ਸੇਵਾ ਦਾ ਜਜ਼ਬਾ, ਦਸਤਾਰ ਦੀ ਸ਼ਾਨ-ਟਾਕਾਨਿਨੀ ਦੀ ਬਣਨਗੇ ਨਵੀਂ ਪਛਾਣ।
ਨਿਊਜ਼ੀਲੈਂਡ ਦੀ ਮੁੱਖ ਵਿਰੋਧੀ ਪਾਰਟੀ ‘ਲੇਬਰ’ ਨੇ ਹਲਕਾ ਟਾਕਾਨਿਨੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ‘ਦਸਤਾਰਧਾਰੀ’ ਚਿਹਰਾ
ਸ. ਖੜਗ ਸਿੰਘ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 23 ਮਾਰਚ 2026: ਨਿਊਜ਼ੀਲੈਂਡ ਦੀ ਮੁੱਖ ਵਿਰੋਧੀ ਪਾਰਟੀ ‘ਲੇਬਰ ਪਾਰਟੀ’ ਨੇ 2026 ਦੀਆਂ ਆਮ ਚੋਣਾਂ ਲਈ ਚੋਣ ਹਲਕਾ ਟਾਕਾਨਿਨੀ ਤੋਂ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ. ਖੜਗ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਸੋਹਣੀ ਦਸਤਾਰ ਸਜਾ ਕੇ ਅਤੇ ਪ੍ਰਕਾਸ਼ ਕੀਤੇ ਦਾਹੜੇ ਦੇ ਨਾਲ ਇਸ ਹਲਕੇ ਵਿਚ ਉਨ੍ਹਾਂ ਦੀ ਜਿੱਥੇ ਵੱਖਰੀ ਪਹਿਚਾਣ ਚਮਕੇਗੀ ਉਤੇ ਦਸਤਾਰ ਦੀ ਸ਼ਾਨ ਵਿਚ ਵੀ ਵਾਧਾ ਅਤੇ ਪ੍ਰਚਾਰ ਹੋਵੇਗਾ।
ਉਹ ਪਿਛਲੇ 30 ਸਾਲਾਂ ਤੋਂ ਇਥੇ ਆਪਣਾ ਪਰਿਵਾਰਕ ਕਾਰੋਬਾਰ ਚਲਾ ਰਹੇ ਹਨ। ਸ. ਖੜਗ ਸਿੰਘ ਇਲਾਕੇ ਦੀਆਂ ਮੁੱਖ ਚੁਣੌਤੀਆਂ ਜਿਵੇਂ ਕਿ ਵਧਦੀ ਮਹਿੰਗਾਈ, ਰਿਹਾਇਸ਼ੀ ਸਮੱਸਿਆਵਾਂ ਅਤੇ ਰੁਜ਼ਗਾਰ ਦੀ ਅਸੁਰੱਖਿਆ ਤੋਂ ਚੰਗੀ ਤਰ੍ਹਾਂ ਜਾਣੂ ਹਨ। ਆਪਣੀ ਨਾਮਜ਼ਦਗੀ ਮੌਕੇ ਉਹਨਾਂ ਕਿਹਾ, ਮੈਂ ਲੇਬਰ ਪਾਰਟੀ ਦੇ ਉਦੇਸ਼ਾਂ ਨੂੰ ਨਿਮਰਤਾ ਅਤੇ ਇਮਾਨਦਾਰੀ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਾਂ। ਸਾਡਾ ਮੁੱਖ ਧਿਆਨ ਘਰ, ਨੌਕਰੀਆਂ ਅਤੇ ਸਿਹਤ ਸਹੂਲਤਾਂ ’ਤੇ ਹੋਵੇਗਾ ਤਾਂ ਜੋ ਆਰਥਿਕ ਸੁਧਾਰ ਦੇ ਨਾਲ-ਨਾਲ ਲੋਕਾਂ ਦੇ ਗੁਜ਼ਾਰੇ ਦੇ ਖਰਚਿਆਂ ਨੂੰ ਘਟਾਇਆ ਜਾ ਸਕੇ।
ਸ. ਖੜਗ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਇਸ ਖੇਤਰ ਵਿੱਚ ਰਹਿ ਰਹੇ ਹਨ ਅਤੇ ਸਮਾਜਿਕ ਕਾਰਜਾਂ ਵਿੱਚ ਕਾਫੀ ਸਰਗਰਮੀ ਨਾਲ ਭਾਗ ਲੈਂਦੇ ਹਨ। ਉਹ ਜਸਟਿਸ ਆਫ ਪੀਸ ਅਤੇ ਮੈਰਿਜ ਸੈਲੀਬ੍ਰੈਂਟ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।
ਨਿਊਜ਼ੀਲੈਂਡ ਦੇ ਵਿਚ ਉਨ੍ਹਾਂ ਨੂੰ ਸਮਾਜਿਕ ਸੇਵਾਵਾਂ ਦੇ ਲਈ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਸੰਸਦ ਵਿਚ ਜਾਣ ਵਾਲੇ ਦੂਜੇ ਦਸਤਾਰਧਾਰੀ ਸਿੱਖ ਹੋਣਗੇ।
ਖੜਗ ਸਿੰਘ ਦਾ ਪ੍ਰੋਫਾਈਲ: ਇੱਕ ਨਜ਼ਰ ਵਿੱਚ
ਸ. ਖੜਗ ਸਿੰਘ ਲੰਬਾ ਸਮਾਂ ਪਹਿਲਾਂ (1987) ’ਚ ਚੰਡੀਗੜ੍ਹ ਤੋਂ ਨਿਊਜ਼ੀਲੈਂਡ ਪਹੁੰਚੇ ਸਨ। ਸਿਆਸਤ ਦੇ ਵਿਚ ਮੁੱਖ ਸਰਗਰਮੀ ਉਨ੍ਹਾਂ ਦੀ ਇਕ ਦਹਾਕੇ ਤੋਂ ਵੱਧ ਦੀ ਹੈ। ਉਹ ਨਿਊਜ਼ੀਲੈਂਡ ਦੇ ਨਾਲ-ਨਾਲ ਭਾਰਤ ਦੇ ਸਿਆਸਤਦਾਨਾਂ ਦੇ ਤਾਲਮੇਲ ਵਿਚ ਰਹਿੰਦੇ ਹਨ। ਉਹ ਭਾਰਤ ਅਤੇ ਨਿਊਜ਼ੀਲੈਂਡ ਦੋਵਾਂ ਦੇ ਤਜ਼ਰਬਿਆਂ ਨੂੰ ਜੋੜ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਨ।
