ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਮੁਕਤਸਰ ਪੁਲਿਸ ਨੇ ਜ਼ਿਲ੍ਹਾ ਜੇਲ੍ਹ ਵਿੱਚ ਅਚਾਨਕ ਤਲਾਸ਼ੀ ਲਈ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 29 ਜਨਵਰੀ 2026 : ਗੈਂਗਸਟਰਾਂ, ਸ਼ਰਾਰਤੀ ਅਨਸਰਾਂ ਅਤੇ ਗੈਰਕਾਨੂੰਨੀ ਅਪਰਾਧਿਕ ਨੈਟਵਰਕਾਂ ਖ਼ਿਲਾਫ਼ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ “ਗੈਂਗਸਟਰਾਂ ਤੇ ਵਾਰ” ਦੇ ਤਹਿਤ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਇੱਕ ਵਿਸ਼ੇਸ਼ ਅਤੇ ਅਚਾਨਕ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦਾ ਮਕਸਦ ਜਨਤਕ ਸੁਰੱਖਿਆ, ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਅਤੇ ਜੇਲ੍ਹ ਅੰਦਰ ਅਨੁਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਪੂਰੀ ਤਰ੍ਹਾਂ ਪਹਿਰਾ ਕਾਇਮ ਰੱਖਣਾ ਸੀ।ਇਹ ਵਿਸ਼ੇਸ਼ ਤਲਾਸ਼ੀ ਮੁਹਿੰਮ ਜੇਲ੍ਹ ਸੁਪਰਡੈਂਟ ਸ੍ਰੀ ਨਵਦੀਪ ਸਿੰਘ ਬਹਿਨੀਵਾਲ, ਸ੍ਰੀ ਗਗਨੇਸ਼ ਕੁਮਾਰ (ਐਸ.ਪੀ), ਸ੍ਰੀ ਰਾਹੁਲ ਗ੍ਰੋਵਰ (ਡਿਪਟੀ ਸੁਪਰਡੈਂਟ) ਦੇ ਸਹਿਯੋਗ ਨਾਲ ਅਤੇ ਸ੍ਰੀ ਬਚਨ ਸਿੰਘ, ਡੀ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਚਲਾਈ ਗਈ।
ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੋਂ 150 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਪੂਰੀ ਪਹਿਰੇਵਾਜ਼ੀ ਨਾਲ ਤੈਨਾਤ ਰਹੇ, ਤਾਂ ਜੋ ਕਿਸੇ ਵੀ ਕਿਸਮ ਦੀ ਲਾਪਰਵਾਹੀ ਦੀ ਗੁੰਜਾਇਸ਼ ਨਾ ਰਹੇ।ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਅੰਦਰ ਸੁਰੱਖਿਆ ’ਤੇ ਸਖ਼ਤ ਅਤੇ ਲਗਾਤਾਰ ਪਹਿਰਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਪਰਾਧਿਕ ਤੱਤ ਜੇਲ੍ਹ ਅੰਦਰੋਂ ਹੀ ਗੈਰਕਾਨੂੰਨੀ ਸਰਗਰਮੀਆਂ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਲਈ ਅਜਿਹੇ ਅਚਾਨਕ ਅਤੇ ਸਖ਼ਤ ਤਲਾਸ਼ੀ ਅਭਿਆਨ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ।
ਤਲਾਸ਼ੀ ਅਭਿਆਨ ਦੌਰਾਨ ਕੀਤੀਆਂ ਗਈਆਂ ਮੁੱਖ ਕਾਰਵਾਈਆਂ
• ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਵਾਰਡਾਂ ਅਤੇ ਸਹਾਇਕ ਇਲਾਕਿਆਂ ਦੀ ਪੂਰੀ ਪਹਿਰੇਵਾਜ਼ੀ ਹੇਠ ਗਹਿਰਾਈ ਨਾਲ ਜਾਂਚ ਕੀਤੀ ਗਈ।
• ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਮਾਨ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ।
• ਜੇਲ੍ਹ ਦੇ ਅੰਦਰੂਨੀ ਅਤੇ ਬਾਹਰੀ ਆਵਾਜਾਈ ਰਸਤੇ, ਕੰਧਾਂ ਦੇ ਕੋਨੇ, ਬਾਥਰੂਮ, ਸਟੋਰ ਅਤੇ ਹੋਰ ਸੰਦੇਹਪੂਰਨ ਥਾਵਾਂ ’ਤੇ ਸਖ਼ਤ ਪਹਿਰਾ ਲਗਾ ਕੇ ਜਾਂਚ ਕੀਤੀ ਗਈ।
• ਕੁਝ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਸੰਭਾਵੀ ਗੈਰਕਾਨੂੰਨੀ ਗਤੀਵਿਧੀਆਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਗਈ।
ਜੇਲ੍ਹ ਅੰਦਰ ਗੈਰਕਾਨੂੰਨੀ ਨੈਟਵਰਕਾਂ ’ਤੇ ਸਖ਼ਤ ਪਹਿਰਾ
ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ, ਨਸ਼ਾ ਤਸਕਰਾਂ ਜਾਂ ਹੋਰ ਅਪਰਾਧਿਕ ਤੱਤਾਂ ਨੂੰ ਕਿਸੇ ਵੀ ਤਰੀਕੇ ਨਾਲ ਬਾਹਰੀ ਸੰਪਰਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਲ੍ਹ ਅੰਦਰ ਅਤੇ ਬਾਹਰ ਦੋਹਾਂ ਪਾਸਿਆਂ ਮਜ਼ਬੂਤ ਪਹਿਰੇਵਾਜ਼ੀ ਅਤੇ ਨਿਗਰਾਨੀ ਪ੍ਰਬੰਧ ਲਾਗੂ ਕੀਤੇ ਗਏ ਹਨ।
ਹਰ ਅਜਿਹੀ ਕਾਰਵਾਈ ਤੋਂ ਬਾਅਦ ਵਿਸਥਾਰਪੂਰਕ ਰਿਪੋਰਟ ਤਿਆਰ ਕਰਕੇ ਕਾਨੂੰਨ ਅਨੁਸਾਰ ਅਗਲੇ ਕਦਮ ਚੁੱਕੇ ਜਾਂਦੇ ਹਨ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਅਪਰਾਧਿਕ ਸਰਗਰਮੀ ਨੂੰ ਜੜ੍ਹ ਤੋਂ ਰੋਕਿਆ ਜਾ ਸਕੇ। ਮੁਕਤਸਰ ਸਾਹਿਬ ਪੁਲਿਸ ਨੇ ਦੋਹਰਾਇਆ ਕਿ ਜਨਤਕ ਸੁਰੱਖਿਆ, ਅਮਨ-ਕਾਨੂੰਨ ਅਤੇ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਗਾਮੀ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਸਰਚ, ਤਲਾਸ਼ੀ ਅਤੇ ਸਖ਼ਤ ਕਾਰਵਾਈਆਂ ਨਿਰੰਤਰ ਜਾਰੀ ਰਹਿਣਗੀਆਂ।