ਥਰਮਲ ਪਲਾਂਟ ਰੋਪੜ ਦੀਆਂ ਝੀਲਾਂ ਵੱਲੋਂ ਪੈਦਾ ਕੀਤੀ ਸੇਮ ਨੂੰ ਖਤਮ ਕਰਵਾਉਣ ਲਈ ਥਰਮਲ ਪਲਾਂਟ ਰੋਪੜ ਦੇ ਗੇਟ ਅੱਗੇ ਧਰਨਾ 24 ਮਾਰਚ ਨੂੰ
ਮਨਪ੍ਰੀਤ ਸਿੰਘ
ਰੂਪਨਗਰ 17 ਮਾਰਚ
ਇਲਾਕਾ ਸੰਘਰਸ਼ ਕਮੇਟੀ ਲੋਧੀ ਮਾਜਰਾ ਘਨੌਲੀ ਦੀ ਮੀਟਿੰਗ ਪਿੰਡ ਦਬੁਰਜੀ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰਧਾਨ ਨਿਰਮਲ ਸਿੰਘ ਲੋਧੀ ਮਾਜਰਾ ਅਤੇ ਜ.ਸ.ਗਿਆਨ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੀਆਂ ਝੀਲਾਂ ਵਿੱਚੋਂ ਪਾਣੀ ਰਿਸ ਕੇ ਪਿੰਡ ਗੁੰਨੂੰ ਮਾਜਰਾ,ਮੱਦੋ ਮਾਜਰਾ, ਦਬੁਰਜੀ,ਰਣਜੀਤਪੁਰਾ ਆਦਿ ਦੇ ਪਿੰਡਾਂ ਦੀਆਂ ਕਣਕਾਂ ਵਿੱਚ ਪਾਈ ਸੇਮ ਨੇ ਸੈਂਕੜੇ ਬਿਘੇ ਕਣਕਾਂ ਖਤਮ ਕਰ ਦਿੱਤੀਆਂ ਹਨ। ਸੇਮ ਕਰਕੇ ਕਿਸਾਨਾਂ ਦੀ ਬਰਬਾਦੀ ਨੇ ਕਿਸਾਨਾਂ ਦਾ ਲੱਕ ਤੋੜ ਕੇ ਆਰਥਿਕ ਸੰਕਟ ਵਿੱਚ ਧਕ ਦਿੱਤਾ ਹੈ ਪਰੰਤੂ ਥਰਮਲ ਅਤੇ ਅੰਬੂਜਾ ਦੀਆਂ ਮੈਨੇਜ਼ਮੈਂਟਾਂ ਪੀੜਤ ਕਿਸਾਨਾਂ ਦਾ ਮਸਲਾ ਹਲ ਕਰਨ ਦੀ ਬਜਾਏ ਕੁੰਭ ਕਰਨੀ ਨੀਂਦ ਵਿੱਚ ਸੁੱਤੀਆਂ ਪਈਆਂ ਹਨ । ਅੰਬੂਜਾ ਫੈਕਟਰੀ ਦੇ ਪ੍ਰਦੂਸ਼ਣ ਨੇ ਘਰਾਂ ਦੀ ਰਸੋਈ ਤਕ ਮਾਰ ਕਰਕੇ ਬੀਮਾਰੀਆਂ ਵਿੱਚ ਵਾਧਾ ਕੀਤਾ ਹੈ। । ਸੰਘਰਸ਼ ਕਮੇਟੀ ਵੱਲੋ ਦਿੱਤੇ ਪ੍ਰੋਗਰਾਮ ਅਨੁਸਾਰ ਸੇਮ ਨਾਲ ਖਤਮ ਹੋਈਆਂ ਕਣਕਾਂ ਦਾ ਮੁਆਵਜ਼ਾ ਲੈਣ ਅਤੇ ਪ੍ਰਦੁਸ਼ਣ ਦੂਰ ਕਰਾਉਣ ਲਈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਦੇ ਮੇਨ ਗੇਟ ਅੱਗੇ 24 ਮਾਰਚ ਨੂੰ ਸਵੇਰੇ 9 ਵਜੇ ਤੋ 12 ਵਜੇ ਤਕ ਧਰਨਾ ਦਿੱਤਾ ਜਾਵੇਗਾ ਅਤੇ ਸੰਘਰਸ਼ ਤੇਜ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ ਅਤੇ ਸੰਘਰਸ਼ ਕਮੇਟੀ ਕਿਸੀ ਟਾਈਮ ਵੀ ਥਰਮਲ ਪਲਾਂਟ ਦੇ ਅਧਿਕਾਰੀਆਂ ਦਾ ਘੇਰਾਵ ਕਰ ਸਕਦੀ ਹੈ । ਮੀਟਿੰਗ ਵਿੱਚ ਕੁਲਵਿੰਦਰ ਸਿੰਘ, ਪ੍ਰਵਾਨ ਸਿੰਘ, ਸਰਵਣ ਸਿੰਘ, ਸਤਵੰਤ ਸਿੰਘ, ਵਿਸਾਖਾ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ, ਅਜੈਬ ਸਿੰਘ, ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ ਆਦਿ ਸ਼ਾਮਲ ਹੋਏ।
Click to Follow Babushahi Facebook page →