ਇੱਕੋ ਰਾਤ ਟੁੱਟੇ ਸੱਤ ਅੱਠ ਦੁਕਾਨਾਂ ਦੇ ਤਾਲੇ , ਠੰਡੇ ਦੇ ਕੈਨ ਵੀ ਲੈ ਗਏ ਚੋਰ , ਸੀਸੀਟੀਵੀ ਵੀ ਆਈ ਸਾਹਮਣੇ
- ਦੁਕਾਨਦਾਰਾਂ ਦਾ ਫੁਟਿਆ ਗੁੱਸਾ
ਰੋਹਿਤ ਗੁਪਤਾ
ਗੁਰਦਾਸਪੁਰ, 13 ਮਾਰਚ 2025 - ਸਰਹੱਦੀ ਕਸਬਾ ਕਲਾਨੌਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ 7_8 ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਰਫੂਚੱਕਰ ਹੋ ਗਏ। ਚੋਰੀ ਦੀਆਂ ਘਟਨਾਵਾਂ ਨੂੰ ਦੇਖਦਿਆਂ ਦੁਕਾਨਦਾਰਾਂ ਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਚੋਰੀ ਦੀਆਂ ਘਟਨਾਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਮਹਾਜਨ ਨੇ ਦੱਸਿਆ ਕਿ ਉਹਨਾਂ ਦੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਸਾਹਮਣੇ ਸਨਰਾਈਜ ਬੇਕਰੀ ਹੈ। ਬੀਤੀ ਰਾਤ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦੇ ਜਿੰਦੜੇ ਤੋੜ ਕੇ ਗੱਲੇ ਵਿਚ ਪਏ ਕਰੀਬ 22 ਹਜ਼ਾਰ ਰੁਪਏ ਦੀ ਨਗਦੀ ਅਤੇ ਫਰਿਜ਼ ਵਿੱਚੋਂ ਕੋਲਡ ਡਰਿੰਕ ਦੇ ਕੈਨ ਚੋਰੀ ਕਰਕੇ ਲੈ ਗਏ। ਦੂਸਰੀ ਚੋਰੀ ਦੀ ਘਟਨਾ ਸਬੰਧੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਵੀ ਗੇਟ ਦੇ ਨਜ਼ਦੀਕ ਗੋਪੀ ਖੱਲ ਫੀਡ ਸਟੋਰ ਦੀ ਦੁਕਾਨ ਹੈ ਅਤੇ ਬੀਤੀ ਰਾਤ ਚੋਰਾਂ ਵੱਲੋਂ ਉਹਨਾਂ ਦੀ ਦੁਕਾਨ ਦੇ ਜਿੰਦੜੇ ਤੋੜ ਕੇ ਗੱਲੇ ਵਿੱਚ ਪਏ ਕਰੀਬ 5 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰਾਂ ਵੱਲੋਂ ਜੇ ਐਸ ਬੁਲਾਰਿਆ ਪੈਲੇਸ ਦੇ ਦਫ਼ਤਰ, ਸੁਭਾਸ਼ ਮਾਰਬਲ ਸਟੋਰ, ਕਿਸਾਨ ਸੇਵਾ ਕੇਂਦਰ ਕੀਟ ਨਾਸ਼ਕ ਦਵਾਈਆਂ ਦੀ ਦੁਕਾਨ, ਸਾਹਿਲ ਟੀ ਸਟਾਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਦਕਿ ਇਕ ਮੈਡੀਕਲ ਸਟੋਰ ਦੇ ਜਿੰਦੜੇ ਤੋੜ ਕੇ ਚੋਰੀ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ।
ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਕਲਾਨੌਰ ਚ ਚੋਰਾਂ ਵੱਲੋਂ ਇਕ ਰਾਤ ਵਿਚ ਹੀ ਤਿੰਨ ਦੁਕਾਨਾਂ ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।
ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਿਸ ਥਾਣਾ ਕਲਾਨੌਰ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਾਤ ਦੇ ਸਮੇਂ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉੱਥੇ ਹੀ ਐਸਐਚ ਓ ਸਾਹਿਲ ਪਠਾਨੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।