ਖੇਤੀਬਾੜੀ ਵਿਭਾਗ ਵੱਲੋਂ ਪਿੰਡ ਹਕੀਮ ਬੇਗ ਤੇ ਹਰਦਰਵਾਲ ਵਿਖੇ ਜਾ ਕੇ ਕਿਸਾਨਾਂ ਨੁੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
- ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਲਿਆ ਅਹਿਦ
ਰੋਹਿਤ ਗੁਪਤਾ
ਬਟਾਲਾ, 19 ਸਤੰਬਰ 2024 - ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਜਿਲੇ ਅੰਦਰ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ।
ਇਸ ਮੌਕੇ ਸੁਰਿੰਦਰਪਾਲ ਸਿੰਘ, ਮੁੱਖ ਖੇਤੀਬਾੜੀ ਨੇ ਦੱਸਿਆ ਕਿ ਹੋਟ ਸਪੋਟ ਪਿੰਡ ਹਕੀਮ ਬੇਗ ਤੇ ਹਰਦਰਵਾਲ ਵਿਖੇ ਜਾ ਕੇ ਖੇਤੀਬਾੜੀ ਵਿਭਾਗ ਵਲੋਂ ਜਿਮੀਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਜਿਹੜੇ ਜਿਮੀਦਾਰਾਂ ਨੇ ਪਿਛਲੇ ਸਾਲ 2023 ਤੇ 24 ਦੌਰਾਨ ਆਪਣੇ ਫਸਲ ਦੀ ਰਹਿੰਦ ਖੂੰਦ ਨੂੰ ਅੱਗ ਲਗਾਈ ਸੀ, ਉਹਨਾਂ ਤੋਂ ਪ੍ਰਾਣ ਲਿਆ ਗਿਆ ਕਿ ਅੱਗੇ ਤੋਂ ਉਹ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਹੀਂ ਲਗਾਉਣਗੇ ।
ਇਸ ਮੌਕੇ ਵਿਭਾਗ ਵਲੋਂ ਜਿਮੀਦਾਰਾਂ ਨੂੰ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਦੇ ਪੋਰਟਲ ਤੇ ਜਾ ਕੇ ਆਪਣੀ ਮਸ਼ੀਨਰੀ ਲਈ ਅਰਜੀ ਦੇ ਸਕਦੇ ਹਨ। ਇਸ ਤੋਂ ਇਲਾਵਾ ਜਿਮੀਦਾਰਾਂ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਾੜ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਅਤੇ ਅੱਗ ਲਗਾਏ ਬਗੈਰ ਫਸਲ ਬੀਜਣ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਗਾਂਹਵਧੂ ਕਿਸਾਨ ਜਿਨ੍ਹਾਂ ਵਲੋਂ ਨਾੜ ਨੂੰ ਸਾੜੇ ਬਿਨਾਂ ਫਸਲ ਬੀਜੀ ਜਾ ਰਹੀ ਹੈ, ਉਨ੍ਹਾਂ ਵੀ ਆਪਣੇ ਸਫਲ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ ਗਏ।