ਕੈਨੇਡਾ: ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ ਵੱਲੋਂ ਸਿਆਸਤ ਛੱਡਣ ਦਾ ਐਲਾਨ
ਹਰਦਮ ਮਾਨ
ਸਰੀ, 6 ਜੁਲਾਈ 2024 - ਸਰੀ ਨਿਊਟਨ ਹਲਕੇ ਤੋਂ ਪਿਛਲੇ ਦੋ ਦਹਾਕਿਆਂ ਤੋਂ ਐਮ ਐਲ ਏ ਬਣਦੇ ਆ ਰਹੇ ਐਨਡੀਪੀ ਆਗੂ ਅਤੇ ਬੀ.ਸੀ. ਦੇ ਮੌਜੂਦਾ ਕਿਰਤ ਮੰਤਰੀ ਹੈਰੀ ਬੈਂਸ ਨੇ ਸਿਆਸਤ ਛੱਡਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣ ਨਹੀਂ ਲੜਨਗੇ। ਉਨ੍ਹਾਂ ਵੱਨੋਂ ਜਾਰੀ ਕੀਤੇ ਇਕ ਬਿਆਨ ਵਿਚ ਉਨ੍ਹਾਂ ਕਿਹਾ ਹੈ ਕਿ ਇਹ ਫੈਸਲਾ ਕਰਨਾ ਬਹੁਤ ਔਖਾ ਸੀ ਪਰ ਇਸ ਹਲਕੇ ਤੋਂ ਕਿਸੇ ਨਵੇਂ ਆਗੂ ਨੂੰ ਕੰਮ ਕਰਨ ਦਾ ਮੌਕਾ ਦੇ ਰਿਹਾ ਹਾਂ ਤਾਂ ਕਿ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤੇ ਲੋਕ ਭਲਾਈ ਕਾਰਜਾਂ ਨੂੰ ਅੱਗੇ ਵਧਾਇਆ ਜਾ ਸਕੇ। ਉਹਨਾਂ ਕਿਹਾ ਹੈ ਕਿ ਮੇਰੇ ਲਈ 2005 ਵਿੱਚ ਪਹਿਲੀ ਵਾਰ ਐਮਐਲਏ ਚੁਣੇ ਜਾਣ ਤੋਂ ਬਾਅਦ ਸਰੀ-ਨਿਊਟਨ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਅਤੇ ਸੂਬੇ ਦੇ ਲੇਬਰ ਮੰਤਰੀ ਵਜੋਂ ਸੇਵਾ ਕਰਨਾ ਮੇਰੇ ਲਈ ਜੀਵਨ ਭਰ ਦਾ ਸਨਮਾਨ ਰਿਹਾ ਹੈ।
‘ਜਦੋਂ ਮੈਂ ਪਹਿਲੀ ਵਾਰ ਚੋਣ ਲੜਨ ਦਾ ਫੈਸਲਾ ਕੀਤਾ ਸੀ ਤਾਂ ਮੈਂ ਮਨੁੱਖੀ ਅਧਿਕਾਰਾਂ ਅਤੇ ਕਾਮਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਮਿਸ਼ਨ ਨਾਲ ਸ਼ੁਰੂ ਕੀਤਾ ਸੀ। ਪ੍ਰੀਮੀਅਰ ਜੌਨ ਹੌਰਗਨ ਅਤੇ ਹੁਣ ਡੇਵਿਡ ਇਬੀ ਦੀ ਅਗਵਾਈ ਹੇਠ ਕੀਤੇ ਗਏ ਕੰਮ ‘ਤੇ ਮੈਨੂੰ ਮਾਣ ਹੈ। ਬੀ.ਸੀ. ਅਤੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਸੇਵਾ ਕਰਨ ਦਾ ਸੱਚਮੁੱਚ ਵਧੀਆ ਅਨੁਭਵ ਰਿਹਾ ਹੈ ਪਰ ਹੁਣ ਮੈਂ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਦੀ ਉਮੀਦ ਕਰ ਰਿਹਾ ਹਾਂ ਜੋ ਪਬਲਿਕ ਜੀਵਨ ਦੌਰਾਨ ਮੇਰੇ ਨਾਲ ਖੜ੍ਹੇ ਰਹੇ ਹਨ। ਮੈਂ ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਅਜਿਹਾ ਕੁਝ ਨਹੀਂ ਕਰ ਸਕਦਾ ਸੀ’।
ਉਨ੍ਹਾਂ ਸਰੀ-ਨਿਊਟਨ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਮਾਣਮੱਤੇ ਭਾਈਚਾਰੇ ਨੇ ਮੇਰੇ ‘ਤੇ ਭਰੋਸਾ ਕਰ ਕੇ ਨੁਮਾਇੰਦਗੀ ਦਾ ਮਾਣ ਦਿੱਤਾ। ਉਨ੍ਹਾਂ ਕਿਰਤ ਮੰਤਰੀ ਵਜੋਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਦੇਣ ਲਈ ਪ੍ਰੀਮੀਅਰ ਜੌਹਨ ਹੌਰਗਨ ਅਤੇ ਡੇਵਿਡ ਈਬੀ ਦਾ ਵੀ ਧੰਨਵਾਦ ਕੀਤਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com