ਕੈਨੇਡਾ: ਮਾਂਗਟ ਪਰਿਵਾਰ ਨੂੰ ਸਦਮਾ, ਲਿਬਰਲ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹਰਦਮ ਮਾਂਗਟ ਦੇ ਮਾਤਾ ਰਾਜਿੰਦਰ ਕੌਰ ਦਾ ਦਿਹਾਂਤ, ਅੰਤਿਮ ਸਸਕਾਰ 6 ਅਕਤੂਬਰ ਨੂੰ
ਟੋਰਾਂਟੋ, 3 ਅਕਤੂਬਰ, 2024: ਕੈਨੇਡਾ ਦੀ ਲਿਬਰਲ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹਰਦਮ ਸਿੰਘ ਮਾਂਗਟ ਤੇ ਸਮੁੱਚੇ ਮਾਂਗਟ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ ਰਾਜਿੰਦਰ ਕੌਰ ਵੜਿੰਗ ਦਾ 1 ਅਕਤੂਬਰ ਨੂੰ ਕੈਨੇਡਾ ਵਿਚ ਦਿਹਾਂਤ ਹੋ ਗਿਆ। ਉਹ 104 ਸਾਲਾਂ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ 6 ਅਕਤੂਬਰ ਨੂੰ ਲੋਟਸ ਫਿਊਨਲ ਹੋਮ ਰੈਕਸਡੇਲ (ਓਨਟਾਰੀਓ) ਵਿਖੇ ਦੁਪਹਿਰ ਬਾਅਦ 3.00 ਤੋਂ 5.00 ਵਜੇ ਤੱਕ ਹੋਵੇਗਾ।
ਰਾਜਿੰਦਰ ਕੌਰ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਬਰਮਾਲੀਪੁਰ ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਜਥੇਦਾਰ ਸੰਤਾ ਸਿੰਘ ਤੂਰ ਸਨ। ਉਹਨਾਂ ਦਾ ਵਿਆਹ ਮਾਂਗਟ ਪਿੰਡ ਦੇ ਦਲੀਪ ਸਿੰਘ ਵੜਿੰਗ ਨਾਲ ਹੋਇਆ। ਉਹ ਆਪਣੇ ਪਿੱਛੇ ਦੋ ਪੁੱਤਰ, ਦੋ ਧੀਆਂ ਅਤੇ ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ ਛੱਡ ਦਿੱਤੇ ਗਏ ਹਨ। ਉਹ ਆਪਣੇ ਪਰਿਵਾਰ ਨਾਲ 1982 ਵਿਚ ਕੈਨੇਡਾ ਚਲੇ ਗਏ ਸਨ ਜਿਥੇ ਉਹਨਾਂ ਦੇ ਪੁੱਤਰ ਹਰਦਮ ਮਾਂਗਟ 1971 ਤੋਂ ਕੈਨੇਡਾ ਵਿਚ ਰਹਿ ਰਹੇ ਸਨ। ਉਹਨਾਂ ਦੇ ਪੋਤਰੇ-ਦੋਤਰੇ ਸਭ ਯੂਨੀਵਰਸਿਟੀ ਵਿਦਿਆਰਥੀ ਹਨ ਤੇ ਅੱਗੋਂ ਕਈ ਵਿਆਹੇ ਵਰ੍ਹੇ ਹਨ। ਉਹਨਾਂ ਨੂੰ ਅਕਾਲ ਪੁਰਖ ਨੇ 104 ਸਾਲ ਦੀ ਉਮਰ ਬਖਸ਼ਿਸ਼ ਕੀਤੀ।
ਬਾਬੂਸ਼ਾਹੀ ਨੈਟਵਰਕ ਦੇ ਐਡੀਟਰ ਇਨ ਚੀਫ ਬਲਜੀਤ ਬੱਲੀ ਨੇ ਮਾਤਾ ਰਾਜਿੰਦਰ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ।