ਕੰਵਰਜੀਤ ਬਰਾੜ ਚੱਕ ਸ਼ੇਰੇਵਾਲਾ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੂੰ ਵਿਜ਼ਿਟਰ ਵੀਜ਼ੇ ਦੀਆਂ ਸ਼ਰਤ ਨਰਮ ਕਰਨ ਸਬੰਧੀ ਮਿਲੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 7 ਜੁਲਾਈ 2024 - ਪਿਛਲੇ 40 ਸਾਲਾਂ ਤੇ ਆਪਣੀ ਲਿਆਕਤ ਅਤੇ ਸਖ਼ਤ ਮਿਹਨਤ ਨਾਲ ਰੀਅਲ ਅਸਟੇਟ ਖੇਤਰ ’ਚ ਨਿਰੰਤਰ ਨਾਮਣਾ ਖੱਟਣ ਵਾਲੇ ਸ਼੍ਰੀ ਕੰਵਰਜੀਤ ਸਿੰਘ ਬਰਾੜ, ਜਿਨ੍ਹਾਂ ਦਾ ਪਿਛੋਕੜ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਸ਼ੇਰੇਵਾਲਾ ਨਾਲ ਸਬੰਧਿਤ ਹੈ, ਵਿਜ਼ਟਰ ਵੀਜ਼ਾ ਦੀ ਸ਼ਰਤਾਂ ਨੂੰ ਨਰਮ ਕਰਨ ਵਾਸਤੇ ਕੈਨੇਡਾ ਦੇ ਪ੍ਰਧਾਨ ਜਸਟਿਨ ਟਰੂਡੋ ਨੂੰ ਮਿਲੇ। ਇਸ ਮੌਕੇ ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਦੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਪ੍ਰਧਾਨ ਨੂੰ ਅਪੀਲ ਕੀਤੀ ਕਿ ਕੈਨੈਡਾ ਵਿਜ਼ਟਰ ਵੀਜ਼ੇ ਸਬੰਧੀ ਨਿਯਮ ਬਹੁਤ ਸਖ਼ਤ ਹਨ ਅਤੇ ਦਿਨ-ਬ-ਦਿਨ ਹੋਰ ਸਖ਼ਤ ਹੋ ਰਹੇ ਹਨ। ਜਿਸ ਕਾਰਨ ਕੈਨੇਡਾ ਜਾਣ ਵਾਲੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਪੈਦਾ ਹੋ ਰਹੀਆਂ ਹਨ।
ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਹ ਵੀ ਧਿਆਨ ’ਚ ਲਿਆਂਦਾ ਕਿ ਸਾਡੇ ਦੇਸ਼ ਭਾਰਤ ਅਤੇ ਖਾਸ ਕਰਕੇ ਸਾਡੇ ਸੂਬੇ ਪੰਜਾਬ ਦੇ ਵੱਡੀ ਗਿਣਤੀ ’ਚ ਵਿਦਿਆਰਥੀ ਨਿਰੰਤਰ ਸਟੱਡੀ ਲਈ ਕੈਨੇਡਾ ਆ ਰਹੇ ਹਨ। ਬੱਚਿਆਂ ਦੇ ਕੈਨੇਡਾ ਹੋਣ ਕਰਕੇ ਖੁਸ਼ੀ/ਗਮੀ, ਕਨਵੋਕੇਸ਼ਨ ਅਤੇ ਹੋਰ ਬਹੁਤ ਸਾਰੇ ਮੌਕਿਆਂ ਤੇ ਬੱਚੇ ਸੋਚਦੇ ਹਨ ਕਿ ਇਨ੍ਹਾਂ ਮੌਕਿਆਂ ਤੇ ਉਨ੍ਹਾਂ ਦੇ ਮਾਪੇ, ਉਨ੍ਹਾਂ ਦੇ ਕੋਲ ਹੋਣ। ਪਰ ਕੈਨੇਡਾ ਆਉਣ ਦੇ ਨਿਯਮ ਸਖ਼ਤ ਹੋਣ ਕਾਰਨ ਕਈ ਵਾਰ ਅਜਿਹਾ ਸੰਭਵ ਨਹੀਂ ਹੁੰਦਾ। ਉਨ੍ਹਾਂ ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲ੍ਹਾਂ ਦੱਸ ਕੇ ਉਨ੍ਹਾਂ ਦੀ ਸਥਾਈ ਹੱਲ ਵਾਸਤੇ ਵੀ ਅਪੀਲ ਕੀਤੀ। ਕੰਵਰਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਹੋਈ ਉਨ੍ਹਾਂ ਦੀ ਗੱਲਬਾਤ ਬਹੁਤ ਹੀ ਸਖਾਵੇਂ ਮਾਹੌਲ ’ਚ ਹੋਈ ਹੈ। ਉਨ੍ਹਾਂ ਪੂਰਨ ਉਮੀਦ ਕੀਤੀ ਕਿ ਆਉਣ ਵਾਲੇ ਦਿਨਾਂ ’ਚ ਇਸ ਗੱਲਬਾਤ ਦਾ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਕੈਨੇਡਾ ਆਉਣ ਦੇ ਚਾਹਵਾਨ ਲੋਕਾਂ ਨੂੰ ਲਾਭ ਮਿਲੇਗਾ।