ਝੀਲਾਂ ’ਚ ਗੰਦ ਪਾਉਣ ਨੂੰ ਲੈਕੇ ਜਨਤਕ ਧਿਰਾਂ ਦੇ ਪ੍ਰਸ਼ਾਸ਼ਨ ਨਾਲ ਫਸਣ ਲੱਗੇ ਸਿੰਗ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2026: ਸਮਾਜ ਸੇਵੀ ਗੁਰਵਿੰਦਰ ਸ਼ਰਮਾ ਵੱਲੋਂ ਬਠਿੰਡਾ ਝੀਲਾਂ ਤੇ ਬੈਠੇ ਪ੍ਰਵਾਸੀ ਝੁੱਗੀ ਝੋਪੜੀਆਂ ਵਾਲਿਆਂ ਵੱਲੋਂ ਝੀਲਾਂ ਦੇ ਪਾਣੀ ’ਚ ਗੰਦਗੀ ਫੈਲਾਉਣ ਦਾ ਮਾਮਲਾ ਉਠਾਉਣ ਤੋਂ ਬਾਅਦ ਸ਼ਹਿਰ ਦੀਆਂ ਜਨਤਕ ਧਿਰਾਂ ਨੇ ਪ੍ਰਸ਼ਾਸ਼ਨ ਨੂੰ ਅਲਟੀਮੇਟਮ ਜਾਰੀ ਕਰ ਦਿੱਤਾ ਹੈ। ਜਨਤਕ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 26 ਅਪ੍ਰੈਲ ਤੱਕ ਇਹਨਾਂ ਝੁੱਗੀ ਝੌਂਪੜੀਆਂ ਨੂੰ ਇੱਥੋਂ ਨਾ ਹਟਾਇਆ ਗਿਆ ਤਾਂ 27 ਤਰੀਕ ਨੂੰ ਸੰਘਰਸ਼ ਕਮੇਟੀ ਵੱਲੋਂ ਭਾਈ ਘਨਈਆ ਚੌਂਕ ਨੂੰ ਜਾਮ ਕੀਤਾ ਜਾਵੇਗਾ, ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਨਗਰ ਨਿਗਮ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਤੋਂ ਪਹਿਲਾਂ ਇੰਨ੍ਹਾਂ ਆਗੂਆਂ ਨੇ ਨਗਰ ਨਿਗਮ ਦੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਅਤੇ ਮਸਲੇ ਦਾ ਹੱਲ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਕੀਤੇ ਇਕੱਠ ’ਚ ਸਮਾਜਸੇਵੀ ਗੁਰਵਿੰਦਰ ਸ਼ਰਮਾ, ਸੋਨੂ ਮਹੇਸ਼ਵਰੀ, ਅੰਕਿਤ ਸਹਿਗਲ, ਸੈਕਟਰੀ ਡਾਕਟਰ ਤਰਸੇਮ ਗਰਗ, ਕਿਸਾਨ ਯੂਨੀਅਨ ਆਗੂ ਜਗਤਾਰ ਗਿੱਲ, ਸਾਬਕਾ ਨਗਰ ਕੌਂਸਲ ਬਲਵਿੰਦਰ ਠੇਕੇਦਾਰ, ਸੰਦੀਪ ਬੌਬੀ, ਹਰਵਿੰਦਰ ਲੱਡੂ , ਹਰਮਿਲਾਪ ਗਰੇਵਾਲ , ਮਾਣ ਬਠਿੰਡੇ ਵਾਲਾ, ਕੁਲਵੀਰ ਬੀਰਾ ਅਤੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਤੋਂ ਇਲਾਵਾ ਸੈਂਕੜੇ ਲੋਕ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਝੀਲ ਨੰਬਰ ਇੱਕ ਅਤੇ ਦੋ ਤੇ ਥਰਮਲ ਫਲਾਈ ਓਵਰ ਦੇ ਹੇਠਾਂ ਬੈਠੇ ਤਕਰੀਬਨ 500 ਤੋਂ ਵੱਧ ਝੁੱਗੀ ਝੌਪੜੀਆਂ ਵਾਲਿਆਂ ਵੱਲੋਂ ਆਪਣਾ ਮਲ ਮੂਤਰ, ਟਾਇਲਟ ਅਤੇ ਮਾਸ ਆਦਿ ਝੀਲਾਂ ਦੇ ਪਾਣੀ ਵਿੱਚ ਮਿਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਇਹ ਝੁੱਗੀਆਂ ਵਾਲੇ ਇਸ ਸਥਾਨ ’ਤੇ ਕਬਜ਼ਾ ਕਰੀ ਬੈਠੇ ਹਨ ।
ਆਗੂਆਂ ਨੇ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਨੇ ਬਿਜਲੀ ਦੇ ਨਜਾਇਜ਼ ਕਨੈਕਸ਼ਨ ਕੁੰਡੀਆਂ ਅਤੇ ਸਮਰਸੀਬਲ ਮੋਟਰਾਂ ਆਦਿ ਤੱਕ ਲਗਵਾ ਰੱਖੇ ਹਨ ਜਿਸ ਵੱਲ ਬਠਿੰਡਾ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਇੰਨ੍ਹਾਂ ’ਚ ਕਈ ਕਿਸਮ ਦੇ ਅਪਰਾਧਿਕ ਲੋਕ ਵੀ ਸ਼ਾਮਲ ਹੋ ਸਕਦੇ ਹਨ ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਜਨਤਕ ਜੱਥੇਬੰਦੀਆਂ ਦੀ 26 ਅਪ੍ਰੈਲ ਨੂੰ ਮੀਟਿੰਗ ਬੁਲਾਈ ਗਈ ਹੈ ਜਿਸ ’ਚ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਏਗਾ ਦੱਸਣਯੋਗ ਹੈ ਕਿ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈਸੋਸ਼ਲ ਮੀਡੀਆ ਤੇ ਵੀਡੀਓ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਸਨ ਜਿਸ ਤੋਂ ਬਾਅਦ ਇਹ ਮੁੱਦਾ ਚਰਚਾ ਵਿੱਚ ਆਇਆ ਹੈ।
Click to Follow Babushahi Facebook page →