ਨਗਰ ਨਿਗਮ ਮੋਹਾਲੀ ਦੇ ਸਫਾਈ ਸੇਵਕ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਨੇ ਕੀਤੀ ਅਹਿਮ ਮੀਟਿੰਗ
- ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਆਪਣੇ ਸੀਨੀਅਰ ਆਗੂਆਂ ਸਮੇਤ ਮੀਟਿੰਗ ਵਿੱਚ ਹਾਜ਼ਰੀ ਲਵਾਈ
- ਮੀਟਿੰਗ ਚ ਸਫਾਈ ਸੇਵਕਾਂ ਦੀਆਂ ਲਟਕ ਰਹੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
ਗੁਰਪ੍ਰੀਤ ਸਿੰਘ ਜਖਵਾਲੀ।
ਮੋਹਾਲੀ 14 ਜਨਵਰੀ 2025:- ਨਗਰ ਨਿਗਮ ਮੋਹਾਲੀ ਵਿਖ਼ੇ ਨਵੀਂ ਸੰਗਠਤ ਕੀਤੀ ਗਈ ਸਫਾਈ ਸੇਵਕ ਮਜ਼ਦੂਰ ਯੂਨੀਅਨ ਮੋਹਾਲੀ (ਰਜਿ.) ਦੀ ਅਹਿਮ ਮੀਟਿੰਗ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਐਸਸੀ ਬੀਸੀ ਮੋਰਚਾ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਆਪਣੇ ਸੀਨੀਅਰ ਆਗੂਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਨਵ ਨਿਯੁਕਤ ਅਹੁਦੇਦਾਰਾਂ ਦੇ ਹਾਰ ਪਾਏ ਅਤੇ ਮੂੰਹ ਮਿੱਠਾ ਕਰਵਾਇਆ ਤੇ ਸਮੂਹ ਮੈਂਬਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਉਸ ਉਪਰੰਤ ਮੀਟਿੰਗ ਵਿੱਚ ਸਫਾਈ ਸੇਵਕਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀ ਕਾਫੀ ਸਮੇਂ ਤੋਂ ਮੁਸ਼ਕਿਲਾਂ ਨਾਲ ਜੂੰਝ ਰਹੇ ਹਨ।
ਪਹਿਲੀਆਂ ਸੰਗਠਿਤ ਯੂਨੀਅਨ ਨੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਬਾਰੇ ਨਗਰ ਨਿਗਮ ਅਧਿਕਾਰੀਆਂ ਨਾਲ ਕੋਈ ਠੋਸ ਗੱਲਬਾਤ ਨਹੀਂ ਕੀਤੀ। ਸਿਰਫ ਆਪਣੇ ਸਵਾਰਥ ਲਈ ਯੂਨੀਅਨ ਦੇ ਮੈਂਬਰਾਂ ਨੂੰ ਵਰਤਿਆ ਹੈ। ਸਾਡੀ ਯੂਨੀਅਨ ਸਿਰਫ ਤੇ ਸਿਰਫ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਗਠਨ ਕੀਤੀ ਗਈ ਹੈ। ਸਾਡਾ ਮੁੱਖ ਉਦੇਸ਼ ਸਾਡੀਆਂ ਚੱਲ ਰਹੀਆਂ ਮੰਗ ਮਨਵਾਉਣਾ ਹੈ। ਸਾਡੀਆਂ ਮੁੱਖ ਮੰਗਾਂ ਵਿੱਚ ਰੈਗੂਲਰ ਕਰਨ ਦੀ ਮੰਗ, ਸਫਾਈ ਸੇਵਕਾਂ ਦੀ ਪੋਸਟ ਨੂੰ ਕਾਨੂੰਨੀ ਤੌਰ ਤੇ ਸੁਪਰਵੈਜਰ ਲਗਾਏ ਜਾਣਾ ਨਾ ਕਿ ਕਿਸੇ ਦੀ ਸਿਫਾਰਿਸ਼ ਨਾਲ ਜਾਂ ਖੁਦ ਥੋਪੇ ਜਾਣਾ, ਇਸ ਪੋਸਟ ਦੀ ਵਕੈਂਸੀ ਨੂੰ ਜਨਤਕ ਕਰਕੇ ਪੰਜਾਬੀ ਭਾਸ਼ਾ ਦਾ ਟੈਸਟ ਕਰਵਾਉਣਾ ਤੇ ਕਲੀਅਰ ਕਰਨ ਵਾਲੇ ਨੂੰ ਹੀ ਸੁਪਰਵੈਜਰ ਲਗਾਏ ਜਾਣਾ, ਗੁਰਪੁਰਬ ਜਾਂ ਤਿਉਹਾਰ ਦੀਆਂ ਸਰਕਾਰੀ ਛੁੱਟੀਆਂ ਦੇਣਾ ਅਤੇ ਕਰਮਚਾਰੀਆਂ ਤੋਂ 8 ਘੰਟੇ ਦੀ ਡਿਊਟੀ ਹੀ ਕਰਵਾਏ ਜਾਣਾ ਆਦਿ ਸ਼ਾਮਿਲ ਹਨ।
ਇਸ ਸਮੇਂ ਬਲਵਿੰਦਰ ਕੁੰਭੜਾ ਨੇ ਯੂਨੀਅਨ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਇਹ ਯੂਨੀਅਨ ਕਰਮਚਾਰੀਆਂ ਦੀ ਭਲਾਈ ਲਈ ਅਤੇ ਸਮੱਸਿਆਵਾਂ ਦੇ ਹੱਲ ਕਰਨ ਲਈ ਨਿਰਸਵਾਰਥ ਕੰਮ ਕਰੇਗੀ। ਸਾਡੀ ਸੰਸਥਾ ਇਹਨਾਂ ਦੀ ਮਦਦ ਲਈ ਹਰ ਪਹਿਲੂ ਤੇ ਇਹਨਾਂ ਦੇ ਨਾਲ ਖੜੀ ਹੈ ਤੇ ਇਹਨਾਂ ਦੀਆਂ ਮੰਗਾਂ ਨਗਰ ਨਿਗਮ ਤੋਂ ਮਨਵਾਉਣ ਲਈ ਇਹਨਾਂ ਦਾ ਹਮੇਸ਼ਾ ਸਾਥ ਦਿੰਦੀ ਰਹੇਗੀ।
ਯੂਨੀਅਨ ਦੇ ਜਨਰਲ ਸੈਕਟਰੀ ਪਰਮਿੰਦਰ ਸਿੰਘ ਨੇ ਬਲਵਿੰਦਰ ਸਿੰਘ ਕੁੰਭੜਾ ਅਤੇ ਉਹਨਾਂ ਨਾਲ ਆਏ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਖਰੇ ਉਤਰਨ ਤੇ ਪੂਰਨ ਵਿਸ਼ਵਾਸ ਦਿਵਾਇਆ।
ਇਸ ਸਮੇਂ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਬਾਬੂ ਬੇਦ ਪ੍ਰਕਾਸ਼, ਮਨਜੀਤ ਸਿੰਘ, ਪ੍ਰਿੰਸੀਪਲ ਬਨਵਾਰੀ ਲਾਲ ਤੋਂ ਇਲਾਵਾ ਯੂਨੀਅਨ ਦੇ ਅਹੁਦੇਦਾਰ ਚੇਅਰਮੈਨ ਰਾਜਪਾਲ, ਵਾਈਸ ਪ੍ਰਧਾਨ ਇਕਬਾਲ ਸਿੰਘ, ਦਰਸ਼ਨ ਸਿੰਘ ਖਜਾਨਚੀ, ਉਪ ਸਕੱਤਰ ਲਖਵਿੰਦਰ ਸਿੰਘ, ਸਲਾਹਕਾਰ ਬੂਟਾ ਸਿੰਘ, ਮੈਂਬਰ ਭੁਪਿੰਦਰ ਸਿੰਘ, ਰਜਿੰਦਰ ਸਿੰਘ, ਰਮਨ ਕੁਮਾਰ ਆਦਿ ਹਾਜ਼ਰ ਹੋਏ।