ਗਾਇਕ ਇੰਦਰਜੀਤ ਨਿੱਕੂ ਦੇ ਗੀਤ ‘ਵਿੰਨ ੲੈਵਰ ਵਿਦ ਯੂ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਸਾਫ਼ ਸੁਥਰੀ ਸ਼ਬਦਾਵਲੀ ਵਾਲੇ ਗੀਤਾਂ ਦੀ ਉਮਰ ਵਧੇਰੇ ਲੰਮੀ ਹੁੰਦੀ ਹੈ- ਨਿੱਕੂ
ਦੀਪਕ ਜੈਨ
ਜਗਰਾਉ, 20 ਜੁਲਾਈ ਆਪਣੀ ਸੁੰਦਰ ਪੱਗ ਅਤੇ ਸੋਹਣੀ ਸੀਰਤ ਕਰਕੇ ਲੱਖਾਂ ਸਰੋਤਿਆਂ ਦੇ ਹਰਮਨਪਿਆਰੇ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਦੇ ਆਪਣੇ ਨਵੇਂ ਰੁਮਾਂਟਿਕ ਗੀਤ ‘ਵੈਨ ੲੈਵਰ ਵਿਦ ਯੂ’ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਲਈ ਉਨਾਂ ਸਰੋਤਿਆਂ ਦਾ ਉਚੇਚੇ ਤੌਰ ’ਤੇ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਅਨੇਕਾਂ ਸੁਪਰਹਿੱਟ ਗੀਤ ‘ਕਿਵੇਂ ਚਿਣਦਾ ਸੋਹਣਿਆਂ’, ‘ਉਹਦਾ ਨਾਮ ਨਹੀਂ ਲੈਣਾ’, ‘ਸੁਹੰ ਗੁਰੂ ਦੀ ਚੱਲ ਬੱਲੀਏ’, ‘ਰੁਸਨ ਨੂੰ ਜੀਅ ਕਰਦਾ’, ‘ਯਾਦ ਤਾਂ ਕਰਾਂ’, ‘ਮੁਮਤਾਜ ਬੇਵਫਾ’, ‘ਸਿੰਘ ਇੰਜ ਕਿੰਗ’, ‘ਕਾਲਜ’, ‘ਛੱਡਤਾ’, ‘ਬੰਦੇ ਵੀ ਦੇਸੀ ਆ’, ‘ਪੰਜੇਬਾਂ ਵਾਲੀ’, ‘ਜਿਸਮਾਂ ਤੋਂ ਪਾਰ ਦੀ ਗੱਲ’, ‘ਬੈਚਲਰ ਪਾਰਟੀ’, ‘ਚਾਂਦੀ ਦੀ ਡੱਬੀ’ ਵਰਗੇ ਸੁਪਰਹਿੱਟ ਗੀਤਾਂ ਤੋਂ ਇਲਾਵਾ ਦਰਜਨਾਂ ਸੁਪਰਹਿੱਟ ਐਲਬਮ ਪੰਜਾਬੀ ਸਰੋਤਿਆਂ ਦੀ ਝੋਲੀ ’ਚ ਪਾ ਚੁੱਕੇ ਹਨ। ਹਾਲ ਹੀ ਵਿਚ ਗਾਇਕ ਇੰਦਰਜੀਤ ਨਿੱਕੂ ਆਪਣੇ ਨਵੇਂ ਗੀਤ ‘ਵੈਨ ੲੈਵਰ ਵਿਦ ਯੂ’ ਨਾਲ ਫਿਰ ਤੋਂ ਹਾਜ਼ਰ ਹੋਏ ਹਨ। ਇਸ ਗੀਤ ਨੂੰ ਗੀਤਕਾਰ ਗੁਰੀ ਢੀਂਡਸਾ ਵੱਲੋਂ ਖੂਬਸੂਰਤ ਸ਼ਬਦਾਂ ’ਚ ਪਰੋਇਆ ਹੈ ਅਤੇ ਗੀਤ ਨੂੰ ਸੰਗੀਤ ਨੌਜ਼ਵਾਨ ਸੰਗੀਤਕਾਰ ਮਨੀ ਸਿੰਘ ਮਨਮੋਹਕ ਧੁਨਾਂ ’ਚ ਸ਼ਿੰਗਾਰਿਆ ਹੈ। ਗਾਇਕ ਇੰਦਰਜੀਤ ਨਿੱਕੂ ਦੇ ਇਸ ਗੀਤ ਦਾ ਵੀਡਿਓ ਨਿੱਕ ਧੰਜੂ ਅਤੇ ਐਮੀ ਧੋਟ ਵੱਲੋਂ ਹਿਮਾਚਲ ਦੀਆਂ ਖੂਬਸੂਰਤ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ।
ਗਾਇਕ ਨਿੱਕੂ ਦੇ ਉਕਤ ਗੀਤ ਨੂੰ ਉਨ੍ਹਾਂ ਆਪਣੇ ਖੁਦ ਦੇ ਯੂਟਿਊਬ ਚੈਨਲ ‘ਇੰਦਰਜੀਤ ਨਿੱਕੂ’ ’ਤੇ ਰਲੀਜ਼ ਕੀਤਾ ਹੈ ਅਤੇ ਇਸ ਗੀਤ ਨੂੰ ਜਿੱਥੇ ਕੁਝ ਘੰਟਿਆਂ ਵਿਚ ਲੱਖਾਂ ਹੀ ਲੋਕਾਂ ਨੇ ਦੇਖਿਆ ਹੈ, ਉਥੇ ਇਸ ਗੀਤ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਗਾਇਕ ਇੰਦਰਜੀਤ ਨਿੱਕੂ ਨੇ ਕਿਹਾ ਕਿ ਸਾਫ ਸੁਥਰੀ ਸ਼ਬਦਾਵਲੀ ਵਾਲੇ ਗੀਤਾਂ ਦੀ ਉਮਰ ਵਧੇਰੇ ਲੰਮੀ ਹੁੰਦੀ ਹੈ ਅਤੇ ਉਨ੍ਹਾਂ ਦੱਸਿਆ ਕਿ ਆਉਂਣ ਵਾਲੇ ਦਿਨਾਂ ’ਚ ਜਲਦ ਹੀ ਉਹ ਰੁਮਾਂਟਿਕ, ਬੀਟ ਅਤੇ ਉਦਾਸ ਗੀਤਾਂ ਨਾਲ ਸਰੋਤਿਆਂ ਦੇ ਫਿਰ ਤੋਂ ਰੂਬਰੂ ਹੋਣਗੇ।