ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਲੀ ਫਤਿਹ ਦਿਵਸ ਦੀ ਸ਼ਾਨਦਾਰ ਯਾਦਗਾਰ ਮਨਾਉਣ ਦੀ ਤਿਆਰੀ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 19 ਮਾਰਚ, 2026 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸਿੱਖ ਕੌਮ ਦੀ ਸ਼ਾਨਦਾਰ ਇਤਿਹਾਸਕ ਜਿੱਤ—ਦਿੱਲੀ ਫਤਿਹ—ਦੀ ਯਾਦ ਨੂੰ ਸਮਰਪਿਤ “ਦਿੱਲੀ ਫਤਿਹ ਦਿਵਸ” ਆਉਦੀ 28 ਅਤੇ 29 ਮਾਰਚ 2026 ਨੂੰ ਲਾਲ ਕਿਲ੍ਹਾ ਮੈਦਾਨ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਦਿਨ ਬਾਬਾ ਬਘੇਲ ਸਿੰਘ, ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸ੍ਰੀ ਜੱਸਾ ਸਿੰਘ ਰਾਮਗੜ੍ਹੀਆ, ਸ੍ਰੀ ਤਾਰਾ ਸਿੰਘ ਘੇਬਾ ਅਤੇ ਸ੍ਰੀ ਮਹਾਂ ਸਿੰਘ ਸ਼ੁੱਕਰਚੱਕੀਆ ਦੀ ਬਹਾਦਰੀ ਭਰੀ ਅਗਵਾਈ ਹੇਠ ਸਿੰਘਾਂ ਵੱਲੋਂ ਦਿੱਲੀ ਫਤਿਹ ਕਰਨ ਦੀ ਮਹਾਨ ਗਾਥਾ ਨੂੰ ਯਾਦ ਕਰਨ ਦਾ ਪ੍ਰਤੀਕ ਹੈ। ਇਹ ਦਿਹਾੜਾ ਸਿੱਖ ਇਤਿਹਾਸ ਵਿੱਚ ਫਹਾਦਰੀ, ਬਲਿਦਾਨ ਅਤੇ ਅਟੱਲ ਹੌਸਲੇ ਦੀ ਬੇਮਿਸਾਲ ਮਿਸਾਲ ਵਜੋਂ ਦਰਜ ਹੈ।
ਸਰਦਾਰ ਕਾਲਕਾ ਨੇ ਦੱਸਿਆ ਕਿ ਸਮਾਗਮ ਦੌਰਾਨ ਧਾਰਮਿਕ ਦੀਵਾਨ, ਕੀਰਤਨ ਦਰਬਾਰ, ਇਤਿਹਾਸਕ ਵਿਖਿਆਨ ਅਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਗੌਰਵ ਦੀ ਭਾਵਨਾ ਪੈਦਾ ਕਰਨ ਦਾ ਉਦੇਸ਼ ਹੈ।
ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮਹਾਨ ਇਤਿਹਾਸਕ ਦਿਵਸ ਦੇ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਭਰ ਕੇ ਗੁਰੂ ਸਾਹਿਬਾਨ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਅਤੇ ਸਿੱਖ ਵਿਰਾਸਤ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕਰਨ।
Click to Follow Babushahi Facebook page →