ਕੈਨੇਡਾ: ਪੈਸੇਫਿਕ ਅਕੈਡਮੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋਏ
ਹਰਦਮ ਮਾਨ
ਸਰੀ, 22 ਜਨਵਰੀ 2025-ਸਰੀ ਸਥਿਤ ਪੈਸੇਫਿਕ ਅਕੈਡਮੀ ਸਕੂਲ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀ ਆਪਣੇ ਅਧਿਆਪਕ ਕਰਿਸ ਵੈਨਡਜ਼ੂਰਾ ਨਾਲ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਨਤਮਸਤਕ ਹੋਏ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪ੍ਰਧਾਨ ਬਲਵੀਰ ਸਿੰਘ ਚਾਨਾ ਅਤੇ ਮੀਡੀਆ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਗੁਰਦੁਆਰਾ ਸਾਹਿਬ ਦੀ ਮਰਿਯਾਦਾ ਅਤੇ ਸਿੱਖ ਧਰਮ ਸੰਬੰਧੀ ਮੁੱਢਲੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਜਗਿਆਸਾ ਪ੍ਰਗਟ ਰਕਦਿਆਂ ਵਾਰੋ ਵਾਰੀ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਆਪੋ ਆਪਣੇ ਸੁਆਲ ਵੀ ਪੁੱਛੇ।
ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਸਕੂਲ ਇਕ ਪ੍ਰਾਈਵੇਟ ਸਕੂਲ ਹੈ ਅਤੇ ਇਸ ਦੇ ਅਧਿਆਪਕ ਕਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲੈ ਕੇ ਆਉਂਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਆਂਢ ਗੁਆਂਢ ਦੇ ਲੋਕਾਂ ਦੇ ਸਭਿਆਚਾਰ ਅਤੇ ਧਰਮ ਤੋਂ ਵਾਕਿਫ਼ ਹੋ ਸਕਣ। ਵਿਦਿਆਰਥੀਆਂ ਦੇ ਇਸ ਗਰੁੱਪ ਵਿੱਚੋਂ ਬਹੁਤੇ ਵਿਦਿਆਰਥੀ ਪਹਿਲੀ ਵਾਰ ਹੀ ਕਿਸੇ ਗੁਰਦੁਆਰਾ ਸਾਹਿਬ ਵਿਚ ਆਏ ਸਨ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਬੜੇ ਹੀ ਆਦਰ ਸਤਿਕਾਰ ਨਾਲ ਲੰਗਰ ਦੀ ਸੇਵਾ ਨਿਭਾਈ। ਅਧਿਆਪਕ ਕਰਿਸ ਵੈਨਡਜ਼ੂਰਾ ਅਤੇ ਵਿਦਿਆਰਥੀਆਂ ਨੇ ਲੰਗਰ ਛਕਣ ਉਪਰੰਤ ਵਿਦਾਇਗੀ ਲੈਂਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।