਾਂ ਦੀ ਇਸ ਕਹਾਣੀ ਨੂੰ ਬੜੀ ਕਲਾਤਮਕਤਾ ਨਾਲ਼ ਪੇਸ਼ ਕਰਦੇ ਹੋਏ ਦਰਸ਼ਕਾਂ ਨੂੰ ਟੁੰਬਿਆ। ਬਹੁਤ ਸਾਰੇ ਦ੍ਰਿਸ਼ਾ 'ਤੇ ਹਾਲ ਤਾੜੀਆਂ ਨਾਲ਼ ਗੂੰਜਿਆ।
ਇਸ ਨਾਟ-ਉਤਸਵ ਵਿੱਚ ਅੱਠਵੇਂ ਦਿਨ ਮੁੱਖ ਮਹਿਮਾਨ ਵਜੋਂ ਡਾ. ਸੰਦੀਪ ਕਾਂਸਲ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਨੇ ਸ਼ਿਰਕਤ ਕੀਤੀ।ਵਿਸ਼ੇਸ਼ ਮਹਿਮਾਨ ਵਜੋਂ ਡਾ.ਨੀਰੂ ਗਰਗ ਪ੍ਰਿੰਸੀਪਲ ਐੱਸ.ਐੱਸ.ਡੀ. ਗਰਲਜ਼ ਕਾਲਜ ਬਠਿੰਡਾ ਪਹੁੰਚੇ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਾ. ਸੰਦੀਪ ਕਾਂਸਲ ਨੇ ਕਿਹਾ ਕਿ ਮਾਲਵੇ ਦੀ ਧਰਤੀ 'ਤੇ ਅਜਿਹੇ ਨਾਟ ਮੇਲੇ ਹੋਣੇ ਬੜੀ ਮਾਣ ਵਾਲ਼ੀ ਗੱਲ ਹੈ। ਉਨ੍ਹਾਂ ਕਿਹਾ ਕਿ ਨੌਜੁਆਨਾਂ ਨੂੰ ਇਸ ਤਰ੍ਹਾਂ ਦੇ ਨਾਟ ਮੇਲਿਆਂ ਦਾ ਹਿੱਸਾ ਬਣਕੇ ਆਪਣੀ ਸ਼ਖ਼ਸੀਅਤ ਨੂੰ ਵੱਧ ਤੋਂ ਵੱਧ ਨਿਖਾਰ ਲੈ ਕੇ ਆਉਣਾ ਚਾਹੀਦਾ ਹੈ। ਵਿਸ਼ੇਸ਼ ਮਹਿਮਾਨ ਡਾ਼ ਨੀਰੂ ਗਰਗ ਨੇ ਨਾਟਿਮ ਡਾਇਰੈਕਟਰ ਕੀਰਤੀ ਕਿਰਪਾਲ ਨੂੰ ਇਸ ਉੱਦਮ ਲਈ ਵਧਾਈ ਦਿੰਦਿਆ ਆਉਣ ਵਾਲ਼ੇ ਦਿਨਾਂ ਦੌਰਾਨ ਇਸ ਨਾਟ ਉਤਸਵ ਵਿੱਚ ਆਪਣੇ ਕਾਲਜ ਦੀ ਪੂਰੀ ਟੀਮ ਸਮੇਤ ਸ਼ਾਮਿਲ ਹੋਣ ਦਾ ਵਿਸ਼ਵਾਸ ਦਿਵਾਇਆ।
ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਸ. ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਨਾਟ ਮੇਲੇ ਨੂੰ ਮਿਲ ਰਹੇ ਭਰਵੇਂ ਹੁੰਗਾਰੇ 'ਤੇ ਖ਼ੁਸ਼ੀ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਨੇ ਨਾਟਿਅਮ ਪੰਜਾਬ ਟੀਮ ਦੇ ਹਿੱਸਾ ਰਹੇ ਕਲਾਕਾਰਾਂ ਰੰਗ ਹਰਜਿੰਦਰ, ਅਮੋਲਕ ਸਿੰਘ ਅਤੇ ਬਿੱਟੂ ਨੂੰ ਦਰਸ਼ਕਾਂ ਸਨਮੁੱਖ ਕੀਤਾ। ਮੰਚ ਸੰਚਾਲਨ ਪ੍ਰੋ. ਸੰਦੀਪ ਸਿੰਘ ਨੇ ਕੀਤਾ।ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਸ. ਗੁਰਿੰਦਰਪਾਲ ਸਿੰਘ ਬਰਾੜ, ,ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।