ਦੋ ਮੋਟਰਸਾਈਕਲਾਂ ਦੀ ਹੋਈ ਆਹਮੋ-ਸਾਹਮਣੇ ਟੱਕਰ, ਇੱਕ ਦੀ ਮੌਤ, ਦੂਸਰਾ ਗੰਭੀਰ ਜਖਮੀ
ਦੀਪਕ ਜੈਨ
ਜਗਰਾਉਂ, 21 ਜਨਵਰੀ 2025 - ਲਾਗਲੇ ਪਿੰਡ ਕੌਂਕੇ ਕਲਾਂ ਵਿਖੇ ਦੋ ਮੋਟਰਸਾਈਕਲਾਂ ਦੀ ਜਬਰਦਸਤ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ ਦੂਸਰਾ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਥਾਣਾ ਸਦਰ ਜਗਰਾਉਂ ਦੇ ਏਐਸਆਈ ਧਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰਸੂਲਪੁਰ ਮੱਲਾ ਆਪਣੇ ਚਾਚੇ ਦੇ ਬੇਟੇ ਹਰਪ੍ਰੀਤ ਸਿੰਘ ਨਾਲ ਉਸ ਦੇ ਮੋਟਰਸਾਈਕਲ ਮਾਰਕਾ ਐਚਐਫ ਡੀਲਕਸ ਨੰਬਰ ਪੀ ਵੀ 25 ਜੇ 2009 ਰੰਗ ਕਾਲਾ ਉੱਤੇ ਸਵਾਰ ਹੋ ਕੇ ਪਿੰਡ ਕਿਸ਼ਨਪੁਰਾ ਵਿਆਹ ਸਮਾਗਮ ਵਿੱਚ ਗਏ ਸੀ।
ਜਿੱਥੋਂ ਇਹ ਦੋਵੇਂ ਵਾਪਸ ਆ ਰਹੇ ਸਨ। ਜਦੋਂ ਇਹ ਦੋਵੇਂ ਚਚੇਰੇ ਭਰਾ ਪਿੰਡ ਕੌਂਕੇ ਕਲਾ ਲੰਘ ਕੇ ਪਿੰਡ ਕੌਂਕੇ ਖੋਸਾ ਵਾਲੀ ਸੜਕ ਤੇ ਟਿੱਬਿਆਂ ਵਾਲੇ ਘਰ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਇੱਕ ਮੋਟਰਸਾਈਕਲ ਮਾਰਕਾ ਡੀਲਕਸ ਰੰਗ ਨੀਲਾ ਨੰਬਰ ਪੀਵੀ 10 ਐਫਪੀ 54 93 ਉੱਤੇ ਦੋ ਨੌਜਵਾਨ ਤੇਜੀ ਨਾਲ ਆਏ ਅਤੇ ਸਾਹਮਣੇ ਵਾਲੇ ਮੋਟਰਸਾਈਕਲ ਚਾਲਕ ਨੇ ਬਿਨਾਂ ਹੋਰਨ ਬਜਾਇਆ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਚਲਾਉਂਦਿਆਂ ਹੋਇਆਂ ਇਹਨਾਂ ਦੇ ਮੋਟਰਸਾਈਕਲ ਵਿੱਚ ਆਪਣਾ ਮੋਟਰਸਾਈਕਲ ਠੋਕ ਦਿੱਤਾ। ਜਿਸ ਕਾਰਨ ਦੋਵੇਂ ਮੋਟਰਸਾਈਕਲ ਅਤੇ ਮੋਟਰਸਾਈਕਲਾਂ ਉੱਤੇ ਸਵਾਰ ਵਿਅਕਤੀ ਸੜਕ ਉੱਤੇ ਗਿਰ ਗਏ। ਪਰਮਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਲੋਕਾਂ ਨੇ ਪ੍ਰਬੰਧ ਕਰਕੇ ਸਿਵਿਲ ਹਸਪਤਾਲ ਜਗਰਾਉਂ ਪਹੁੰਚਾਇਆ।
ਦੂਸਰੇ ਮੋਟਰਸਾਈਕਲ ਵਾਲੇ ਨੌਜਵਾਨ ਆਪਣਾ ਮੋਟਰਸਾਈਕਲ ਉਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਜਖਮੀਆਂ ਦੀ ਹਾਲਤ ਗੰਭੀਰ ਨੂੰ ਦੇਖਦਿਆਂ ਹੋਇਆਂ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦੋਹਾਂ ਜਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਪਹੁੰਚਦੇ ਸਾਰ ਡਾਕਟਰਾਂ ਵੱਲੋਂ ਹਰਪ੍ਰੀਤ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਅਤੇ ਪਰਵਿੰਦਰ ਨੂੰ ਇਲਾਜ ਲਈ ਦਾਖਲ ਕਰ ਲਿੱਤਾ ਗਿਆ। ਖਬਰ ਲਿਖੇ ਜਾਣ ਤੱਕ ਪਰਮਿੰਦਰ ਸਿੰਘ ਹਸਪਤਾਲ ਵਿਖੇ ਜੇਰੇ ਇਲਾਜ ਸੀ ਅਤੇ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਨੌਜਵਾਨਾਂ ਦੀ ਪਹਿਚਾਨ ਨਹੀਂ ਸੀ ਹੋ ਸਕੀ। ਜਿਸ ਤੇ ਥਾਣਾ ਸਦਰ ਜਗਰਾਉਂ ਵਿਖੇ ਅਣਪਛਾਤੇ ਮੋਟਰ ਸਾਈਕਲ ਡਰਾਈਵਰ ਦੇ ਖਿਲਾਫ ਬੀ ਐਨ ਐਸ ਦੀਆਂ ਅਲੱਗ ਅਲੱਗ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।