ਬਜ਼ੁਰਗ ਮਰੀਜ਼ਾਂ ਦੀ ਸਹੂਲਤ ਲਈ ਸਿਵਲ ਹਸਪਤਾਲ ‘ਚ ਖ਼ਾਸ ਸਿਹਤ ਸੇਵਾਵਾਂ ਮੁਹਈਆ: ਡਾ. ਸਤਵਿੰਦਰਪਾਲ ਸਿੰਘ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ 07 ਮਈ , 2026
ਬਜ਼ੁਰਗ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿੱਚ ਵਧੀਆਂ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਦੇ ਮੰਤਵ ਨਾਲ, ਬਜ਼ੁਰਗ ਸਿਹਤ ਸੰਭਾਲ ਓ ਪੀ ਡੀ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਖ਼ਾਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ (ਸਰਜਨ) ਡਾ. ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਦੇਖਣ ਵਿੱਚ ਆਉਂਦਾ ਸੀ ਕਿ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਜਿਆਦਾ ਹੋਣ ਕਰਨ, ਬਜ਼ੁਰਗ ਮਰੀਜ਼ਾਂ ਨੂੰ ਡਾਕਟਰ ਨੂੰ ਮਿਲਣ ਅਤੇ ਟੈਸਟ ਆਦਿ ਕਰਵਾਉਣ ਲਈ ਲੰਮੀਆਂ ਲਾਈਨਾਂ ਵਿੱਚ ਖੜਨਾ ਪੈਂਦਾ ਸੀ ਅਤੇ ਕਾਫ਼ੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਦੱਸਿਆ ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਹਸਪਤਾਲ ਵਿੱਚ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਬਜ਼ੁਰਗ ਸਿਹਤ ਸੰਭਾਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਓ ਪੀ ਡੀ ਦੌਰਾਨ ਡਾਕਟਰਾਂ ਨੂੰ ਮਿਲਣ ਲਈ ਬਜ਼ੁਰਗਾਂ ਲਈ ਵੱਖਰੀ ਲਾਈਨ ਅਤੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਜਿਸ ਲਈ ਵੱਖਰੇ ਤੌਰ ਉੱਤੇ ਨਰਸਿੰਗ ਵਿਦਿਆਰਥਣਾਂ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਬਜ਼ੁਰਗਾਂ ਨੂੰ ਗਾਈਡ ਕਰਦੇ ਹੋਏ ਆਪਣਾ ਇਲਾਜ ਕਰਵਾਉਣ ਵਿੱਚ ਪੂਰਾ ਸਹਿਯੋਗ ਦੇਣ|
ਡਾ. ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਜ਼ੁਰਗ ਮਰੀਜ਼ਾਂ ਦੇ ਟੈਸਟ ਲਈ ਕਮਰਾ ਨੰਬਰ-7 ਵਿੱਚ ਖੂਨ ਦੇ ਸੈਂਪਲ ਦੇਣ ਦੇ ਵੱਖਰੇ ਤੌਰ ਉੱਤੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਨਰਸਿੰਗ ਵਿਦਿਆਰਥਣਾਂ ਦੀ ਡਿਊਟੀ ਲਗਾਈ ਲਈ ਹੈ ਕਿ ਉਹ ਬਜ਼ੁਰਗ ਮਰੀਜ਼ਾਂ ਨੂੰ ਮੁਫ਼ਤ ਦਵਾਈ ਵੀ ਉਪਲੱਬਧ ਕਰਵਾਉਣ ਤਾਂ ਦਵਾਈ ਲੈਣ ਲਈ ਵੀ ਬਜ਼ੁਰਗਾਂ ਨੂੰ ਲਾਈਨ ਵਿੱਚ ਨਾ ਖੜਨਾ ਪਏ।
ਇਸ ਬਾਰੇ ਆਪਣਾ ਤਜ਼ੁਰਬਾ ਸਾਂਝਾ ਕਰਦੇ ਹੋਏ ਸੀਨੀਅਰ ਸਿਟੀਜ਼ਨ ਦਰਸ਼ਨ ਦਰਦੀ ਨੇ ਦੱਸਿਆ ਕਿ ਇਨ੍ਹਾਂ ਬਿਹਤਰ ਸਿਹਤ ਸੇਵਾਵਾਂ ਲਈ ਇਲਾਕੇ ਦੇ ਸੀਨੀਅਰ ਸਿਟੀਜਨਾਂ ਵੱਲੋਂ ਕਾਫ਼ੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਹੁਣ ਸਿਵਲ ਹਸਪਤਾਲ ਵਿਖੇ ਪਹਿਲਾਂ ਨਾਲੋਂ ਕਿਤੇ ਵਧੀਆ ਅਤੇ ਆਸਾਨ ਢੰਗ ਨਾਲ ਉਨ੍ਹਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਹਨ।
- Download Babushahi App
-
-