ਸਮਾਜਿਕ ਯੋਗਦਾਨ: ਉਹ ਇੰਡੀਆ ਨਿਊਜ਼ੀਲੈਂਡ ਬਿਜ਼ਨਸ ਕੌਂਸਲ ਅਤੇ ਰੋਟਰੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹ ਖੂਨਦਾਨ ਮੁਹਿੰਮਾਂ ਅਤੇ ਹੋਰ ਭਲਾਈ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ।
ਮੁੱਖ ਸਿਆਸੀ ਸਫ਼ਰ: ਉਹਨਾਂ ਨੇ 2023 ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਬੋਟਨੀ ਹਲਕੇ ਤੋਂ ਚੋਣ ਲੜੀ ਸੀ ਅਤੇ ਉਪਜੇਤੂ ਰਹੇ ਸਨ। ਉਸ ਸਮੇਂ ਲੇਬਰ ਪਾਰਟੀ ਦੀ ਸੂਚੀ ਵਿੱਚ ਉਹਨਾਂ ਦਾ ਰੈਂਕ 66ਵਾਂ ਸੀ। ਉਹ ਮਨੁਰੇਵਾ ਲੋਕਲ ਬੋਰਡ ਲਈ ਵੀ ਚੋਣ ਮੈਦਾਨ ਵਿੱਚ ਉਤਰ ਚੁੱਕੇ ਹਨ।
ਉਨ੍ਹਾਂ ਦੀਆਂ ਮੁੱਖ ਤਰਜੀਹਾਂ ਇਸ ਤਰ੍ਹਾਂ ਹਨ:-
ਸੁਰੱਖਿਅਤ ਭਾਈਚਾਰਾ: ਅਪਰਾਧ ਨੂੰ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰਨਾ।
ਸਿੱਖਿਆ: ਨੌਜਵਾਨਾਂ ਲਈ ਨਿਰਪੱਖ ਅਤੇ ਮਿਆਰੀ ਸਿੱਖਿਆ ਦੇ ਮੌਕੇ ਪੈਦਾ ਕਰਨਾ।
ਬਹੁ-ਸੱਭਿਆਚਾਰਕ ਸਾਂਝ: ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਸਾਂਝ ਅਤੇ ਸਤਿਕਾਰ ਵਧਾਉਣਾ।
ਸਿੱਖੀ ਜ਼ਜਬਾ, ਖੁੱਲ੍ਹਾ ਦਾਹੜਾ ਤੇ ਦਸਤਾਰ ਦੀ ਪਹਿਚਾਣ:
ਸ਼ਬਦ ‘ਖੜਗ’ ਪੰਜਾਬੀ ਸਾਹਿਤ ਅਤੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅਰਥ ਰੱਖਦਾ ਹੈ। ਸਿੱਖੀ ਪਰਿਵਾਰ ਦੇ ਵਿਚ ਪੈਦਾ ਹੋਏ ਸ. ਖੜਗ ਸਿੰਘ ਦਾ ਨਾਂਅ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਤੇਜਿੰਦਰ ਸਿੰਘ ਨੇ ਰੱਖਿਆ ਸੀ। ਧਾਰਮਿਕਤਾ ਵਾਲੇ ਪਾਸਿਉਂ ਵੇਖਿਆ ਜਾਏ ਤਾਂ ਸਿੱਖ ਕੌਮ ਦੇ ਇਤਿਹਾਸ ਵਿਚ ਦੋ-ਧਾਰੀ ਤਲਵਾਰ ਨੂੰ ਵੀ ਖੜਗ ਕਿਹਾ ਜਾਂਦਾ ਹੈ ਅਤੇ ਉਂਝ ਤਲਵਾਰ ਜਾਂ ਸਿਰੀ ਸਾਹਿਬ ਵੀ ਇਸਦੇ ਪੂਰਕ ਹਨ। ਸ਼ਕਤੀ ਦਾ ਪ੍ਰਤੀਕ: ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚ ‘ਖੜਗ’ ਅਕਾਲ ਪੁਰਖ ਦੀ ਸ਼ਕਤੀ ਅਤੇ ਨਿਆਂ ਦਾ ਪ੍ਰਤੀਕ ਮੰਨਿਆ ਗਿਆ ਹੈ।
ਲੇਬਰ ਪਾਰਟੀ ਵੱਲੋਂ ਇਹ ਦੂਜੀ ਵਾਰ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਨੂੰ ਸੰਸਦ ਮੈਂਬਰ ਲਈ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਪਹਿਲੀ ਵਾਰ ਵੀ ਇਨ੍ਹਾਂ ਨੂੰ ਹੀ ਪਿਛਲੀਆਂ ਚੋਣਾਂ ਵਿਚ ਬੌਟਨੀ ਹਲਕੇ ਤੋਂ ਉਮੀਦਵਾਰ ਬਣਾਇਆ ਸੀ।