← Go Back
ਪੰਜਾਬੀ ਯੂਨੀਵਰਸਿਟੀ ਵਿਖੇ ਫਾਰਮੇਸੀ ਵਿਸ਼ੇ ਦੀ ਅੰਤਰਰਾਸ਼ਟਰੀ ਕਾਨਫ਼ਰੰਸ, 56 ਮਾਹਿਰਾਂ ਨੇ ਪੇਸ਼ ਕੀਤੇ ਖੋਜ ਪੇਪਰ - 56 ਮਾਹਿਰਾਂ ਨੇ ਪੇਸ਼ ਕੀਤੇ ਖੋਜ ਪੇਪਰ ਪਟਿਆਲਾ, 17 ਫਰਵਰੀ 2025- ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਐਂਡ ਡਰੱਗ ਰਿਸਰਚ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਵਿਭਾਗ ਮੁਖੀ ਪ੍ਰੋ. ਗੁਲਸ਼ਨ ਬਾਂਸਲ ਨੇ ਦੱਸਿਆ ਕਿ ਇਹ ਕਾਨਫ਼ਰੰਸ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ.ਪੀ.ਟੀ.ਆਈ.) ਦੀ ਪੰਜਾਬ ਸਟੇਟ ਬਰਾਂਚ ਅਤੇ ਵਿਮੈਨ ਫ਼ੋਰਮ ਤੋਂ ਇਲਾਵਾ ਬਾਇਓਇਨਫਰਮੈਟਿਕ ਸੋਸਾਇਟੀ ਆਫ਼ ਸਿਚੂਅਨ ਪ੍ਰੋਵਿੰਸ ਚਾਈਨਾ (ਬੀ. ਆਈ. ਐੱਸ. ਐੱਸ. ਸੀ.) ਦੇ ਸਹਿਯੋਗ ਨਾਲ਼ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਦੌਰਾਨ ਕੁੱਲ 56 ਖੋਜਕਰਤਾਵਾਂ ਨੇ ਮੌਖਿਕ ਪੇਸ਼ਕਾਰੀ ਦਿੰਦਿਆਂ ਵਿੱਚ ਆਪਣੇ ਖੋਜ ਕਾਰਜ ਪੇਸ਼ ਕੀਤੇ ਹਨ ਅਤੇ ਕੁੱਲ 187 ਖੋਜਕਰਤਾਵਾਂ ਨੇ ਆਪਣੇ ਪੋਸਟਰ ਪ੍ਰਦਰਸ਼ਿਤ ਕੀਤੇ। ਇਸ ਤੋਂ ਇਲਾਵਾ ਦੋ ਹੋਰ ਗਤੀਵਿਧੀਆਂ ਡਿਬੇਟ ਅਤੇ ਕੁਇਜ਼ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਇਨ੍ਹਾਂ ਸਾਰਿਆਂ ਦਾ ਮੁਲਾਂਕਣ ਵੱਖ-ਵੱਖ ਕਾਲਜਾਂ ਦੇ ਪ੍ਰਸਿੱਧ ਮਾਹਿਰਾਂ ਦੁਆਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਨਫਰੰਸ ਉਦੇਸ਼ ਉੱੱਚ ਪੱਧਰੀ ਫਾਰਮਾਸਿਊਟੀਕਲ ਸੈਕਟਰ ਦੀ ਖੋਜ ਅਤੇ ਸਿਹਤ ਸੰਭਾਲ ਹੱਲਾਂ ਲਈ ਸੂਚਨਾ ਵਿਗਿਆਨ ਸਾਧਨਾਂ ਦੀ ਵਰਤੋਂ ਕਰ ਕੇ ਅਕਾਦਮਿਕ ਖੇਤਰ ਅਤੇ ਸਬੰਧਤ ਇੰਡਸਟਰੀ ਦੇ ਦਰਮਿਆਨ ਪਾੜੇ ਨੂੰ ਪੂਰਨਾ ਰਿਹਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਦੇਸ ਭਰ ਦੀਆਂ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ, ਖੋਜ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਤੋਂ ਮਾਹਿਰਾਂ ਅਤੇ ਵਿਦਵਾਨਾਂ ਨੇ ਭਾਗ ਲਿਆ। ਵਰਨਣਯੋਗ ਹੈ ਕਿ ਪਹਿਲੇ ਦਿਨ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਡਾ. ਮਿਲਿੰਦ ਜਾਨਰਾਓ ਉਮੇਕਰ ਵੱਲੋਂ ਆਪਣੇ ਵਿਚਾਰ ਪ੍ਰਗਟਾਏ ਗਏ ਸਨ ਅਤੇ ਫ਼ਾਰਮੇਸੀ ਕੌਂਸਲ ਆਫ਼ ਇੰਡੀਆ ਦੇ ਮੁਖੀ ਮੋਂਟੂਕੁਮਾਰ ਪਟੇਲ ਨੇ ਆਨਲਾਈਨ ਵਿਧੀ ਰਾਹੀਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਚੀਨ ਦੀ ਸੰਸਥਾ ਬੀ. ਆਈ. ਐੱਸ. ਐੱਸ. ਸੀ. ਤੋਂ ਡਾ. ਬਾਇਰੌਂਗ ਸ਼ੇਨ ਨੇ ਆਨਲਾਈਨ ਵਿਧੀ ਰਾਹੀਂ ਕਾਨਫ਼ਰੰਸ ਦਾ ਮੁੱਖ ਸੁਰ ਭਾਸ਼ਣ ਦਿੱਤਾ ਸੀ। ਕਾਨਫ਼ਰੰਸ ਦੌਰਾਨ ਹੋਈ ਅਲੂਮਨੀ ਮੀਟ ਦਾ ਆਯੋਜਨ ਅਤੇ ਸੰਚਾਲਨ ਵੀ ਡਾ. ਮਨਜਿੰਦਰ ਸਿੰਘ ਅਤੇ ਡਾ. ਦੀਪਦਰਸ਼ ਚਿਤਕਾਰਾ ਕਾਲਜ ਆਫ਼ ਫਾਰਮੇਸੀ ਵੱਲੋਂ ਕੀਤਾ ਗਿਆ ਸੀ ਜਿਸ ਦੌਰਾਨ ਉਸਤਾਦ ਡਾ. ਮੁਜਤਬਾ ਹੁਸੈਨ ਦੀ ਅਗਵਾਈ ਹੇਠ ਸ਼ਾਸਤਰੀ ਪੇਸ਼ਕਾਰੀਆਂ ਵਾਲੀ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਕਾਨਫ਼ਰੰਸ ਦੌਰਾਨ ਪੰਜਾਬ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬੀ ਫਾਰਮ ਅਤੇ ਐੱਮ ਫਾਰਮ ਦੇ ਵਿਦਿਆਰਥੀਆਂ ਲਈ ਇੱਕ ਪਲੇਸਮੈਂਟ ਡਰਾਈਵ ਵੀ ਚਲਾਈ ਗਈ।
Total Responses : 8